ਆਸਟ੍ਰੇਲੀਆ : ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਦਰੀ ਨੂੰ ਹੋਈ 6 ਸਾਲਾਂ ਦੀ ਸਜ਼ਾ

3/13/2019 10:39:58 AM

ਮੈਲਬੌਰਨ, (ਏਜੰਸੀ)— ਆਸਟ੍ਰੇਲੀਆ ਦੇ ਕਾਰਡੀਨਲ ਜਾਰਜ ਪੈੱਲ ਨੂੰ ਅਦਾਲਤ ਨੇ 6 ਸਾਲਾਂ ਦੀ ਸਜ਼ਾ ਸੁਣਾਈ ਹੈ। ਜਿਨਸੀ ਸ਼ੋਸ਼ਣ ਦੇ ਦੋਸ਼ਾਂ 'ਚ ਘਿਰੇ ਵੈਟੀਕਨ ਦੇ ਉੱਚ ਅਹੁਦੇ ਵਾਲੇ 77 ਸਾਲਾ ਜਾਰਜ ਪੈੱਲ ਨੂੰ ਬੁੱਧਵਾਰ ਨੂੰ ਸਜ਼ਾ ਸੁਣਾਈ ਗਈ। ਵੈਟੀਕਨ ਸਿਟੀ ਦੇ ਵਿੱਤ ਮੁਖੀ ਅਤੇ ਪੋਪ ਫਰਾਂਸਿਸ ਦੇ ਸਾਬਕਾ ਸਹਿਯੋਗੀ ਪਾਦਰੀ ਜਾਰਜ 'ਤੇ 2015 'ਚ ਜਿਨਸੀ ਸ਼ੋਸ਼ਣ ਸਬੰਧੀ ਦੋਸ਼ ਲੱਗੇ ਸਨ। ਇਨ੍ਹਾਂ ਦੋਸ਼ਾਂ ਕਾਰਨ ਵੈਟੀਕਨ ਦੇ ਅਕਸ 'ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਦੋਸ਼ ਹੈ ਕਿ ਉਸ ਨੇ 1990 ਦੇ ਅਖੀਰ 'ਚ ਦੋ ਬੱਚਿਆਂ ਦਾ ਜਿਨਸੀ ਸ਼ੋਸ਼ਣ ਕੀਤਾ ਸੀ, ਜੋ ਚਰਚ ਵਿਚ ਪ੍ਰਾਰਥਨਾ ਗਾਉਂਦੇ ਸਨ। 2015 'ਚ ਉਨ੍ਹਾਂ ਨੇ ਪੁਲਸ ਸਾਹਮਣੇ ਇਹ ਦਰਦਨਾਕ ਸੱਚ ਦੱਸਣ ਦੀ ਹਿੰਮਤ ਜੁਟਾਈ। ਹਾਲਾਂਕਿ ਇਨ੍ਹਾਂ 'ਚੋਂ ਇਕ ਲੜਕੇ ਦੀ ਮੌਤ ਨਸ਼ੀਲੇ ਪਦਾਰਥਾਂ ਦੀ ਓਵਰਡੋਜ਼ ਕਾਰਨ ਹੋ ਗਈ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਉਨ੍ਹਾਂ ਦਾ ਬੇਟਾ ਪ੍ਰੇਸ਼ਾਨ ਰਹਿੰਦਾ ਸੀ ਜਿਸ ਕਾਰਨ ਉਹ ਨਸ਼ੇ ਕਰਨ ਲੱਗਾ। ਉਹ ਚੁੱਪ ਅਤੇ ਉਦਾਸ ਰਹਿੰਦਾ ਸੀ। ਦੂਜੇ ਲੜਕੇ ਨੇ ਅਦਾਲਤ 'ਚ ਇਸ ਸਬੰਧੀ ਸਬੂਤ ਪੇਸ਼ ਕੀਤੇ। ਆਸਟ੍ਰੇਲੀਆ ਦੇ ਕਾਨੂੰਨ ਮੁਤਾਬਕ ਦੋਹਾਂ ਪੀੜਤ ਲੜਕਿਆਂ ਦੀ ਪਛਾਣ ਗੁਪਤ ਰੱਖੀ ਗਈ ਹੈ।
ਅਦਾਲਤ ਨੇ ਕਿਹਾ ਕਿ ਉਹ ਅਗਲੇ 3 ਸਾਲ ਅਤੇ 8 ਮਹੀਨਿਆਂ ਤਕ ਪੈਰੋਲ ਲਈ ਅਪਲਾਈ ਨਹੀਂ ਕਰ ਸਕੇਗਾ। ਜਦ ਮੈਲਬੌਰਨ 'ਚ ਸਥਿਤ ਵਿਕਟੋਰੀਆ ਕਾਊਂਟੀ ਅਦਾਲਤ ਫੈਸਲਾ ਸੁਣਾ ਰਹੀ ਸੀ ਤਾਂ ਦੋਸ਼ੀ ਜਾਰਜ ਚੁੱਪ ਕਰਕੇ ਖੜ੍ਹਾ ਰਿਹਾ। ਅਦਾਲਤ ਦਾ ਫੈਸਲਾ ਸੁਣਨ ਲਈ ਲਗਭਗ 150 ਲੋਕ ਪੁੱਜੇ ਸਨ। ਇਨ੍ਹਾਂ 'ਚੋਂ ਕਈਆਂ ਦੀ ਮੰਗ ਸੀ ਕਿ ਸਜ਼ਾ ਲੰਬੀ ਹੋਣੀ ਚਾਹਦੀ ਸੀ ਜਦ ਕਿ ਕਈਆਂ ਨੇ ਕਿਹਾ ਕਿ ਉਹ ਫੈਸਲੇ ਤੋਂ ਸੰਤੁਸ਼ਟ ਹਨ।
ਇਕ ਰਿਪੋਰਟ ਮੁਤਾਬਕ 1940 ਤੋਂ ਹੁਣ ਤਕ ਜਿਨਸੀ ਸ਼ੋਸ਼ਣ ਵਿਚ 300 ਪਾਦਰੀਆਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ। ਇਨ੍ਹਾਂ ਅਪਰਾਧਾਂ ਨੂੰ ਬਿਸ਼ਪਾਂ ਵਲੋਂ ਲੁਕਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ ਅਤੇ ਕਈ ਮਾਮਲਿਆਂ 'ਚ ਉਹ ਕਾਮਯਾਬ ਵੀ ਹੋ ਗਏ। ਪਿਛਲੇ ਸਮੇਂ ਦੌਰਾਨ ਕਈ ਬਿਸ਼ਪਾਂ ਦੇ ਅਸਤੀਫੇ ਵੀ ਪੋਪ ਵਲੋਂ ਮਨਜ਼ੂਰ ਕੀਤੇ ਗਏ ਹਨ।