ਅਮਰੀਕਾ : ਚੋਣ ਲੜ ਰਹੇ ਉਮੀਦਵਾਰਾਂ ਲਈ ਚੇਅਰਮੈਨ ਜੱਸੀ ਵੱਲੋਂ ਫੰਡ ਰੇਜ਼ਿੰਗ ਡਿਨਰ ਦਾ ਆਯੋਜਨ
Sunday, Sep 25, 2022 - 11:42 AM (IST)
 
            
            ਵਾਸ਼ਿੰਗਟਨ (ਰਾਜ ਗੋਗਨਾ): ਪੰਜਾਬੀ ਖਾਸਕਰ ਸਿੱਖ ਭਾਈਚਾਰੇ ਦੀ ਅੰਤਰਰਾਸ਼ਟਰੀ ਪੱਧਰ ’ਤੇ ਆਵਾਜ਼ ਨੂੰ ਬੁਲੰਦ ਕਰਨ ਵਾਲੇ ਸਿੱਖਸ ਆਫ ਅਮੈਰਿਕਾ ਦੇ ਚੇਅਰਮੈਨ ਸਿੱਖ ਆਗੂ ਸ: ਜਸਦੀਪ ਸਿੰਘ ਜੱਸੀ ਵਲੋਂ ਮੈਰੀਲੈਂਡ ਸਟੇਟ ਦੇ ਗਵਰਨਰ ਦੀ ਚੋਣ ਲੜ ਰਹੇ ਅਤੇ ਪ੍ਰਾਇਮਰੀ ਜਿੱਤ ਚੁੱਕੇ ਮਜ਼ਬੂਤ ਉਮੀਦਵਾਰ ਵੈੱਸ ਮੋਰ ਤੇ ਲੈਫਟੀਨੈਂਟ ਗਵਰਨਰ ਲਈ ਉਮੀਦਵਾਰ ਅਰੂਨਾ ਮਿਲਰ ਲਈ ਆਪਣੇ ਗ੍ਰਹਿ ਮੈਰੀਲੈਂਡ ਵਿਖੇ ਸ਼ਾਨਦਾਰ ਫੰਡ ਰੇਜ਼ਿੰਗ ਦਾ ਆਯੋਜਨ ਕੀਤਾ ਗਿਆ। ਇੱਥੇ ਦੱਸਣਯੋਗ ਹੈ ਕਿ ਜਸਦੀਪ ਸਿੰਘ ਜੱਸੀ ਅਤੇ ਸਾਜਿਦ ਤਰਾਰ ਆਪਣੀਆਂ ਰਾਜਨੀਤਕ ਗਤੀਵਿਧੀਆਂ ਕਰ ਕੇ ਵੀ ਜਾਣੇ ਜਾਂਦੇ ਹਨ ਜੋ ਕਿ ਰਿਪਬਲਿਕਨ ਪਾਰਟੀ ਦੇ ਡੋਨਾਲਡ ਟਰੰਪ ਦੇ ਵੀ ਸਮੱਰਥਕ ਮੰਨੇ ਜਾਂਦੇ ਹਨ।

ਉਹਨਾਂ ਨੇ ਪਾਰਟੀ ਲਾਈਨ ਕਰਾਸ ਕਰ ਕੇ ਡੈਮੋਕ੍ਰੈਟਿਕ ਪਾਰਟੀ ਦੀ ਆਗੂ ਭਾਰਤੀ ਮੂਲ ਦੀ ਅਰੂਨਾ ਮਿਲਰ ਨੂੰ ਜੋ ਕਿ ਲੈਫਟੀਨੈਂਟ ਗਵਰਨਰ ਦੀ ਚੋਣ ਲੜ ਰਹੀ ਹੈ ਨੂੰ ਸਮਰਥਨ ਦਿੱਤਾ ਹੈ। ਉਨਾਂ ਨੇ ਕਿਹਾ ਕਿ ਉਹ ਉਮੀਦਵਾਰ ਵੇਖ ਕੇ ਸਮਰਥਨ ਦਿੰਦੇ ਹਨ ਪਾਰਟੀ ਪੱਧਰ ’ਤੇ ਨਹੀਂ। ਸ੍ਰ. ਜੱਸੀ ਨੇ ਵੈੱਸ ਮੋਰ ਤੋਂ ਮੰਗ ਕੀਤੀ ਕਿ ਜਦੋਂ ਉਹ ਜਿੱਤ ਪ੍ਰਾਪਤ ਕਰਦੇ ਹਨ ਤਾਂ ਆਪਣੇ ਦਫਤਰ ਦੇ ਪ੍ਰਸਾਸ਼ਨ ਵਿਚ ਇਕ ਦਸਤਾਰਧਾਰੀ ਸਿੱਖ ਨੁਮਾਇੰਦੇ ਨੂੰ ਜ਼ਰੂਰ ਸ਼ਾਮਿਲ ਕਰਨ ਅਤੇ ਗਵਰਨਰ ਹਾਊਸ ਵਿਚ ਵਿਸਾਖੀ ਜ਼ਰੂਰ ਮਨਾਈ ਜਾਵੇ। ਉਨਾਂ ਇਹ ਵੀ ਕਿਹਾ ਕਿ ਹਾਲ ਹੀ ਵਿਚ ਸਿੱਖਾਂ 'ਤੇ ਜਾਨਲੇਵਾ ਨਸਲੀ ਹਮਲੇ ਵਧੇ ਹਨ ਅਤੇ ਸਿੱਖ ਬਿਜ਼ਨਸਮੈੱਨ ਵਧ ਰਹੇ ਕਰਾਈਮ ਨੂੰ ਝੱਲ ਰਹੇ ਹਨ, ਜਿਹਨਾਂ ਦੀ ਮਦਦ ਕਰਨੀ ਪ੍ਰਸਾਸ਼ਨ ਦਾ ਫਰਜ਼ ਬਣਦਾ ਹੈ।

ਇਸ ਮੌਕੇ ਦੋਵਾਂ ਉਮੀਦਵਾਰਾਂ ਲਈ 1 ਲੱਖ ਡਾਲਰ ਤੋਂ ਵੱਧ ਦਾ ਫੰਡ ਇਕੱਤਰ ਕੀਤਾ ਗਿਆ। ਇਸ ਮੌਕੇ ਸਾਜਿਦ ਤਰਾਰ ਨੇ ਕਿਹਾ ਕਿ ਸਾਡਾ ਮਕਸਦ ਚੰਗੇ ਉਮੀਦਵਾਰਾਂ ਨੂੰ ਅੱਗੇ ਲਿਆਉਣ ਵਿਚ ਮਦਦ ਕਰਨੀ ਹੈ ਅਤੇ ਦੱਖਣੀ ਏਸ਼ੀਆਈ ਉਮੀਦਵਾਰਾਂ ਦਾ ਸਮਰਥਨ ਕਰਨਾ ਅਸੀਂ ਆਪਣਾ ਫਰਜ਼ ਸਮਝਦੇ ਹਾਂ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ 'ਚ ਗ੍ਰੀਨ ਕਾਰਡ ਦੀ ਪ੍ਰਕਿਰਿਆ ਦੇ ਸਮੇਂ ਨੂੰ ਘਟਾਉਣ 'ਤੇ ਵਿਚਾਰ, ਭਾਰਤੀਆਂ ਨੂੰ ਹੋਵੇਗਾ ਫ਼ਾਇਦਾ
ਇਸ ਮੌਕੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਮੈਰੀਲੈਂਡ ਦੇ ਸੰਭਾਵੀ ਗਵਰਨਰ ਵੈੱਸ ਮੋਰ ਨੇ ਕਿਹਾ ਕਿ ਜਸਦੀਪ ਸਿੰਘ ਜੱਸੀ ਨੇ ਜੋ ਵੀ ਮੰਗਾਂ ਮੇਰੇ ਧਿਆਨ ਵਿਚ ਲਿਆਂਦੀਆਂ ਹਨ ਉਹ ਸਾਰੀਆਂ ਹੀ ਮੰਨੀਆਂ ਜਾਣਗੀਆਂ। ਇਕ ਦਸਤਾਰਧਾਰੀ ਨੁਮਾਇੰਦਾ ਵੀ ਗਵਰਨਰ ਹਾਊਸ ਦੇ ਪ੍ਰਸਾਸ਼ਨ ਵਿਚ ਸ਼ਾਮਿਲ ਕੀਤਾ ਜਾਵੇਗਾ, ਵਿਸਾਖੀ ਵੀ ਮਨਾਈ ਜਾਇਆ ਕਰੇਗੀ ਅਤੇ ਸਿੱਖ ਭਾਈਚਾਰੇ ਨੂੰ ਸੁਰੱਖਿਆ ਦੇਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣਗੇ। ਇਸ ਫੰਡ ਰੇਜ਼ਿੰਗ ਡਿਨਰ ਵਿਚ ਵੱਡੀ ਗਿਣਤੀ ’ਚ ਲੋਕ ਆਏ ਅਤੇ ਬਾਲੀਟਮੋਰ ਤੋਂ ਵੀ ਵੱਖ-ਵੱਖ ਗੁਰਦੁਆਰਾ ਸਾਹਿਬਾਨ ਤੋਂ ਪ੍ਰਬੰਧਕਾਂ ਨੇ ਆ ਕੇ ਆਪਣਾ ਯੋਗਦਾਨ ਦਿੱਤਾ। ਅੰਤ ਵਿਚ ਸਭ ਮਹਿਮਾਨਾਂ ਅਤੇ ਆਗੂਆਂ ਨੇ ਸਾਂਝੇ ਰੂਪ ਵਿਚ ਡਿਨਰ ਦਾ ਭਰਪੂਰ ਅਨੰਦ ਮਾਣਿਆ।

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            