ਕੋਰੋਨਾ ਆਫ਼ਤ : ਅਮਰੀਕਾ ''ਚ ਮੁੜ ਵਧੇ ਮਾਮਲੇ, ਤਿੰਨ ਹਫ਼ਤਿਆਂ ''ਚ ਹੋਏ ਦੁੱਗਣੇ

07/15/2021 11:42:23 AM

ਵਾਸ਼ਿੰਗਟਨ (ਭਾਸ਼ਾ): ਅਮਰੀਕਾ ਵਿਚ ਕੋਵਿਡ-19 ਦੇ ਮਾਮਲਿਆਂ ਵਿਚ ਗਿਰਾਵਟ ਦੇ ਮਹੀਨਿਆਂ ਬਾਅਦ ਇਕ ਵਾਰ ਵਾਧਾ ਦੇਖਿਆ ਜਾ ਰਿਹਾ ਹੈ। ਪਿਛਲੇ ਤਿੰਨ ਹਫ਼ਤਿਆਂ ਵਿਚ ਰੋਜ਼ਾਨਾ ਨਵੇਂ ਮਾਮਲਿਆਂ ਦੀ ਗਿਣਤੀ ਦੁੱਗਣੀ ਹੁੰਦੀ ਜਾ ਰਹੀ ਹੈ। ਅਜਿਹਾ ਹੋਣ ਦੇ ਪਿੱਛੇ ਦਾ ਕਾਰਨ ਡੈਲਟਾ ਵੈਰੀਐਂਟ, ਟੀਕਾਕਰਨ ਦੀ ਘੱਟ ਦਰ ਅਤੇ ਅਮਰੀਕਾ ਵਿਚ ਆਜ਼ਾਦੀ ਦਿਹਾੜੇ ਮੌਕੇ ਇਕੱਠੀ ਹੋਈ ਭੀੜ ਹੈ।

ਜੌਨਸ ਹਾਪਨਿਕਜ਼ ਯੂਨੀਵਰਸਿਟੀ ਦੇ ਅੰਕੜਿਆਂ ਮੁਤਾਬਕ ਸੋਮਵਾਰ ਨੂੰ ਇਕ ਦਿਨ ਵਿਚ ਇਨਫੈਕਸ਼ਨ ਦੇ ਮਾਮਲਿਆਂ ਦੀ ਗਿਣਤੀ ਵਿਚ 23,600 ਦਾ ਵਾਧਾ ਹੋਇਆ ਜਦਕਿ 23 ਜੂਨ ਨੂੰ ਇਹ 11,300 ਤੱਕ ਸੀ। ਦੋ ਰਾਜਾਂ ਮੇਨ ਅਤੇ ਦੱਖਣ ਡਕੋਟਾ ਵਿਚ ਪਿਛਲੇ ਦੋ ਹਫ਼ਤਿਆਂ ਵਿਚ ਇਨਫੈਕਸ਼ਨ ਦੇ ਮਾਮਲੇ ਵਧੇ ਹਨ। ਵਾਸ਼ਿੰਗਟਨ ਯੂਨੀਵਰਸਿਟੀ ਦੇ ਸੈਂਟ ਲੁਇਸ ਵਿਚ ਸਕੂਲ ਆਫ ਮੈਡੀਸਨ ਦੇ ਛੂਤਕਾਰੀ ਰੋਗ ਪ੍ਰਭਾਵ ਦੇ ਸਹਿ-ਨਿਰਦੇਸ਼ਕ ਡਾਕਟਰ ਬਿੱਲ ਪਾਉਡਰਲੀ ਨੇ ਕਿਹਾ,''ਇਹ ਕੋਈ ਸੰਜੋਗ ਨਹੀਂ ਹੈ ਜਦੋਂ ਆਜ਼ਾਦੀ ਦਿਹਾੜੇ ਦੇ ਵੀਕੈਂਡ ਮਗਰੋਂ ਠੀਕ ਉਸੇ ਸਮੇਂ ਅਸੀਂ ਵੱਧਦੇ ਹੋਏ ਮਾਮਲੇ ਦੇਖ ਰਹੇ ਹਾਂ, ਜਦਕਿ ਸਾਨੂੰ ਅਜਿਹਾ ਹੋਣ ਦੀ ਆਸ ਸੀ।'' 

ਪੜ੍ਹੋ ਇਹ ਅਹਿਮ ਖਬਰ- ਭਾਰਤੀ ਹੁਨਰਮੰਦ ਪੁਰਾਣੀ H-1B ਵੀਜ਼ਾ ਨੀਤੀ ਕਾਰਨ ਕਰ ਰਹੇ ਹਨ ਕੈਨੇਡਾ ਦਾ ਰੁੱਖ਼

ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਮੁਤਾਬਕ, ਜਿਹੜੇ ਪੰਜ ਰਾਜਾਂ ਵਿਚ ਦੋ ਹਫ਼ਤਿਆਂ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਵੱਧ  ਵਧੇ ਹਨ ਉੱਥੇ ਟੀਕਾਕਰਨ ਦੀ ਦਰ ਘੱਟ ਹੈ। ਇਹ ਪੰਜ ਰਾਜ ਮਿਸੌਰੀ (45.9 ਫੀਸਦ), ਅਰਕੰਸਾਸ (43 ਫੀਸਦ), ਨੇਵੇਡਾ (50.9 ਫੀਸਦ) ਲੁਸੀਆਨਾ (39.2 ਫੀਸਦ) ਅਤੇ ਉਟਾਹ (49.5 ਫੀਸਦ) ਹਨ। ਇਨਫੈਕਸ਼ਨ ਦੇ ਮਾਮਲੇ ਵਧਣ ਵਿਚਕਾਰ ਲਾਸ ਏਂਜਲਸ ਕਾਊਂਟੀ ਅਤੇ ਸੈਂਟ ਲੁਇਸ ਜਿਹੀਆਂ ਥਾਵਾਂ 'ਤੇ ਸਿਹਤ ਅਧਿਕਾਰੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਵੀ ਜਨਤਕ ਥਾਵਾਂ 'ਤੇ ਮੁੜ ਮਾਸਕ ਪਾਉਣ ਦੀ ਅਪੀਲ ਕਰ ਰਹੇ ਹਨ। 

ਸ਼ਿਕਾਗੋ ਦੇ ਅਧਿਕਾਰੀਆਂ ਨੇ ਮੰਗਗਲਵਾਰ ਨੂੰ ਐਲਾਨ ਕੀਤਾ ਕਿ ਮਿਸੌਰੀ ਅਤੇ ਅਰਕੰਸਾਸ ਤੋਂ ਆਉਣ ਵਾਲੇ ਉਹਨਾਂ ਲੋਕਾਂ ਨੂੰ 10 ਦਿਨ ਲਈ ਇਕਾਂਤਵਾਸ ਵਿਚ ਰਹਿਣਾ ਹੋਵੇਗਾ ਜਾਂ ਕੋਵਿਡ-19 ਦੀ ਨੈਗੇਟਿਵ ਜਾਂਚ ਰਿਪੋਰਟ ਦਿਖਾਉਣੀ ਹੋਵੇਗੀ, ਜਿਹਨਾਂ ਨੇ ਟੀਕਾ ਨਹੀਂ ਲਗਵਾਇਆ ਹੈ। ਇਸ ਵਿਚਕਾਰ ਮਿਸੀਸਿਪੀ ਵਿਚ ਸਿਹਤ ਵਿਭਾਗ ਨੇ ਵਾਇਰਸ ਅਤੇ ਟੀਕਿਆਂ ਬਾਰੇ ਵੱਧਦੀ ਗਲਤ ਸੂਚਨਾ ਕਾਰਨ ਆਪਣੇ ਫੇਸਬੁੱਕ ਪੇਜ 'ਤੇ ਕੋਵਿਡ-19 ਦੇ ਬਾਰੇ ਪੋਸਟ ਬਲਾਕ ਕਰਨੇ ਸ਼ੁਰੂ ਕਰ ਦਿੱਤੇ ਹਨ। ਮਿਸੀਸਿਪੀ ਦੇ ਅਧਿਕਾਰੀ 65 ਅਤੇ ਉਸ ਨਾਲੋਂ ਵੱਧ ਉਮਰ ਦੇ ਲੋਕਾਂ ਨੂੰ ਘਰਾਂ ਅੰਦਰ ਵੱਡੀਆਂ ਸਭਾਵਾਂ ਤੋਂ ਬਚਣ ਦੀ ਵੀ ਸਲਾਹ ਦੇ ਰਹੇ ਹਨ ਕਿਉਂਕਿ ਪਿਛਲੇ ਤਿੰਨ ਹਫ਼ਤਿਆਂ ਵਿਚ ਹਸਪਤਾਲਾਂ ਵਿਚ ਦਾਖਲ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 150 ਫੀਸਦੀ ਤੱਕ ਵਧੀ ਹੈ। ਲੁਸੀਆਨਾ ਦੇ ਸਿਹਤ ਅਧਿਕਾਰੀ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੇ ਮਾਮਲੇ ਉਹਨਾਂ ਲੋਕਾਂ ਵਿਚ ਜ਼ਿਆਦਾ ਵਧੇ ਹਨ ਜਿਹਨਾਂ ਨੇ ਟੀਕੇ ਨਹੀਂ ਲਗਵਾਏ ਹਨ।

ਨੋਟ- ਅਮਰੀਕਾ 'ਚ ਮੁੜ ਵਧੇ ਮਾਮਲੇ, ਤਿੰਨ ਹਫ਼ਤਿਆਂ 'ਚ ਹੋਏ ਦੁੱਗਣੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News