‘ਤੀਆਂ ਫਰਿਜ਼ਨੋ ਦੀਆ’ ਨੇ ਲਾਈਆਂ ਰੌਣਕਾਂ, ਪੰਜਾਬੀ ਰੰਗਾਂ ‘ਚ ਸਜਿਆ ਕਾਰਨੀ ਪਾਰਕ
Tuesday, Aug 08, 2023 - 12:55 PM (IST)
ਫਰਿਜ਼ਨੋ (ਗੁਰਿੰਦਰਜੀਤ ਨੀਟਾ ਮਾਛੀਕੇ): ਸੈਂਟਰਲ ਵੈਲੀ ਕੈਲੀਫੋਰਨੀਆਂ ਦੇ ਵਿਚਕਾਰ ਵਸਦਾ ਸ਼ਹਿਰ ਫਰਿਜ਼ਨੋ ਪੰਜਾਬੀਅਤ ਦੀ ਭਰਪੂਰ ਵਸੋਂ ਹੋਣ ਕਰਕੇ ਕਿਸੇ ਜਾਣਕਾਰੀ ਦਾ ਮੁਹਤਾਜ਼ ਨਹੀਂ। ਬੇਸੱਕ ਪੰਜਾਬ ‘ਚੋਂ ਬਹੁਤ ਸਾਰੇ ਤਿਉਹਾਰ ਅਲੋਪ ਹੋ ਰਹੇ ਹਨ। ਪਰ ਇੱਥੇ ਪਿਛਲੇ 27 ਸਾਲਾਂ ਤੋਂ ਵਧੀਕ ਸਮਾਂ ਪਹਿਲਾ ਰਾਜਪਾਲ ਕੌਰ ਬਰਾੜ, ਗੁੱਡੀ ਰਾਣੂ, ਗੁੱਡੀ ਸਿੱਧੂ ਅਤੇ ਹੋਰ ਸਹੇਲੀਆਂ ਨੇ ਸਮੂਹ ਪੰਜਾਬੀ ਔਰਤਾਂ ਨਾਲ ਰਲ ਕੇ ਸ਼ਹਿਰ ਦੀ ਸੰਘਣੀ ਵਸੋਂ ਤੋਂ ਦੂਰ ਖੁਲ੍ਹੇ 'ਕਾਰਨੀ ਪਾਰਕ' ਦੇ ਦਰੱਖਤਾਂ ਦੀ ਸੰਘਣੀ ਛਾਂ ਹੇਠ ਤੀਆਂ ਦੀ ਸੁਰੂਆਤ ਕੀਤੀ ਸੀ, ਜੋ ਅੱਜ ਵੀ ਬਰਕਰਾਰ ਹੈ। ਬੇਸ਼ੱਕ ਅੱਜ ਪਿੱਪਲਾਂ ਜਾਂ ਬਰੋਟਿਆਂ ਦੀ ਪੰਜਾਬ ਵਾਂਗ ਛਾਂ ਨਹੀਂ ਹੈ। ਪਰ ਹੋਰ ਬਹੁਤ ਸੋਹਣੇ ਸੰਘਣੇ ਦਰੱਖਤਾਂ ਦੀ ਛਾਂ ਅਤੇ ਆਪਸੀ ਸੱਭਿਆਚਾਰ ਪ੍ਰਤੀ ਪਿਆਰ ਸਦਕਾ ਅੱਜ ਵੀ ਉਸੇ ਤਰ੍ਹਾਂ ਇਹ ਤੀਆਂ ਪਰੰਪਰਾਗਤ ਤਰੀਕੇ ਨਾਲ ਹਰ ਸਾਲ ਲਗਦੀਆਂ ਹਨ। ਜਿੰਨ੍ਹਾਂ ਵਿੱਚ ਮਰਦਾਂ ਨੂੰ ਆਉਣ ਦੀ ਹਮੇਸ਼ਾ ਹੀ ਮਨਾਹੀ ਹੁੰਦੀ ਹੈ।
ਅੱਜ ਸਾਡੇ ਤਿਉਹਾਰ ਮਨੁੱਖੀ ਜ਼ਿੰਦਗੀ ਸੂਖਮ ਹੋਣ ਕਰਕੇ ਬਾਹਰੀ ਮਹੌਲ ਤੋਂ ਸਟੇਜ਼ 'ਤੇ ਸਿਰਫ ਨੁਮਾਇਸ਼ਨੁਮਾ ਹੀ ਰਹਿ ਗਏ ਹਨ। ਜਿੰਨ੍ਹਾਂ ਨੂੰ ਆਮ ਤੌਰ ‘ਤੇ ਕਮਰਸੀਅਲ ਢੰਗ ਨਾਲ ਮਨਾਇਆ ਜਾਂਦਾ ਹੈ। ਜਿਸ ਵਿੱਚ ਰਿਵਾਇਤਾਂ ਨੂੰ ਛੱਡ ਮੁਨਾਫੇ, ਦਿਖਾਵੇ ਅਤੇ ਪਹਿਰਾਵੇ 'ਤੇ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਹੈ। ਪਰ ਇਹ ਗੱਲ ਬੜੇ ਫਖਰ ਦੀ ਹੈ ਕਿ ਫਰਿਜ਼ਨੋ ਦੀਆਂ “ਕਾਰਨੀ ਪਾਰਕ ਵਾਲੀਆਂ ਤੀਆਂ” ਉਸੇ ਤਰ੍ਹਾਂ ਖੁਲ੍ਹੀਆਂ ਗਰਾਉਂਡਾ ਵਿੱਚ ਪਰੰਪਰਾਗਤ ਤਰੀਕੇ ਲੱਗਦੀਆਂ ਹਨ।
ਜਿੱਥੇ ਵੱਖ-ਵੱਖ ਸ਼ਹਿਰਾਂ ਤੋਂ ਬੀਬੀਆਂ ਭੈਣਾਂ ਰਲ ਆਪਣੇ ਵੱਖ-ਵੱਖ ਗਰੁੱਪਾਂ ਵਿੱਚ ਗੀਤ ਗਾ, ਗਿੱਧੇ ਦੇ ਮੁਕਾਬਲੇ ਦਾ ਭਰਪੂਰ ਮਨੋਰੰਜ਼ਨ ਕਰਦੀਆਂ ਹੋਈਆਂ ਆਪਣੀਆਂ ਸਹੇਲੀਆਂ ਨੂੰ ਵੀ ਮਿਲਦੀਆਂ ਹਨ। ਇਨ੍ਹਾਂ ਤੀਆਂ ਦੌਰਾਨ ਪਾਰਕ ਵਿੱਚ ਪੰਜਾਬੀ ਸੱਭਿਆਚਾਰ ਅਨੁਸਾਰ ਵੱਖ-ਵੱਖ ਗਰੁੱਪਾਂ ਵਿੱਚ ਪੈ ਰਹੇ ਗਿੱਧੇ ਅਤੇ ਬੋਲੀਆਂ ਪੰਜਾਬ ਦੇ ਅਮੀਰ ਵਿਰਸੇ ਨੂੰ ਸਿਰਜ ਇਤਿਹਾਸਕਤਾ ਦਾ ਰੂਪ ਪੇਸ਼ ਕਰ ਰਹੀਆਂ ਸਨ। ਇਸੇ ਤਰ੍ਹਾਂ ਤੀਆਂ ਦੇਖਣ ਅਤੇ ਹਿੱਸਾ ਲੈਣ ਆਈਆਂ ਮੁਟਿਆਰਾਂ ਦੀਆਂ ਰੰਗ-ਬਰੰਗੀਆਂ ਪੁਸ਼ਾਕਾਂ, ਲਹਿੰਗੇ, ਘੱਘਰੇ ਅਤੇ ਗਹਿਣੇ ਇਸ ਤੀਆਂ ਦੀ ਰੌਣਕ ਨੂੰ ਪੰਜਾਬੀਅਤ ਦੇ ਮਹੌਲ ਵਿੱਚ ਹੋਰ ਵੀ ਰੰਗੀਨ ਬਣਾ ਰਹੇ ਸਨ।
ਪੜ੍ਹੋ ਇਹ ਅਹਿਮ ਖ਼ਬਰ-ਘਰ ਤੋਂ ਹੀ ਬੇਦਖਲ ਹੋਣੀ ਸ਼ੁਰੂ ਹੋਈ 'ਅੰਗਰੇਜ਼ੀ', ਸਥਾਨਕ ਭਾਸ਼ਾ ਨੂੰ ਮਹੱਤਵ ਦੇ ਰਹੇ ਯੂਰਪੀ ਦੇਸ਼
ਤੀਆਂ ਦੌਰਾਨ ਰੋਜਾਨਾ ਪ੍ਰਬੰਧਕਾਂ ਵੱਲੋਂ ਸਮਾਪਤੀ 'ਤੇ ਖੁੱਲ੍ਹੇ ਗਿੱਧੇ ਅਤੇ ਬੋਲੀਆਂ ਤੋਂ ਇਲਾਵਾ ਡੀ.ਜੇ. ਦਾ ਵੀ ਪ੍ਰਬੰਧ ਵੀ ਕੀਤਾ ਗਿਆ ਸੀ। ਇੰਨ੍ਹਾਂ ਤੀਆਂ ਦਾ ਮਹੌਲ ਪੰਜਾਬ ਦੇ ਕਿਸੇ ਇਤਿਹਾਸਕ ਮੇਲੇ ਦੀ ਯਾਦ ਕਰਵਾ ਰਿਹਾ ਸੀ। ਅਜੋਕੇ ਸਮੇਂ ਲੋੜ ਹੈ ਅਜਿਹੇ ਤਿਉਹਾਰਾਂ ਨੂੰ ਪਰੰਪਰਾਗਤ ਤਰੀਕੇ ਨਾਲ ਮਨਾਉਣ ਦੀ, ਜਿਸ ਨਾਲ ਆਉਣ ਵਾਲੀ ਨਵੀਂ ਪੀੜ੍ਹੀ ਨੂੰ ਸਹੀ ਢੰਗ ਨਾਲ ਆਪਣੇ ਪਿਛੋਕੜ ਤੋਂ ਜਾਣੂ ਕਰਵਾਉਂਦੇ ਹੋਏ ਜੀਵੰਤ ਰੱਖਿਆ ਜਾ ਸਕੇ। ਇਸ ਸਮੁੱਚੇ ਪ੍ਰੋਗਰਾਮ ਦੀ ਸਫਲਤਾ ਦਾ ਸਿਹਰਾ ਗੁੱਡੀ ਰਾਣੂ, ਰਾਜਪਾਲ ਕੌਰ ਬਰਾੜ, ਰਾਜਿੰਦਰ ਕੌਰ ਢਿੱਲੋ, ਪਰਮਜੀਤ ਕੌਰ ਅਤੇ ਸਮੂੰਹ ਸਹਿਯੋਗੀਆਂ ਨੂੰ ਜਾਂਦਾ ਹੈ। ਜਿੰਨਾਂ ਨੇ ਪੰਜਾਬੀ ਸੱਭਿਆਚਾਰ ਦੀ ਰਿਵਾਇਤ ਨੂੰ ਕਾਇਮ ਰੱਖਦੇ ਹੋਏ ਸਮੂਹ ਪ੍ਰਬੰਧਕਾਂ ਦੇ ਸਹਿਯੋਗ ਨਾਲ ਇਸ ਤੀਆਂ ਇਕੱਠ ਨੂੰ ਯਾਦਗਾਰੀ ਬਣਾਇਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।