ਕਾਰਲੋਸ ਅਲਕਾਰਾਜ਼ ਨੇ ਜੋਕੋਵਿਚ ਨੂੰ ਹਰਾ ਕੇ ਆਸਟ੍ਰੇਲੀਆਈ ਓਪਨ ਜਿੱਤਿਆ
Monday, Feb 02, 2026 - 01:01 AM (IST)
ਵੈਨਕੂਵਰ (ਮਲਕੀਤ ਸਿੰਘ) – ਸਪੇਨ ਦੇ 22 ਸਾਲਾ ਟੈਨਿਸ ਸਿਤਾਰੇ ਕਾਰਲੋਸ ਅਲਕਾਰਾਜ਼ ਨੇ ਆਸਟ੍ਰੇਲੀਆਈ ਓਪਨ ਦਾ ਖਿਤਾਬ ਜਿੱਤ ਕੇ ਇਤਿਹਾਸ ਰਚ ਦਿੱਤਾ ਹੈ। ਫਾਈਨਲ ਮੁਕਾਬਲੇ ਵਿੱਚ ਅਲਕਾਰਾਜ਼ ਨੇ ਅਨੁਭਵੀ ਸਰਬੀਆਈ ਖਿਡਾਰੀ ਨੋਵਾਕ ਜੋਕੋਵਿਚ ਨੂੰ ਹਰਾਕੇ ਕੈਰੀਅਰ ਗ੍ਰੈਂਡ ਸਲੈਮ ਪੂਰਾ ਕੀਤਾ ਅਤੇ ਇਹ ਉਪਲਬਧੀ ਹਾਸਲ ਕਰਨ ਵਾਲਾ ਦੁਨੀਆ ਦਾ ਸਭ ਤੋਂ ਨੌਜਵਾਨ ਪੁਰਸ਼ ਖਿਡਾਰੀ ਬਣ ਗਿਆ।
ਮੈਲਬਰਨ ਵਿੱਚ ਖੇਡੇ ਗਏ ਇਸ ਫਾਈਨਲ ਮੁਕਾਬਲੇ ਦੌਰਾਨ ਅਲਕਾਰਾਜ਼ ਨੇ ਸ਼ਾਨਦਾਰ ਫੁਰਤੀ, ਤਾਕਤ ਅਤੇ ਮਨੋਬਲ ਦਾ ਪ੍ਰਦਰਸ਼ਨ ਕੀਤਾ। ਜੋਕੋਵਿਚ, ਜੋ ਪਹਿਲਾਂ ਮੈਲਬਰਨ ਵਿੱਚ ਖੇਡੇ ਆਪਣੇ ਫਾਈਨਲ ਮੁਕਾਬਲਿਆਂ ਵਿੱਚ ਕਦੇ ਹਾਰਿਆ ਨਹੀਂ ਸੀ, ਇਸ ਵਾਰ ਅਲਕਾਰਾਜ਼ ਦੀ ਤੇਜ਼ ਅਤੇ ਹਮਲਾਵਰ ਖੇਡ ਅੱਗੇ ਟਿਕ ਨਹੀਂ ਸਕਿਆ।
ਇਸ ਜਿੱਤ ਨਾਲ ਅਲਕਾਰਾਜ਼ ਨੇ ਆਪਣੇ ਕੈਰੀਅਰ ਦੇ ਵੱਡੇ ਖਿਤਾਬਾਂ ਦੀ ਗਿਣਤੀ 7 ਕਰ ਲਈ ਹੈ। ਨਾਲ ਹੀ, ਉਸਨੇ ਲਗਭਗ ਇੱਕ ਸਦੀ ਪੁਰਾਣਾ ਰਿਕਾਰਡ ਤੋੜ ਦਿੱਤਾ, 1938 ਵਿੱਚ ਬਣਾਇਆ ਗਿਆ ਸੀ। ਟੈਨਿਸ ਜਗਤ ਵਿੱਚ ਇਸ ਜਿੱਤ ਨੂੰ ਨਵੀਂ ਪੀੜ੍ਹੀ ਦੇ ਖਿਡਾਰੀਆਂ ਦੇ ਦਬਦਬੇ ਦੀ ਸ਼ੁਰੂਆਤ ਵਜੋਂ ਦੇਖਿਆ ਜਾ ਰਿਹਾਂ ਹੈ।
