ਸਫਰ ਦੌਰਾਨ ਛੋਟੇ ਬੱਚਿਆਂ ਦੀ ਸੁਰੱਖਿਆ ''ਤੇ ਸਖਤ ਇਟਲੀ ਸਰਕਾਰ, ਲਾਗੂ ਕੀਤੀ ਵਿਸ਼ੇਸ਼ ਸੁਰੱਖਿਆ ਸੀਟ

11/08/2019 6:52:42 PM

ਰੋਮ (ਇਟਲੀ) (ਕੈਂਥ)— ਇਟਲੀ 'ਚ ਕਈ ਅਜਿਹੇ ਕੇਸ ਸਾਹਮਣੇ ਆਏ ਹਨ, ਜਿਨ੍ਹਾਂ 'ਚ ਮਾਪੇ ਅਕਸਰ ਆਪਣੇ ਛੋਟੇ ਬੱਚਿਆਂ ਨੂੰ ਘਰੋਂ ਬਾਹਰ ਲਿਜਾਣ ਸਮੇਂ ਕਾਰ 'ਚ ਬਿਠਾਕੇ ਭੁੱਲ ਜਾਂਦੇ ਹਨ ਤੇ ਆਪ ਮਾਰਕੀਟ ਜਾਂ ਹੋਰ ਦਫ਼ਤਰਾਂ 'ਚ ਕੰਮ ਲਈ ਚਲੇ ਜਾਂਦੇ ਹਨ, ਜਿਸ ਕਾਰਨ ਕਈ ਵਾਰ ਮਾਪਿਆਂ ਦੀ ਇਸ ਗਲਤੀ ਦਾ ਖਮਿਆਜ਼ਾ ਛੋਟੇ ਬੱਚਿਆਂ ਨੂੰ ਆਪਣੀ ਜਾਨ ਗੁਆਕੇ ਭੁਗਤਣਾ ਪੈਂਦਾ ਹੈ।

5 ਸਤੰਬਰ 2019 ਨੂੰ ਇਟਲੀ ਦੀ ਨਵੀਂ ਬਣੀ ਟ੍ਰਾਂਸਪੋਰਟ ਮੰਤਰੀ ਮੈਡਮ ਪਾਓਲਾ ਦਿ ਮੀਕੇਲੀ ਨੇ ਅਜਿਹੀਆਂ ਘਟਨਾਵਾਂ ਨੂੰ ਬਹੁਤ ਹੀ ਬਾਰੀਕੀ ਨਾਲ ਦੇਖਿਆ ਤੇ ਛੋਟੇ ਬੱਚਿਆਂ ਦੀ ਸੁਰੱਖਿਆ ਦੇ ਮੱਦੇ ਨਜ਼ਰ ਗੱਡੀ 'ਚ ਸਫ਼ਰ ਕਰਦਿਆਂ ਮਾਪਿਆਂ ਵੱਲੋਂ ਕੀਤੀਆਂ ਜਾਂ ਰਹੀਆਂ ਅਣ-ਗਹਿਲੀਆਂ ਨੂੰ ਰੋਕਣ ਲਈ ਇਕ ਵਿਸ਼ੇਸ਼ ਇਲੈਕਟ੍ਰੋਨਿਕ ਯੰਤਰ ਵਾਲੀ ਬੱਚਿਆਂ ਵਾਲੀ ਸੀਟ ਨੂੰ ਹੋਂਦ 'ਚ ਲਿਆਂਦਾ, ਜਿਸ ਨੂੰ ਕਿ ਐਂਟੀ ਅਬਨਡੋਨ ਕਾਰ ਸੀਟ ਜਾਂ ਸਾਲਵਾ ਬੇਬੇ ਸੇਦੀਆ ਵਜੋਂ ਜਾਣਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਜਿਹੜੀਆਂ ਛੋਟੇ ਬੱਚਿਆਂ ਨੂੰ ਗੱਡੀਆਂ 'ਚ ਸਫ਼ਰ ਦੌਰਾਨ ਸੀਟਾਂ ਵਰਤੀਆਂ ਜਾਂਦੀਆਂ ਸਨ, ਉਨ੍ਹਾਂ 'ਚ ਅਜਿਹਾ ਕੋਈ ਯੰਤਰ ਨਹੀਂ ਸੀ ਜਿਹੜਾ ਕਿ ਮਾਪਿਆਂ ਨੂੰ ਦੱਸ ਸਕਦਾ ਕਿ ਉਹ ਆਪਣਾ ਬੱਚਾ ਗੱਡੀ 'ਚ ਭੁੱਲ ਗਏ ਹਨ । ਇਟਲੀ ਸਰਕਾਰ ਵਲੋਂ 7 ਨਵੰਬਰ 2019 ਤੋਂ ਲਾਜ਼ਮੀ ਕੀਤੀ 4 ਸਾਲ ਤੱਕ ਦੇ ਬੱਚਿਆਂ ਦੀ ਸੁੱਰਖਿਆ ਵਾਲੀ ਇਹ ਵਿਸ਼ੇਸ਼ ਸੀਟ 'ਤੇ ਸਰਕਾਰ ਵੱਲੋਂ ਖਰੀਦ ਸਮੇਂ 30 ਯੂਰੋ ਦੀ ਵਿਸ਼ੇਸ਼ ਛੋਟ ਵੀ ਦਿੱਤੀ ਜਾ ਰਹੀ ਹੈ। ਇਸ ਸੀਟ ਦੀ ਖਾਸੀਅਤ ਇਹ ਹੈ ਕਿ ਜਦੋਂ ਇਸ ਸੀਟ 'ਚ ਬੱਚਾ ਬਿਠਾਕੇ ਮਾਪੇ ਘਰੋਂ ਬਾਹਰ ਗੱਡੀ 'ਚ ਜਾਣਗੇ ਤਾਂ ਇਸ ਸੀਟ 'ਚ ਮੌਜੂਦ ਵਿਸ਼ੇਸ਼ ਡਿਵਾਈਜ਼ ਐਕਸ਼ਨ 'ਚ ਆ ਜਾਵੇਗਾ। ਜਿਸ ਦਾ ਸੰਪਰਕ ਗੱਡੀ ਚਲਾਉਣ ਵਾਲੇ ਸਖ਼ਸ ਦੇ ਫੋਨ ਨਾਲ ਜੁੜ ਜਾਵੇਗਾ ਤੇ ਜਦੋਂ ਡਰਾਇਵਰ ਗੱਡੀ ਤੋਂ ਦੂਰ ਜਾਵੇਗਾ ਤਾਂ ਉਸ ਦੇ ਫੋਨ 'ਤੇ ਵਿਸ਼ੇਸ਼ ਘੰਟੀ ਵੱਜਣੀ ਸ਼ੁਰੂ ਹੋ ਜਾਵੇਗੀ। ਉਂਝ ਵੀ ਜਦੋਂ ਡਰਾਇਵਰ ਗੱਡੀ 'ਚੋਂ ਬਾਹਰ ਨਿਕਲੇਗਾ ਤਾਂ ਸੀਟ 'ਚੋਂ ਘੰਟੀ ਵੱਜਣ ਲੱਗੇਗੀ, ਜਿਹੜੀ ਕਿ ਉਸ ਨੂੰ ਗੱਡੀ 'ਚ ਬੱਚੇ ਦੀ ਮੌਜੂਦਗੀ ਨੂੰ ਯਾਦ ਕਰਵਾਏਗੀ ।

ਇਟਲੀ ਸਰਕਾਰ ਨੇ ਹਾਲ ਦੀ ਘੜ੍ਹੀ 250 ਹਜ਼ਾਰ ਸੀਟਾਂ ਨੂੰ ਤਿਆਰ ਕੀਤਾ ਹੈ ਪਰ ਸਰਕਾਰ ਨੂੰ ਇਟਲੀ ਭਰ 'ਚ 4 ਸਾਲ ਤੱਕ ਦੇ 18 ਲੱਖ ਛੋਟੇ ਬੱਚਿਆਂ ਦਾ ਫਿਕਰ ਹੈ ਤੇ ਜਲਦ ਹੀ ਹੋਰ ਸੀਟਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ। ਇਟਲੀ ਦੇ ਟ੍ਰੈਫਿਕ ਨਿਯਮਾਂ ਅਨੁਸਾਰ ਜਿਹੜੇ ਲੋਕ ਬੱਚਿਆਂ ਦੀ ਸੁੱਰਖਿਆਂ ਲਈ ਬਣੀ ਇਸ ਵਿਸ਼ੇਸ਼ ਸੀਟ ਦੀ ਵਰਤੋਂ ਨਹੀਂ ਕਰਨਗੇ ਤਾਂ ਉਨ੍ਹਾਂ ਨੂੰ ਧਾਰਾ 172 ਤਹਿਤ 81 ਯੂਰੋ ਤੋਂ 326 ਯੂਰੋ ਤੱਕ ਦੇ ਜੁਰਮਾਨੇ ਦੇ ਨਾਲ ਉਨ੍ਹਾਂ ਦੇ ਲਾਇੰਸਸ ਦੇ 5 ਨੰਬਰ ਵੀ ਕੱਟੇ ਜਾ ਸਕਦੇ ਹਨ। ਜੇਕਰ ਇਸ ਜੁਰਮਾਨੇ ਦਾ ਭੁਗਤਾਨ 5 ਦਿਨਾਂ ਦੇ ਅੰਦਰ ਹੋ ਜਾਂਦਾ ਹੈ ਤਾਂ ਜੁਰਮਾਨਾ ਰਾਸ਼ੀ ਘੱਟ ਸਕਦੀ ਹੈ। ਇਟਲੀ 'ਚ ਰਹਿਣ ਬਸੇਰਾ ਕਰਦੇ ਭਾਰਤੀ ਭਾਈਚਾਰੇ ਦੇ ਉਨ੍ਹਾਂ ਲੋਕਾਂ ਨੂੰ ਇਸ ਖ਼ਬਰ ਵੱਲ ਉਚੇਚਾ ਧਿਆਨ ਦੇਣ ਦੀ ਲੋੜ ਹੈ, ਜਿਨ੍ਹਾਂ ਦੇ ਘਰ 4 ਸਾਲ ਤੋਂ ਛੋਟੇ ਬੱਚੇ ਹਨ।


Baljit Singh

Content Editor

Related News