ਸਾਵਧਾਨ ! ਨੌਸਰਬਾਜ਼ ਫ਼ਰਜੀ ਫੋਨ ਕਾਲਾਂ ਰਾਹੀਂ ਮਾਰ ਰਹੇ ਠੱਗੀਆਂ, ਭਾਰਤੀਆਂ ਵੱਲੋਂ ਭਾਰਤੀਆਂ ਦੀ ਲੁੱਟ ਜਾਰੀ

08/01/2020 2:24:35 PM

ਬ੍ਰਿਸਬੇਨ, (ਸੁਰਿੰਦਰਪਾਲ ਸਿੰਘ ਖੁਰਦ)- ਆਸਟ੍ਰੇਲੀਆ ‘ਚ ਕੋਵਿਡ-19 ਮਹਾਂਮਾਰੀ ਕਾਰਨ ਪੈਦਾ ਹੋਈ ਆਰਥਿਕ ਅਨਿਸ਼ਚਿਤਤਾ ਅਤੇ ਮੌਜੂਦਾ ਟੈਕਸ ਸਮੇਂ ਦੌਰਾਨ ਨੌਸਰਬਾਜ਼ਾਂ ਵੱਲੋਂ ਵਿੱਤੀ ਲਾਭ ਲੈਣ ਲਈ ਫਰਜੀ ਫੋਨ ਕਾਲਾਂ ਤਹਿਤ ਲੋਕਾਂ ਦੀ ਲੁੱਟ-ਖਸੁੱਟ ਦਾ ਗੋਰਖ-ਧੰਦਾ ਜਾਰੀ ਹੈ। ਗੌਰਤਲਬ ਹੈ ਕਿ ਪਿਛਲੇ ਕੁੱਝ ਸਾਲਾਂ ‘ਚ ਇਹ ਘਪਲੇਬਾਜ਼ੀ ਵਿਦੇਸ਼ਾਂ ਤੋਂ ਕਾਲ ਕਰਕੇ ਕੀਤੀ ਜਾਂਦੀ ਸੀ ਪਰ ਹੁਣ ਜਾਲ੍ਹਸਾਜ਼ ਇਸ ਨੂੰ ਆਸਟ੍ਰੇਲੀਆ ਦੀ ਧਰਤੀ ਤੋਂ ਹੀ ਅੰਜਾਮ ਦੇ ਰਹੇ ਹਨ ਅਤੇ ਕੁੱਝ ਭਾਰਤੀਆਂ ਵੱਲੋਂ ਆਪਣੇ ਹੀ ਭਾਈਚਾਰੇ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। 40 ਸਾਲਾ ਭਾਰਤੀ ਨੌਜਵਾਨ (ਅਸਥਾਈ ਵੀਜ਼ਾ ਧਾਰਕ) ਨੂੰ ਨੌਸਰਬਾਜ਼ਾਂ ਨੇ ਕਿਹਾ ਕਿ ਉਸ 'ਤੇ ਟੈਕਸ-ਧੋਖਾਧੜੀ ਦੇ ਦੋਸ਼ ਹਨ ਅਤੇ ਜੁਰਮਾਨਾ ਜਲਦ ਨਾ ਭਰਨ ਦੀ ਸੂਰਤ ‘ਚ ਉਸ ਦੀ ਪੀ. ਆਰ. (ਸਥਾਈ ਨਿਵਾਸ) ਲਈ ਵੀਜ਼ਾ ਅਰਜ਼ੀ ਰੱਦ ਅਤੇ ਗ੍ਰਿਫਤਾਰੀ ਸੰਭਵ ਹੈ।

 

ਇਨ੍ਹਾਂ ਨੌਸਰਬਾਜ਼ਾਂ ਨੇ ਗ੍ਰਹਿ ਵਿਭਾਗ ਅਤੇ ਆਸਟ੍ਰੇਲੀਆਈ ਕਰ ਅਧਿਕਾਰੀਆਂ ਦੀ ਨਾਮ 'ਤੇ ਪੀੜਤ ਨੂੰ 3,500 ਡਾਲਰ ਦੀ ਠੱਗੀ ਮਾਰੀ ਹੈ। ਉਸ ਨੇ ਕਿਹਾ ਕਿ ਉਹ ਇਹ ਜਾਣ ਕੇ ‘ਬਹੁਤ ਪਰੇਸ਼ਾਨ’ ਹੈ ਕਿ ਉਨ੍ਹਾਂ ਦੇ ਆਪਣੇ ਭਾਈਚਾਰੇ ਦੇ ਕੁਝ ਕੁ ਲੋਕਾ ਦਾ ਟੋਲਾ ਪੰਜਾਬੀ /ਹਿੰਦੀ ਭਾਸ਼ਾ ‘ਚ ਹੀ ਇਨ੍ਹਾਂ ਘੁਟਾਲਿਆਂ ਨੂੰ ਚਲਾਉਣ ਵਾਲਾ ਹੈ। ਉਹ ਠੱਗੀ ਸਮੇਂ ਬਿਨਾਂ ਫੋਨ ਕਾਲ ਕੱਟਿਆ ਪੈਸੇ ਦੀ ਅਦਾਇਗੀ ਹੋਣ ਤੱਕ ਰਾਬਤਾ ਬਣਾਈ ਰੱਖਦੇ ਹਨ ਤਾਂ ਕਿ ਪੀੜਤ ਸੁਚੇਤ ਨਾ ਹੋ ਸਕੇ। ਉਨ੍ਹਾਂ ਕਿਹਾ ਕਿ ਮੈਂ ਜਾਣਦਾ ਹਾਂ ਕਿ ਲੋਕ ਘੁਟਾਲੇ ਦੇ ਸ਼ਿਕਾਰ ਹੋਏ ਪੀੜਤਾਂ ਦਾ ਮਜ਼ਾਕ ਉਡਾਉਂਦੇ ਹਨ ਪਰ ਇਹ ਮੈਨੂੰ ਆਪਣੀ ਕਹਾਣੀ ਸਾਂਝੀ ਕਰਨ ਤੋਂ ਨਹੀਂ ਰੋਕਦਾ ਕਿਉਂਕਿ ਮੈਂ ਨਹੀਂ ਚਾਹੁੰਦਾ ਕਿ ਕੋਈ ਹੋਰ ਮੇਰੇ ਵਾਂਗ ਘੁਟਾਲੇ ਦਾ ਸ਼ਿਕਾਰ ਹੋਏ। ਉਸ ਵੱਲੋਂ ਦੱਸਿਆ ਗਿਆ ਕਿ ਉਨ੍ਹਾਂ ਅਦਾਇਗੀ ਆਈਟਿਊਨਜ਼ ਗਿਫਟ ਕਾਰਡਾਂ ਰਾਹੀਂ ਕੀਤੀ।

 

ਇੱਕ ਰਾਸ਼ਟਰੀ ਮੀਡੀਆ ਰਿਲੀਜ਼ ‘ਚ ਏ.ਸੀ.ਸੀ.ਸੀ ਦੀ ਡਿਪਟੀ ਚੇਅਰ ਡਿਲਿਆ ਰਿਕਾਰਡ ਨੇ ਆਸਟਰੇਲੀਆ ਦੇ ਲੋਕਾਂ ਨੂੰ ਵਧੇਰੇ ਚੌਕਸ ਰਹਿਣ ਦੀ ਤਾਕੀਦ ਕੀਤੀ ਹੈ। ਕਿਉਂਕਿ, ਟੈਕਸ ਸਮੇਂ ਦੌਰਾਨ ਘੁਟਾਲੇ ਲਗਾਤਾਰ ਵੱਧ ਰਹੇ ਹਨ। ਉਨ੍ਹਾਂ ਸਾਫ਼ ਕਿਹਾ ਕਿ ਸਰਕਾਰੀ ਵਿਭਾਗ ਤੁਹਾਨੂੰ ਕਦੇ ਵੀ ਤੁਰੰਤ ਗ੍ਰਿਫਤਾਰੀ ਦੀ ਧਮਕੀ, ਗੈਰ-ਰਸਮੀ ਭੁਗਤਾਨ ਜਿਵੇਂ ਕਿ ਗਿਫਟ ਕਾਰਡ, ਆਈਟਿਊਨਜ਼ ਕਾਰਡ ਜਾਂ ਨਿੱਜੀ ਬੈਂਕ ਖਾਤੇ ‘ਚ ਸਿੱਧਾ ਭੁਗਤਾਨ ਆਦਿ ਲਈ ਨਹੀਂ ਕਹਿੰਦਾ ਹੈ। ਉਹਨਾਂ ਹੋਰ ਕਿਹਾ ਕਿ ਇਹ ਘਪਲੇਬਾਜ਼ ਫਰਜੀ ਕੰਪਨੀਆਂ ਦੇ ਨਾਮ ਹੇਠ ਅਦਾਇਗੀਆਂ ‘ਚ ਛੂਟ ਕਰਨ ਲਈ ਤੁਹਾਡੇ ਬਿੱਲਾਂ ਦੀ ਮੰਗ ਕਰਦੇ ਹਨ ਅਤੇ ਤੁਹਾਡੀ ਨਿੱਜੀ ਜਾਣਕਾਰੀ ਦੀ ਦੁਰਵਰਤੋਂ ਕਰਕੇ ਖਾਤਿਆਂ ਚੋਂ ਗੈਰਕਨੂੰਨੀ ਢੰਗ ਨਾਲ ਪੈਸੇ ਕਢਾਉਦੇ ਹਨ। ਅੰਕੜਿਆਂ ਮੁਤਾਬਕ ਇਸ ਸਾਲ ‘ਚ ਹੁਣ ਤੱਕ ਹੋਈਆਂ 7,100 ਤੋਂ ਵੱਧ ਰਿਪੋਰਟਾਂ ਵਿੱਚ ਮਿਲੀਅਨ ਡਾਲਰਾ ਤੋਂ ਵੱਧ ਦੀ ਜਾਲ੍ਹਸਾਜ਼ੀ ਦਾ ਖਦਸ਼ਾ ਹੈ।


Lalita Mam

Content Editor

Related News