'ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ' ਨੇ ਬਜ਼ੁਰਗਾਂ ਦੀ ਸਾਂਭ-ਸੰਭਾਲ ਕਰਨ ਵਾਲੀ ਸੰਸਥਾ ਦੀ ਆਰਥਿਕ ਮਦਦ ਕੀਤੀ
Tuesday, Jun 02, 2020 - 07:05 AM (IST)

ਗਲਾਸਗੋ, (ਮਨਦੀਪ ਖੁਰਮੀ ਹਿੰਮਤਪੁਰਾ)- "ਗੁਰੂ ਸਾਹਿਬਾਨਾਂ ਨੇ ਸਾਨੂੰ ਹਮੇਸ਼ਾ ਦਸਵੰਧ ਨੂੰ ਲੋੜਵੰਦਾਂ ਦੀ ਭਲਾਈ ਵਾਸਤੇ ਵਰਤਣ ਦੀ ਮੱਤ ਦਿੱਤੀ ਹੈ। ਜੇ ਅਸੀਂ ਸਚਮੁੱਚ ਹੀ ਗੁਰੂ ਸਾਹਿਬਾਨਾਂ ਦੇ ਪਾਏ ਪੂਰਨਿਆਂ 'ਤੇ ਚੱਲਣਾ ਹੈ ਤਾਂ ਨਿਤਾਣਿਆਂ ਦੇ ਨਾਲ ਥੰਮ੍ਹ ਬਣ ਕੇ ਖੜ੍ਹਨਾ ਸਾਡਾ ਫਰਜ਼ ਬਣਦਾ ਹੈ।", ਉਕਤ ਵਿਚਾਰਾਂ ਦਾ ਪ੍ਰਗਟਾਵਾ ਚੜ੍ਹਦੀ ਕਲਾ ਸਿੱਖ ਆਰਗੇਨਾਈਜੇਸ਼ਨ ਗ੍ਰੇਵਜੈਂਡ ਦੇ ਮੁੱਖ ਸੇਵਾਦਾਰ ਪਰਮਿੰਦਰ ਸਿੰਘ ਮੰਡ ਨੇ ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬਾਨਾਂ ਦੇ ਕਥਨਾਂ ਅੱਗੇ ਸੀਸ ਝੁਕਾਉਂਦੇ ਹੋਏ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਸ਼ਨ ਵਲੋਂ ਬਜ਼ੁਰਗਾਂ ਦੀ ਸੰਭਾਲ ਕਰਨ ਵਾਲੀ ਸੰਸਥਾ 'ਲਰਨਰ ਲਾਇਨ ਹੌਸਪਿੱਸ' ਦੀ ਆਰਥਿਕ ਮਦਦ ਕੀਤੀ ਗਈ ਹੈ।
ਪਰਮਿੰਦਰ ਸਿੰਘ ਮੰਡ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲਰਨਨ ਲਾਇਨ ਸੰਸਥਾ ਇੰਗਲੈਂਡ ਦੀ ਆਪਣੇ-ਆਪ 'ਚ ਇਕ ਅਜਿਹੀ ਸੰਸਥਾ ਹੈ, ਜੋ ਬਜ਼ੁਰਗਾਂ ਦੀ ਸੰਭਾਲ ਕਰਦੀ ਹੈ ਤੇ ਚੜ੍ਹਦੀ ਕਲਾ ਸਿੱਖ ਆਰਗੇਨਾਈਜ਼ੇਨ ਵਲੋਂ ਉਕਤ ਸੰਸਥਾ ਨੂੰ ਗਿਆਰਾਂ ਸੌ ਪੌਂਡ ਦਾ ਚੈੱਕ, ਮਾਸਕ ਅਤੇ ਦਵਾਈਆਂ ਦੇ ਨਾਲ-ਨਾਲ ਖਾਣ-ਪੀਣ ਦਾ ਸਮਾਨ ਵੀ ਭੇਂਟ ਕੀਤਾ ਗਿਆ ਹੈ। ਚੜ੍ਹਦੀ ਕਲਾ ਸੰਸਥਾ ਦੇ ਪ੍ਰਧਾਨ ਸੁਖਬੀਰ ਸਿੰਘ ਸਹੋਤਾ ਨੇ ਸਹਿਯੋਗੀ ਮੈਂਬਰਾਂ ਕੈਸ਼ੀਅਰ ਰਾਜਬਿੰਦਰ ਸਿੰਘ, ਗੁਰਤੇਜ ਸਿੰਘ ਪੰਨੂੰ, ਸਿਕੰਦਰ ਸਿੰਘ ਬਰਾੜ, ਧਨਜੀਤ ਸਿੰਘ, ਪਰਮਜੀਤ ਸਿੰਘ ਸੱਲ੍ਹ, ਅਮਰੀਕ ਸਿੰਘ ਜਵੰਦਾ, ਹਰਭਜਨ ਸਿੰਘ ਤੇ ਗੁਰਦੇਵ ਸਿੰਘ ਹੀਰ ਆਦਿ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸ. ਸਹੋਤਾ ਨੇ ਕਿਹਾ ਕਿ ਇਹੋ ਜਿਹੇ ਕਾਰਜ ਉਦੋਂ ਹੀ ਨੇਪਰੇ ਚੜ੍ਹਦੇ ਹਨ ਜਦੋਂ ਸੰਸਥਾ ਦੇ ਸਮੂਹ ਜੀਅ ਹਰੇਕ ਕਾਰਜ ਨੂੰ ਇਲਾਹੀ ਹੁਕਮ ਮੰਨ ਕੇ ਅੰਜਾਮ ਤੱਕ ਲੈ ਕੇ ਜਾਣ।