ਤੁਰਕੀ-ਸੀਰੀਆ ''ਚ ਭੂਚਾਲ: ਲਾਸ਼ਾਂ ਦਫਨਾਉਣ ਲਈ ਨਹੀਂ ਬਚੀ ਥਾਂ, ਹੁਣ ਤੱਕ ਹੋ ਚੁੱਕੀਆਂ ਹਨ 24 ਹਜ਼ਾਰ ਤੋਂ ਵੱਧ ਮੌਤਾਂ

Saturday, Feb 11, 2023 - 10:45 PM (IST)

ਇੰਟਰਨੈਸ਼ਨਲ ਡੈਸਕ : ਤੁਰਕੀ ਅਤੇ ਸੀਰੀਆ 'ਚ ਆਏ ਭੂਚਾਲ ਨੇ ਹੁਣ ਤੱਕ 24,000 ਤੋਂ ਵੱਧ ਲੋਕਾਂ ਨੂੰ ਨਿਗਲ ਲਿਆ ਹੈ। ਮੌਤਾਂ ਦਾ ਸਿਲਸਿਲਾ ਅਜੇ ਵੀ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਤਾਜ਼ਾ ਪੁੱਟੀਆਂ ਗਈਆਂ ਕਬਰਾਂ 'ਚ ਪੱਥਰ ਦੇ ਟੁਕੜੇ ਰੱਖੇ ਗਏ ਹਨ। ਮ੍ਰਿਤਕਾਂ ਦੇ ਕੱਪੜਿਆਂ ਦਾ ਇਕ ਟੁਕੜਾ ਉੱਥੇ ਰੱਖਿਆ ਗਿਆ ਹੈ ਤਾਂ ਜੋ ਪਛਾਣ ਕੀਤੀ ਜਾ ਸਕੇ। ਇਨ੍ਹਾਂ ਕੱਪੜਿਆਂ ਦੇ ਫਟੇ ਹੋਏ ਟੁਕੜੇ ਹਵਾ 'ਚ ਉੱਡ ਰਹੇ ਹਨ। ਬਾਹਰ ਪਿੱਕਅਪ ਟਰੱਕਾਂ ਦੀ ਲਾਈਨ ਲੱਗੀ ਹੋਈ ਹੈ। ਇਨ੍ਹਾਂ ਵਿੱਚ ਲਾਸ਼ਾਂ ਨੂੰ ਇਕ ਦੂਜੇ ਦੇ ਉੱਪਰ ਰੱਖਿਆ ਗਿਆ ਹੈ। ਇਨ੍ਹਾਂ ਸਾਰੀਆਂ ਲਾਸ਼ਾਂ ਨੂੰ ਦਫ਼ਨਾਉਣ ਦੀ ਉਡੀਕ ਕੀਤੀ ਜਾ ਰਹੀ ਹੈ। ਇਹ ਮੰਜ਼ਰ ਹੈ ਤੁਰਕੀ ਦੇ ਗਾਜ਼ੀਅਨਟੇਪ ਸੂਬੇ ਦੇ ਕਬਰਸਤਾਨ ਦਾ, ਜਿੱਥੇ ਲਾਸ਼ਾਂ ਨੂੰ ਦਫ਼ਨਾਉਣ ਲਈ ਥਾਂ ਨਹੀਂ ਬਚੀ ਹੈ। ਜ਼ਿਕਰਯੋਗ ਹੈ ਕਿ ਤੁਰਕੀ ਅਤੇ ਸੀਰੀਆ 'ਚ ਆਏ ਭਿਆਨਕ ਭੂਚਾਲ ਕਾਰਨ ਇੱਥੇ ਕਰੀਬ 24 ਹਜ਼ਾਰ ਲੋਕਾਂ ਦੀ ਜਾਨ ਜਾ ਚੁੱਕੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ ਹੋਇਆ ਫਿਰ ਬੇਇੱਜ਼ਤ, ਜਲ ਸੈਨਾ ਅਭਿਆਸ ਲਈ ਬੁਲਾਏ 110 ਦੇਸ਼ ਪਰ ਆਏ ਸਿਰਫ਼ 7

ਨਹੀਂ ਰੁਕ ਰਿਹਾ ਲਾਸ਼ਾਂ ਮਿਲਣ ਦਾ ਸਿਲਸਿਲਾ

ਤੁਰਕੀ 'ਚ ਬੇਹੱਦ ਖ਼ਤਰਨਾਕ ਭੂਚਾਲ ਦੇ 5 ਦਿਨਾਂ ਬਾਅਦ ਵੀ ਹਾਲਾਤ ਆਮ ਵਾਂਗ ਨਹੀਂ ਹੋ ਪਾਏ ਹਨ। ਜਿਉਂ-ਜਿਉਂ ਬਚਾਅ ਕਾਰਜ ਅੱਗੇ ਵਧ ਰਹੇ ਹਨ, ਮੌਤਾਂ ਦਾ ਅੰਕੜਾ ਵੀ ਵਧਦਾ ਜਾ ਰਿਹਾ ਹੈ। ਕਬਰਿਸਤਾਨ 'ਚ ਲਾਸ਼ਾਂ ਪਹੁੰਚਣ ਦਾ ਸਿਲਸਿਲਾ ਰੁਕਣ ਦਾ ਨਾਂ ਨਹੀਂ ਲੈ ਰਿਹਾ। ਇੱਥੇ ਇਕੋ ਸਮੇਂ 5-5 ਇਮਾਮਾਂ ਦੀ ਡਿਊਟੀ ਲਗਾਈ ਗਈ ਹੈ। ਇਹ ਲੋਕ ਸਮੂਹਿਕ ਅੰਤਿਮ ਸੰਸਕਾਰ ਨੂੰ ਜਲਦੀ ਤੋਂ ਜਲਦੀ ਨਿਪਟਾਉਣ ਵਿੱਚ ਲੱਗੇ ਹੋਏ ਹਨ। ਇਕ ਵਾਰ 'ਚ 10 ਲੋਕਾਂ ਨੂੰ ਦਫ਼ਨਾਇਆ ਜਾ ਰਿਹਾ ਹੈ। ਲਾਸ਼ਾਂ ਆਉਣ ਦਾ ਸਿਲਸਿਲਾ ਰੁਕ ਨਹੀਂ ਰਿਹਾ। ਅਧਿਕਾਰੀ ਤਾਬੂਤ ਦਾ ਪ੍ਰਬੰਧ ਕਰਨ ਵਿੱਚ ਲੱਗੇ ਹੋਏ ਹਨ। ਆਸ-ਪਾਸ ਦੇ ਪਿੰਡਾਂ ਤੋਂ ਵੀ ਮਦਦ ਲਈ ਜਾ ਰਹੀ ਹੈ।

ਇਹ ਵੀ ਪੜ੍ਹੋ : 25 ਸਾਲਾਂ ’ਚ ਆਏ ਕਈ ਜਾਨਲੇਵਾ ਭੂਚਾਲ, ਨਿਗਲ ਗਏ ਲੱਖਾਂ ਲੋਕਾਂ ਦੀ ਜਾਨ, ਪੜ੍ਹੋ ਕਦੋਂ ਤੇ ਕਿੱਥੇ ਹੋਈ ਤਬਾਹੀ

ਦੁੱਖਾਂ ਦਾ ਪਹਾੜ ਬਣ ਗਈ ਜ਼ਿੰਦਗੀ

ਇਸ ਦੇ ਨਾਲ ਹੀ ਭੂਚਾਲ ਤੋਂ ਬਚੇ ਲੋਕਾਂ ਦੀ ਜ਼ਿੰਦਗੀ ਬਹੁਤੀ ਆਸਾਨ ਨਹੀਂ ਰਹਿ ਗਈ ਤੇ ਦੁੱਖਾਂ ਦਾ ਪਹਾੜ ਬਣ ਗਈ ਹੈ। ਉੱਤਰੀ ਸੀਰੀਆ 'ਚ ਬਰਫਬਾਰੀ ਕਾਰਨ ਲੋਕ ਤੰਬੂਆਂ 'ਚ ਰਹਿਣ ਲਈ ਮਜਬੂਰ ਹਨ। ਇੱਥੇ ਵੀ ਖਾਣ-ਪੀਣ ਅਤੇ ਹੋਰ ਜ਼ਰੂਰੀ ਚੀਜ਼ਾਂ ਦੀ ਘਾਟ ਹੈ। ਲੋਕਾਂ ਦਾ ਕਹਿਣਾ ਹੈ ਕਿ ਸਾਡੇ ਕੋਲ ਬਹੁਤ ਘੱਟ ਭੋਜਨ ਬਚਿਆ ਹੈ। ਠੰਡ ਤੋਂ ਬਚਾਅ ਦਾ ਪ੍ਰਬੰਧ ਵੀ ਭਾਰੀ ਹੈ। ਇੱਥੇ ਬਹੁਤ ਘੱਟ ਲੱਕੜ ਬਚੀ ਹੈ, ਜਿਸ ਨੂੰ ਗਰਮੀ ਪ੍ਰਾਪਤ ਕਰਨ ਲਈ ਬਾਲ਼ਿਆ ਜਾ ਸਕਦਾ ਹੈ। ਹੁਣ ਅਸੀਂ ਇਨ੍ਹਾਂ ਸਥਿਤੀਆਂ ਨਾਲ ਕਿਸੇ ਤਰ੍ਹਾਂ ਨਜਿੱਠ ਰਹੇ ਹਾਂ। ਇਸ ਦੇ ਨਾਲ ਹੀ ਲੋਕਾਂ ਨੂੰ ਬਚਾਉਣ ਦਾ ਆਪ੍ਰੇਸ਼ਨ ਵੀ ਜਾਰੀ ਹੈ। ਇਕ 30 ਸਾਲਾ ਵਿਅਕਤੀ ਨੂੰ 100 ਘੰਟਿਆਂ ਬਾਅਦ ਭੂਚਾਲ ਦੇ ਮਲਬੇ 'ਚੋਂ ਕੱਢਿਆ ਗਿਆ ਹੈ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।


Mukesh

Content Editor

Related News