ਹੁਆਵੇਈ ਅਧਿਕਾਰੀ ਦਾ ਅਮਰੀਕਾ ਨਾਲ ਸਮਝੌਤਾ ਹੋਣ ਦੇ ਬਾਅਦ ਚੀਨ ਨੇ ਕੈਨੇਡੀਅਨ ਨਾਗਰਿਕ ਕੀਤੇ ਰਿਹਾਅ

Saturday, Sep 25, 2021 - 01:56 PM (IST)

ਹੁਆਵੇਈ ਅਧਿਕਾਰੀ ਦਾ ਅਮਰੀਕਾ ਨਾਲ ਸਮਝੌਤਾ ਹੋਣ ਦੇ ਬਾਅਦ ਚੀਨ ਨੇ ਕੈਨੇਡੀਅਨ ਨਾਗਰਿਕ ਕੀਤੇ ਰਿਹਾਅ

ਟੋਰਾਂਟੋ (ਭਾਸ਼ਾ) : ਚੀਨ ਵਿਚ ਜਾਸੂਸੀ ਦੇ ਦੋਸ਼ਾਂ ਵਿਚ ਜੇਲ੍ਹ ਵਿਚ ਬੰਦ 2 ਕੈਨੇਡੀਅਨ ਨਾਗਰਿਕਾਂ ਨੂੰ ਰਿਹਾਅ ਕਰ ਦਿੱਤਾ ਗਿਆ ਹੈ ਅਤੇ ਉਹ ਸਵਦੇਸ਼ ਆਉਣ ਲਈ ਰਵਾਨਾ ਹੋ ਗਏ ਹਨ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇਹ ਐਲਾਨ ਕੀਤਾ। ਇਹ ਐਲਾਨ ਉਦੋਂ ਕੀਤਾ ਗਿਆ ਹੈ ਜਦੋਂ ਕੁੱਝ ਘੰਟੇ ਪਹਿਲਾਂ ਚੀਨ ਦੀ ਸੰਚਾਰ ਖੇਤਰ ਦੀ ਵੱਡੀ ਕੰਪਨੀ ਹੁਆਵੇਈ ਦੀ ਇਕ ਸੀਨੀਅਰ ਕਾਰਜਕਾਰੀ ਅਧਿਕਾਰੀ ਦਾ ਅਮਰੀਕਾ ਦੇ ਨਿਆਂ ਵਿਭਾਗ ਨਾਲ ਇਕ ਸਮਝੌਤਾ ਹੋਇਆ ਅਤੇ ਉਨ੍ਹਾਂ ਦੇ ਤਹਿਤ ਉਨ੍ਹਾਂ ’ਤੇ ਲੱਗੇ ਅਪਰਾਧਕ ਦੋਸ਼ਾਂ ਦਾ ਹੱਲ ਕੱਢ ਲਿਆ ਗਿਆ ਹੈ।

ਇਹ ਵੀ ਪੜ੍ਹੋ: ਵਾਸ਼ਿੰਗਟਨ ਡੀ.ਸੀ. 'ਚ PM ਮੋਦੀ ਦਾ ਤਿੱਖਾ ਵਿਰੋਧ, ਕਿਸਾਨੀ ਅੰਦੋਲਨ ਦੇ ਹੱਕ 'ਚ ਡਟੇ ਪ੍ਰਵਾਸੀ ਭਾਰਤੀ

ਕੈਨੇਡੀਅਨ ਨਾਗਰਿਕ ਮਾਈਕਲ ਕੋਵਰਿਗ ਅਤੇ ਮਾਈਕਲ ਸਪੈਵਰ ਨੂੰ ਦਸੰਬਰ 2018 ਵਿਚ ਚੀਨ ਵਿਚ ਉਸ ਸਮੇਂ ਗ੍ਰਿਫ਼ਤਾਰ ਕੀਤਾ ਗਿਆ ਸੀ, ਜਦੋਂ ਇਸ ਤੋਂ ਪਹਿਲਾਂ ਕੈਨੇਡਾ ਨੇ ਹੁਆਵੇਈ ਦੀ ਮੁੱਖ ਵਿੱਤੀ ਅਧਿਕਾਰੀ ਅਤੇ ਕੰਪਨੀ ਦੇ ਸੰਸਥਾਪਕ ਦੀ ਧੀ ਮੇਂਗ ਵਾਨਝੋਊ ਨੂੰ ਅਮਰੀਕਾ ਦੀ ਹਵਾਲਗੀ ਦੀ ਬੇਨਤੀ ’ਤੇ ਗ੍ਰਿਫ਼ਤਾਰ ਕਰ ਲਿਆ ਸੀ। ਕਈ ਦੇਸ਼ਾਂ ਨੇ ਚੀਨ ਦੇ ਕਦਮ ਨੂੰ ‘ਬੰਧਕ ਬਣਾਉਣ ਦੀ ਰਾਜਨੀਤੀ’ ਕਰਾਰ ਦਿੱਤਾ ਸੀ। ਮੇਂਗ ਨਾਲ ਹੋਏ ਸਮਝੌਤੇ ਤਹਿਤ ਨਿਆਂ ਵਿਭਾਗ ਅਗਲੇ ਸਾਲ ਦੇ ਅੰਤ ਤੱਕ ਉਨ੍ਹਾਂ ਖ਼ਿਲਾਫ਼ ਲਗਾਏ ਧੋਖਾਧੜੀ ਦੇ ਦੋਸ਼ ਖਾਰਜ ਕਰੇਗਾ ਅਤੇ ਇਸ ਦੇ ਬਦਲੇ ਵਿਚ ਮੇਂਗ ਨੇ ਇਹ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਨੇ ਈਰਾਨ ਵਿਚ ਵਪਾਰਕ ਸੌਦਿਆਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕੀਤਾ।

ਇਹ ਵੀ ਪੜ੍ਹੋ: PM ਮੋਦੀ ਅਤੇ ਉਨ੍ਹਾਂ ਦੇ ਜਾਪਾਨੀ ਹਮਰੁਤਬਾ ਨੇ ਸੁਤੰਤਰ, ਖੁੱਲ੍ਹੇ ਹਿੰਦ-ਪ੍ਰਸ਼ਾਂਤ ਲਈ ਜਤਾਈ ਵਚਨਬੱਧਤਾ

ਮੇਂਗ ਦੇ ਜਹਾਜ਼ ਦੇ ਕੈਨੇਡਾ ਤੋਂ ਚੀਨ ਲਈ ਰਵਾਨਾ ਹੋਣ ਦੇ ਕਰੀਬ ਇਕ ਘੰਟੇ ਬਾਅਦ ਟਰੂਡੋ ਨੇ ਸ਼ੁੱਕਰਵਾਰ ਰਾਤ ਨੂੰ ਇਕ ਪ੍ਰੈਸ ਕਾਨਫਰੰਸ ਸੱਦੀ। ਮੇਂਗ ਨਾਲ ਸਮਝੌਤੇ ਨਾਲ ਅਮਰੀਕਾ, ਚੀਨ ਅਤੇ ਕੈਨੇਡਾ ਵਿਚਾਲੇ ਸਾਲਾਂ ਤੋਂ ਚੱਲ ਰਿਹਾ ਵਿਵਾਦ ਖ਼ਤਮ ਹੋ ਗਿਆ ਹੈ। ਮੇਂਗ ਨੂੰ ਦਸੰਬਰ 2018 ਵਿਚ ਵੈਨਕੂਵਰ ਹਵਾਈਅੱਡੇ ’ਤੇ ਗ੍ਰਿਫ਼ਤਾਰ ਕੀਤਾ ਗਿਆ ਸੀ। ਇਹ ਸਮਝੌਤਾ ਉਦੋਂ ਹੋਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ ਅਤੇ ਚੀਨ ਦੇ ਉਨ੍ਹਾਂ ਦੇ ਹਮਰੁਤਬਾ ਸ਼ੀ ਚਿਨਫਿੰਗ ਨੇ ਦੋਵਾਂ ਦੇਸ਼ਾਂ ਵਿਚਾਲੇ ਤਣਾਅ ਘੱਟ ਕਰਨ ਦੀ ਅਪੀਲ ਕੀਤੀ। ਬਾਈਡੇਨ ਨੇ ਇਸ ਹਫ਼ਤੇ ਸੰਯੁਕਤ ਰਾਸ਼ਟਰ ਮਹਾਸਭਾ ਵਿਚ ਕਿਹਾ ਕਿ ਉਨ੍ਹਾਂ ਦਾ ‘ਨਵਾਂ ਸ਼ੀਤ ਯੁੱਧ’ ਸ਼ੁਰੂ ਕਰਨ ਦਾ ਕੋਈ ਇਰਾਦਾ ਨਹੀਂ ਹੈ, ਜਦੋਂਕਿ ਸ਼ੀ ਨੇ ਵਿਸ਼ਵ ਨੇਤਾਵਾਂ ਕਿਹਾ ਕਿ ਦੇਸ਼ਾਂ ਵਿਚਾਲੇ ਵਿਵਾਦਾਂ ਨੂੰ ‘ਗੱਲਬਾਤ ਅਤੇ ਸਹਿਯੋਗ ਜ਼ਰੀਏ ਹੱਲ ਕੀਤੇ ਜਾਣ ਦੀ ਜ਼ਰੂਰਤ ਹੈ।’

ਇਹ ਵੀ ਪੜ੍ਹੋ: UNGA ’ਚ ਬੋਲਿਆ ਭਾਰਤ, ਅੱਗ ਬੁਝਾਉਣ ਵਾਲੇ ਦੇ ਰੂਪ 'ਚ ਪਾਕਿਸਤਾਨ ਲਗਾ ਰਿਹੈ ਅੱਗ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।


author

cherry

Content Editor

Related News