ਦਫ਼ਤਰ ਤੋਂ ਨਹੀਂ ਘਰੋਂ ਹੀ ਕੰਮ ਕਰਨਾ ਚਾਹੁੰਦੇ ਹਨ 45 ਫੀਸਦੀ ਕੈਨੇਡੀਅਨ
Thursday, Sep 03, 2020 - 04:03 PM (IST)
ਵੈਨਕੁਵਰ- ਕੋਰੋਨਾ ਵਾਇਰਸ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਘਰੋਂ ਕੰਮ ਕਰਨ ਦੀ ਸੁਵਿਧਾ ਦਿੱਤੀ ਗਈ, ਜਿਸ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਹੈ। ਏ. ਡੀ. ਪੀ. ਕੈਨੇਡਾ ਤੇ ਮਾਰੂ ਬਲੂ ਵਲੋਂ ਇਕ ਅਧਿਐਨ ਕੀਤਾ ਗਿਆ, ਜਿਸ ਵਿਚ ਪਤਾ ਲੱਗਾ ਹੈ ਕਿ ਲਗਭਗ 45 ਫੀਸਦੀ ਕਾਮੇ ਘਰੋਂ ਹੀ ਕੰਮ ਕਰਨ ਦੇ ਇੱਛੁਕ ਹਨ। ਉਹ ਅਜੇ ਅਗਲੇ 3-4 ਹੋਰ ਹਫਤੇ ਘਰੋਂ ਹੀ ਕੰਮ ਕਰਨਾ ਚਾਹੁੰਦੇ ਹਨ ਤਾਂ ਕਿ ਉਹ ਸੁਰੱਖਿਅਤ ਰਹਿਣ।
ਭਾਰਤ ਵਰਗੇ ਦੇਸ਼ ਵਿਚ ਬਹੁਤ ਸਾਰੀਆਂ ਫਰਮਾਂ ਘਰੋਂ ਕੰਮ ਕਰਨ ਵਾਲਿਆਂ ਕੋਲੋਂ ਵਾਧੂ ਸਮਾਂ ਕੰਮ ਕਰਵਾਉਂਦੀਆਂ ਹਨ ਤੇ ਬੋਝ ਵਧਾ ਰਹੀਆਂ ਹਨ ਪਰ ਅਜਿਹਾ ਕੈਨੇਡਾ ਵਿਚ ਨਹੀਂ ਹੈ। ਸੋਧਕਾਰ ਹੀਥਰ ਹਾਸਲਾਮ ਦਾ ਕਹਿਣਾ ਹੈ ਕਿ 35 ਸਾਲ ਤੋਂ ਵੱਧ ਉਮਰ ਦੇ ਲੋਕ ਘਰੋਂ ਕੰਮ ਕਰਨਾ ਪਸੰਦ ਕਰ ਰਹੇ ਹਨ।
ਬਹੁਤ ਸਾਰੇ ਲੋਕਾਂ ਦਾ ਕਹਿਣਾ ਹੈ ਕਿ ਉਹ ਘਰੋਂ ਵਧੇਰੇ ਸ਼ਾਂਤੀ ਵਿਚ ਕੰਮ ਕਰਦੇ ਹਨ ਤੇ ਉਨ੍ਹਾਂ ਦੇ ਕੰਮ ਕਰਨ ਦੀ ਸਮਰੱਥਾ ਵੀ ਵਧੀ ਹੈ। ਇਸ ਦੇ ਨਾਲ ਹੀ ਦਫ਼ਤਰ ਜਾਣ ਲਈ ਤਿਆਰ ਹੋਣ ਦੀ ਜ਼ਰੂਰਤ ਨਹੀਂ ਤੇ ਆਵਾਜਾਈ ਦਾ ਸਮਾਂ ਵੀ ਬਚਦਾ ਹੈ। ਹਾਲਾਂਕਿ ਅੱਧੇ ਲੋਕਾਂ ਨੇ ਦੱਸਿਆ ਕਿ ਉਹ ਕੰਮਾਂ 'ਤੇ ਵਾਪਸ ਚਲੇ ਗਏ ਹਨ ਤੇ 18 ਤੋਂ 24 ਸਾਲ ਦੇ ਲੋਕਾਂ ਨੂੰ ਵਰਕਪਲੇਸ ਜਾਂ ਦਫਤਰਾਂ ਵਿਚ ਜਾ ਕੇ ਹੀ ਕੰਮ ਕਰਨਾ ਵਧੇਰੇ ਚੰਗਾ ਲੱਗਦਾ ਹੈ।
ਬ੍ਰਿਟਿਸ਼ ਕੋਲੰਬੀਆ ਅਤੇ ਅਲਬਰਟਾ ਦੇ ਲੋਕ ਪਹਿਲਾਂ ਵਾਂਗ ਹੀ ਕੰਮ ਕਰਨ ਨੂੰ ਤਵੱਜੋ ਦਿੰਦੇ ਹਨ। ਹਾਲਾਂਕਿ ਵੱਡੀ ਗਿਣਤੀ ਵਿਚ ਲੋਕਾਂ ਦੀ ਮੰਗ ਹੈ ਕਿ ਕੰਮ ਵਿਚ ਲਚਕ ਹੋਣੀ ਚਾਹੀਦਾ ਹੈ। ਜੇਕਰ ਕੋਈ ਕਿਸੇ ਦਿਨ ਘਰੋਂ ਕੰਮ ਕਰਨਾ ਚਾਹੁੰਦਾ ਹੈ ਤਾਂ ਉਸ ਨੂੰ ਇਸ ਦੀ ਇਜਾਜ਼ਤ ਮਿਲਣੀ ਚਾਹੀਦੀ ਹੈ।