ਚੀਨ 'ਚ 10 ਦੋਸ਼ੀਆਂ ਨੂੰ ਦਿੱਤੀ ਗਈ ਸ਼ਰੇਆਮ ਫਾਂਸੀ ਦੀ ਸਜ਼ਾ (ਵੀਡੀਓ)
Tuesday, Dec 19, 2017 - 04:29 PM (IST)

ਬੀਜਿੰਗ (ਬਿਊਰੋ)— ਚੀਨ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ 10 ਲੋਕਾਂ ਨੂੰ ਸ਼ਰੇਆਮ ਫਾਂਸੀ 'ਤੇ ਲਟਕਾ ਦਿੱਤਾ ਗਿਆ। ਇਸ ਦ੍ਰਿਸ਼ ਨੂੰ ਦੇਖਣ ਲੋਕਾਂ ਨੂੰ ਖਾਸ ਸੱਦਾ ਦਿੱਤਾ ਗਿਆ। ਦੱਖਣੀ ਚੀਨ ਦੇ ਗੁਆਂਗਡੋਂਗ ਵਿਚ 10 ਦੋਸ਼ੀਆਂ ਨੂੰ ਪਬਲਿਕ ਟਾ੍ਰਇਲ ਦੇ ਬਾਅਦ ਫਾਂਸੀ ਦੀ ਇਹ ਸਜ਼ਾ ਦਿੱਤੀ ਗਈ। 10 ਲੋਕਾਂ ਵਿਚੋਂ 7 ਨੂੰ ਨਸ਼ੀਲੀ ਦਵਾਈਆਂ ਨਾਲ ਸੰਬੰਧਿਤ ਅਪਰਾਧਾਂ ਦੇ ਦੋਸ਼ੀ ਠਹਿਰਾਇਆ ਗਿਆ ਸੀ, ਜਦਕਿ ਬਾਕੀਆਂ ਨੂੰ ਹੱਤਿਆ ਅਤੇ ਲੁੱਟਮਾਰ ਦੇ ਦੋਸ਼ੀ ਪਾਇਆ ਗਿਆ ਸੀ।
ਸਜ਼ਾ ਦੇਣ ਤੋਂ 4 ਦਿਨ ਪਹਿਲਾਂ ਦਿੱਤਾ ਗਿਆ ਸੱਦਾ
ਇਕ ਅੰਗਰੇਜੀ ਅਖਬਾਰ ਮੁਤਾਬਕ ਗੁਆਂਗਡੋਂਗ ਵਿਚ 12 ਦੋਸ਼ੀਆਂ 'ਤੇ ਪਬਲਿਕ ਟ੍ਰਾਇਲ ਚਲਾਇਆ ਗਿਆ। ਦੋਹਾਂ ਪੱਖਾਂ ਦੀਆਂ ਦਲੀਲਾਂ ਸੁਨਣ ਮਗਰੋਂ 10 ਦੋਸ਼ੀਆਂ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ। ਘਟਨਾ ਤੋਂ 4 ਦਿਨ ਪਹਿਲਾਂ ਸਥਾਨਕ ਵਾਸੀਆਂ ਨੂੰ ਸੋਸ਼ਲ ਮੀਡੀਆ 'ਤੇ ਇਕ ਅਧਿਕਾਰਿਕ ਨੋਟਿਸ ਵਿਚ ਸਜ਼ਾ ਵਿਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਗਿਆ ਸੀ। ਦੋਸ਼ੀਆਂ ਨੂੰ ਪੁਲਸ ਦੇ ਟਰੱਕਾਂ ਦੇ ਪਿੱਛੇ ਸਟੇਡੀਅਮ ਵਿਚ ਲਿਆਂਦਾ ਗਿਆ। ਹਰ ਦੋਸ਼ੀ ਨਾਲ ਚਾਰ ਪੁਲਸ ਕਰਮਚਾਰੀ ਮੌਜੂਦ ਸਨ।
ਹਜ਼ਾਰਾਂ ਦੀ ਗਿਣਤੀ ਵਿਚ ਪਹੁੰਚੇ ਲੋਕ
ਦੋਸ਼ੀਆਂ ਨੂੰ ਇਕ ਸਟੇਡੀਅਮ ਵਿਚ ਲਿਜਾਇਆ ਗਿਆ, ਜਿੱਥੇ ਹਜ਼ਾਰਾਂ ਦੀ ਗਿਣਤੀ ਵਿਚ ਲੋਕ ਪਹੁੰਚੇ ਹੋਏ ਸਨ। ਸਕੂਲੀ ਵਿਦਿਆਰਥੀ ਵੀ ਇਸ ਪਬਲਿਕ ਟ੍ਰਾਇਲ ਨੂੰ ਦੇਖਣ ਲਈ ਆਏ ਸਨ। ਫੈਸਲਾ ਕਰਨ ਦੇ ਥੋੜ੍ਹੀ ਦੇਰ ਬਾਅਦ ਹੀ ਦੋਸ਼ੀਆਂ ਨੂੰ ਫਾਂਸੀ 'ਤੇ ਲਟਕਾ ਦਿੱਤਾ ਗਿਆ। ਸਟੇਡੀਅਮ ਵਿਚ ਮੌਜੂਦ ਕਈ ਲੋਕਾਂ ਨੇ ਇਸ ਘਟਨਾ ਨੂੰ ਆਪਣੇ ਕੈਮਰੇ ਵਿਚ ਕੈਦ ਕੀਤਾ, ਜਿਸ ਮਗਰੋਂ ਇਸ ਘਟਨਾ ਦਾ ਇਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ ਹੈ।