ਦੱਖਣੀ ਅਫਰੀਕਾ ''ਚ ਕੋਰੋਨਾ ਵਾਇਰਸ ਦੀ ਦਹਿਸ਼ਤ, ਲਪੇਟ ''ਚ ਆ ਰਹੇ 5 ਸਾਲ ਤੋਂ ਘੱਟ ਉਮਰ ਦੇ ਬੱਚੇ
Saturday, Dec 04, 2021 - 03:40 PM (IST)
ਜੋਹਾਨਸਬਰਗ (ਭਾਸ਼ਾ)- ਦੱਖਣੀ ਅਫ਼ਰੀਕਾ ’ਚ ਮਾਹਰਾਂ ਨੇ ਬੱਚਿਆਂ ’ਚ ਕੋਵਿਡ-19 ਦੇ ਵੱਧਦੇ ਮਾਮਲਿਆਂ ’ਤੇ ਚਿੰਤਾ ਪ੍ਰਗਟ ਕੀਤੀ ਹੈ। ਦੇਸ਼ ’ਚ ਸ਼ੁੱਕਰਵਾਰ ਰਾਤ ਤੱਕ ਕੋਰੋਨਾ ਦੇ 16,055 ਨਵੇਂ ਮਾਮਲੇ ਸਾਹਮਣੇ ਆ ਚੁੱਕੇ ਸਨ ਅਤੇ 25 ਪੀੜਤ ਮਰੀਜ਼ਾਂ ਦੀ ਮੌਤ ਹੋ ਚੁੱਕੀ ਸੀ। ਨੈਸ਼ਨਲ ਇੰਸਟੀਚਿਊਟ ਆਫ਼ ਕਮਿਊਨੀਕੇਬਲ ਡੀਸੀਜ਼ (ਐੱਨ. ਆਈ. ਸੀ. ਡੀ.) ਦੀ ਡਾ. ਵਸੀਲਾ ਜਸਤ ਨੇ ਕਿਹਾ ਕਿ ਅਸੀਂ ਦੇਖਿਆ ਹੈ ਕਿ ਪਹਿਲਾਂ ਬੱਚੇ ਕੋਵਿਡ ਮਹਾਮਾਰੀ ਨਾਲ ਇੰਨੇ ਪ੍ਰਭਾਵਿਤ ਨਹੀਂ ਹੋਏ ਸਨ ਅਤੇ ਨਾ ਹੀ ਉਨ੍ਹਾਂ ਨੂੰ ਹਸਪਤਾਲਾਂ ’ਚ ਦਾਖ਼ਲ ਕਰਾਉਣਾ ਪਿਆ ਸੀ। ਉਨ੍ਹਾਂ ਕਿਹਾ ਕਿ ਮਹਾਮਾਰੀ ਦੀ ਤੀਸਰੀ ਲਹਿਰ ’ਚ 5 ਤੋਂ ਘੱਟ ਉਮਰ ਦੇ ਜ਼ਿਆਦਾ ਬੱਚੇ ਹਸਪਤਾਲ ’ਚ ਦਾਖ਼ਲ ਕਰਵਾਏ ਗਏ। ਇਸ ਤੋਂ ਇਲਾਵਾ 15 ਤੋਂ 19 ਸਾਲ ਦੇ ਬੱਚਿਆਂ ਨੂੰ ਵੀ ਹਸਪਤਾਲਾਂ ’ਚ ਦਾਖ਼ਲ ਕਰਵਾਉਣਾ ਪਿਆ।
ਇਹ ਵੀ ਪੜ੍ਹੋ : ਹੁਣ ਤੱਕ 38 ਦੇਸ਼ਾਂ ’ਚ ਫੈਲਿਆ ਕੋਰੋਨਾ ਦਾ ਨਵਾਂ ਵੇਰੀਐਂਟ ਓਮੀਕਰੋਨ, ਮੌਤ ਦਾ ਕੋਈ ਮਾਮਲਾ ਨਹੀਂ : WHO
ਡਾ. ਜਸਤ ਨੇ ਕਿਹਾ, 'ਹੁਣ ਚੌਥੀ ਲਹਿਰ ਦੀ ਸ਼ੁਰੂਆਤ ਵਿਚ ਹਰ ਉਮਰ ਵਰਗ ਵਿਚ ਮਾਮਲੇ ਤੇਜ਼ੀ ਨਾਲ ਵਧੇ ਹਨ ਪਰ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ’ਚ ਖ਼ਾਸ ਤੌਰ 'ਤੇ ਮਾਮਲੇ ਵਧੇ ਹਨ।' ਜਦਕਿ ਪਹਿਲੀ ਅਤੇ ਦੂਜੀ ਲਹਿਰ ’ਚ ਅਜਿਹਾ ਨਹੀਂ ਸੀ। ਉਨ੍ਹਾਂ ਕਿਹਾ, 'ਹਾਲਾਂਕਿ ਬੱਚਿਆਂ ਵਿਚ ਸੰਕਰਮਣ ਦੇ ਮਾਮਲੇ ਅਜੇ ਵੀ ਸਭ ਤੋਂ ਘੱਟ ਹਨ। ਸਭ ਤੋਂ ਵੱਧ ਮਾਮਲੇ 60 ਸਾਲ ਤੋਂ ਵੱਧ ਉਮਰ ਦੇ ਲੋਕਾਂ ਵਿਚ ਹਨ ਅਤੇ ਉਸ ਤੋਂ ਬਾਅਦ ਸਭ ਤੋਂ ਵੱਧ ਮਾਮਲੇ 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਵਿਚ ਹਨ। 5 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਦੇ ਹਸਪਤਾਲ ਵਿਚ ਦਾਖ਼ਲ ਹੋਣ ਦੇ ਮਾਮਲੇ ਵਧੇ ਹਨ, ਜਦੋਂਕਿ ਪਹਿਲਾਂ ਅਜਿਹਾ ਨਹੀਂ ਸੀ।' ਐੱਨ. ਆਈ. ਸੀ. ਡੀ. ਦੇ ਡਾਕਟਰ ਮਾਇਕਲ ਗਰੂਮ ਨੇ ਕਿਹਾ, 'ਕੋਰੋਨਾ ਦੇ ਵੱਧਦੇ ਮਾਮਲਿਆਂ ਨੂੰ ਧਿਆਨ ’ਚ ਰੱਖਦੇ ਹੋਏ ਇਸ ਨੂੰ ਰੋਕਣ ਦੀ ਜ਼ਰੂਰਤ ਹੈ, ਜਿਸ ’ਚ ਬੱਚਿਆਂ ਲਈ ਵੱਧ ਤੋਂ ਵੱਧ ਬਿਸਤਰੇ ਅਤੇ ਕਰਮਚਾਰੀਆਂ ਨੂੰ ਵਧਾਇਆ ਜਾਵੇ।' ਸਿਹਤ ਮੰਤਰੀ ਜੋਅ ਫਾਹਲਾ ਨੇ ਕਿਹਾ ਕਿ ਦੱਖਣੀ ਅਫ਼ਰੀਕਾ ਦੇ 9 ’ਚੋਂ 7 ਸੂਬਿਆਂ ਸੰਕਰਮਣ ਦੇ ਮਾਮਲੇ ਅਤੇ ਸੰਕਰਮਣ ਦੀ ਦਰ ਵੱਧ ਰਹੀ ਹੈ।
ਇਹ ਵੀ ਪੜ੍ਹੋ : ਅਮਰੀਕਾ ’ਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖ਼ਲ ਹੋਣ ਦੇ ਦੋਸ਼ ’ਚ 3 ਭਾਰਤੀ ਗ੍ਰਿਫ਼ਤਾਰ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।