ਕੈਨੇਡਾ 'ਚ ਤਲਵਿੰਦਰ ਪਰਮਾਰ ਦੇ ਸਮਰਥਨ 'ਚ ਕੱਢੀ ਜਾ ਰਹੀ ਕਾਰ ਰੈਲੀ 'ਤੇ ਉੱਠਣ ਲੱਗੇ ਸਵਾਲ
Saturday, Jun 17, 2023 - 12:33 PM (IST)

ਟੋਰਾਂਟੋ- ਕੈਨੇਡਾ ਵਿਚ ਖਾਲਿਸਤਾਨੀ ਤਲਵਿੰਦਰ ਸਿੰਘ ਪਰਮਾਰ ਦੇ ਸਮਰਥਨ ਵਿਚ 25 ਜੂਨ ਨੂੰ ਕੱਢੀ ਜਾ ਰਹੀ ਕਾਰ ਰੈਲੀ ਵਿਵਾਦਾਂ 'ਚ ਘਿਰ ਗਈ ਹੈ। ਇਹ ਰੈਲੀ ਦੁਪਹਿਰ 12:30 ਵਜੇ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਮਾਲਟਨ ਤੋਂ ਸ਼ੁਰੂ ਹੋ ਕੇ ਏਅਰ ਇੰਡੀਆ ਫਲਾਈਟ 182 ਮੈਮੋਰੀਅਲ, ਹੰਬਰ ਬੇ ਪਾਰਕ ਵੈਸਟ, ਟੋਰਾਂਟੋ ਵਿਖੇ ਖ਼ਤਮ ਹੋਵੇਗੀ। ਇਸ ਦੇ ਨਾਲ ਹੀ ਕੈਨੇਡਾ ਨੂੰ ਬੰਬ ਧਮਾਕੇ ਵਿੱਚ "ਭਾਰਤ ਦੀ ਭੂਮਿਕਾ ਦੀ ਜਾਂਚ" ਕਰਨ ਦੀ ਮੰਗ ਵੀ ਕੀਤੀ ਗਈ ਹੈ। ਇਸ ਰੈਲੀ ਨੂੰ ਲੈ ਕੇ ਕੈਨੇਡਾ ਦੇ ਨਿਊਜ਼ ਚੈਨਲ ਸੀਬੀਸੀ ਦੇ ਇਕ ਸਾਬਕਾ ਪੱਤਰਕਾਰ ਨੇ ਆਪਣੇ ਟਵਿਟਰ ਹੈਂਡਲ 'ਤੇ ਸਵਾਲ ਚੁੱਕੇ ਹਨ। ਪੱਤਰਕਾਰ ਨੇ ਇਸ ਸਬੰਧ ਵਿਚ ਕਾਰ ਰੈਲੀ ਦੀ ਪੋਸਟਰ ਸਾਂਝਾ ਕੀਤਾ ਹੈ।
ਪੱਤਰਕਾਰ ਨੇ ਟਵੀਟ ਕਰਦੇ ਹੋਏ ਲਿਖਿਆ, ਕੈਨੇਡਾ ਨੂੰ ਬੰਬ ਧਮਾਕੇ ਵਿੱਚ "ਭਾਰਤ ਦੀ ਭੂਮਿਕਾ ਦੀ ਜਾਂਚ" ਕਰਨ ਦੀ ਮੰਗ ਕਰਨਾ ਪਾਗਲਪਣ ਹੈ ਪਰ ਦਹਾਕਿਆਂ ਦੀ ਜਾਂਚ ਨੇ ਸਾਬਤ ਕੀਤਾ ਕਿ ਭਾਰਤ ਦੀ ਅਜਿਹੀ ਕੋਈ ਭੂਮਿਕਾ ਨਹੀਂ ਸੀ ਅਤੇ ਪਰਮਾਰ ਨੇ ਬੰਬ ਦੀ ਸਾਜ਼ਿਸ਼ ਦੀ ਅਗਵਾਈ ਕੀਤੀ ਸੀ। ਰੈਲੀ ਝੂਠ ਫੈਲਾਉਣ ਬਾਰੇ ਹੈ। ਉਨ੍ਹਾਂ ਅੱਗੇ ਟਵੀਟ ਕਰਦੇ ਹੋਏ ਲਿਖਿਆ, ਏਅਰ ਇੰਡੀਆ ਦੇ ਜਹਾਜ਼ ਨੂੰ ਤਲਵਿੰਦਰ ਪਰਮਾਰ ਨੇ ਬੰਬ ਨਾਲ ਉਡਾਇਆ ਸੀ। ਉਸ ਨੇ ਬਿਨਾਂ ਕਿਸੇ ਕਾਰਨ 329 ਨਿਰਦੋਸ਼ਾਂ ਦਾ ਕਤਲ ਕਰ ਦਿੱਤਾ ਸੀ। ਦੱਸ ਦੇਈਏ ਕਿ 23 ਜੂਨ 1985 ਨੂੰ ਏਅਰ ਇੰਡੀਆ ਫਲਾਈਟ 182 ਨੂੰ ਬੰਬ ਨਾਲ ਉਡਾ ਦਿੱਤਾ ਗਿਆ ਸੀ। ਜਹਾਜ਼ ਮਾਂਟਰੀਅਲ, ਕੈਨੇਡਾ ਤੋਂ ਨਵੀਂ ਦਿੱਲੀ, ਭਾਰਤ (ਉਸ ਸਮੇਂ ਬੰਬਈ ਕਿਹਾ ਜਾਂਦਾ ਸੀ) ਤੱਕ ਅਟਲਾਂਟਿਕ ਮਹਾਸਾਗਰ ਦੇ ਉੱਪਰ ਆਪਣਾ ਰਸਤਾ ਬਣਾਉਣ ਲਈ ਤਿਆਰ ਸੀ। ਸਾਰੇ 329 ਯਾਤਰੀ ਮਾਰੇ ਗਏ ਸਨ, ਜਿਨ੍ਹਾਂ ਵਿੱਚ 268 ਕੈਨੇਡੀਅਨ, 27 ਬ੍ਰਿਟਿਸ਼ ਅਤੇ 24 ਭਾਰਤੀ ਨਾਗਰਿਕ ਸ਼ਾਮਲ ਸਨ।