ਕੈਨੇਡੀਅਨ ਸੁਪਰੀਮ ਕੋਰਟ ਦਾ ਫੈਸਲਾ ਲਿਆਇਆ ਕਾਮਿਆਂ ਲਈ ਵੱਡੀ ਖੁਸ਼ਖਬਰੀ
Wednesday, Feb 28, 2018 - 12:46 AM (IST)

ਓਟਾਵਾ—ਕੈਨੇਡਾ ਦੀ ਸੁਪਰੀਮ ਕੋਰਟ ਨੇ ਇਕ ਵੱਡਾ ਫੈਸਲਾ ਸੁਣਾਉਂਦਿਆਂ ਕਿਹਾ ਹੈ ਕਿ ਕੰਮ ਵਾਲੇ ਸਥਾਨ 'ਤੇ ਹਾਦਸੇ ਦੌਰਾਨ ਕਿਸੇ ਕਿਰਤੀ ਦੇ ਜ਼ਖਮੀ ਹੋ ਜਾਣ ਅਤੇ ਸਿਹਤਯਾਬ ਹੋਣ 'ਤੇ ਪਹਿਲਾਂ ਵਾਲੀ ਜ਼ਿੰਮੇਵਾਰੀ ਨਿਭਾਉਣ ਦੇ ਯੋਗ ਨਾ ਰਹਿਣ ਦੀ ਸੂਰਤ 'ਚੈ ਰੁਜ਼ਗਾਰਦਾਤਾ ਦਾ ਫਰਜ਼ ਬਣਦਾ ਹੈ ਕਿ ਉਹ ਕਿਰਤੀ ਨੂੰ ਵਾਜਬ ਰੁਜ਼ਗਾਰ ਮੁਹੱਈਆ ਕਰਵਾਏ। ਅਦਾਲਤ ਦੇ ਇਸ ਫੈਸਲੇ ਨਾਲ ਪ੍ਰਵਾਸੀਆਂ, ਖਾਸ ਤੌਰ 'ਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਭ ਤੋਂ ਜ਼ਿਆਦਾ ਫਾਇਦਾ ਹੋਵੇਗਾ। ਇਹ ਮੁਕਦੱਮਾ ਐਨਲ ਕੈਰਨ ਨਾਂ ਦੇ ਵਿਅਕਤੀ ਵੱਲੋ ਲੜਿਆ ਗਿਆ ਜੋ ਕੰਮ ਦੌਰਾਨ ਜ਼ਖਮੀ ਹੋ ਗਿਆ ਸੀ ਪਰ ਸਿਹਤਯਾਬ ਹੋਣ 'ਤੇ ਰੁਜ਼ਗਾਰਦਾਤਾ ਨੇ ਇਹ ਕਹਿ ਕੇ ਕੰਮ 'ਤੇ ਰੱਖਣ ਤੋਂ ਇਨਕਾਰ ਕਰ ਦਿੱਤਾ ਹੈ ਉਹ ਪਹਿਲਾਂ ਵਾਲਾ ਕੰਮ ਕਰਨ ਦੇ ਸਮਰੱਥ ਨਹੀਂ ਰਿਹਾ। ਕਿਊਬਿਕ ਦੇ ਮੁਆਵਜ਼ੇ ਬੋਰਡ ਨੇ ਐਲਨ ਦੇ ਮਾਮਲੇ 'ਚ ਫੈਸਲਾ ਸੁਣਾਉਂਦਿਆਂ ਕਿਹਾ ਸੀ ਕਿ ਹੋਰ ਜਗ੍ਹਾ ਕੰਮ ਕਰ ਸਕਦਾ ਹੈ ਪਰ ਐਲਨ ਨੇ ਸੁਪਰੀਮ ਕੋਰਟ 'ਚ ਦਲੀਲ ਦਿੱਤੀ ਕਿ ਕੂਹਣੀ ਦੀ ਸੱਟ ਦੇ ਬਾਵਜੂਦ ਰੁਜ਼ਗਾਰਦਾਤਾ ਉਸ ਨੂੰ ਨੌਕਰੀ ਦੇ ਸਕਦੀ ਸੀ ਅਤੇ ਕਿਊਬਿਕ ਦੇ ਮਨੁੱਖੀ ਅਧਿਕਾਰ ਕਾਨੂੰਨ ਅਧੀਨ ਉਹ ਅਜਿਹਾ ਕਰਨ ਲਈ ਪਾਬੰਦ ਵੀ ਸੀ। ਓਨਟਾਰੀਓ 'ਚ ਪਹਿਲਾਂ ਹੀ ਲਾਗੂ ਮਨੁੱਖੀ ਅਧਿਕਾਰ ਕੋਡ ਤਹਿਤ ਜ਼ਖਮੀ ਕਾਮਿਆਂ ਨੂੰ ਮੁੜ ਨੌਕਰੀ 'ਤੇ ਰੱਖਣ ਦਾ ਨਿਯਮ ਹੈ ਪਰ ਉਦਯੋਗਿਕ ਹਾਦਸਿਆਂ ਦੇ ਪੀੜਤਾਂ ਦੀ ਜਥੇਬੰਦੀ ਦੀ ਵਕੀਲ ਮੈਰਿਥ ਯਾਨਨ ਨੇ ਕਿਹਾ ਕਿ ਫੈਸਲੇ ਦੀ ਵੱਖਰੀ ਅਹਿਮੀਅਤ ਹੈ। ਉਨ੍ਹਾਂ ਕਿਹਾ ਕਿ ਅਸੀ ਉਮੀਦ ਕਰਦੇ ਹਾਂ ਕਿ ਵਰਕਪਲੇਸ ਸੇਫਟੀ ਅਤੇ ਇੰਸ਼ੋਰੈਂਸ ਬੋਰਡ ਦੇ ਨਜ਼ਰੀਏ 'ਚ ਇਸ ਫੈਸਲੇ ਨਾਲ ਤਬਦੀਲੀ ਆਵੇਗੀ। ਉਪਰ ਵਰਕਪਲੇਸ ਸੇਫਟੀ ਅਤੇ ਇੰਸ਼ੋਰੈਂਸ ਬੋਰਡ ਦੀ ਤਰਜਮਾਨ ਕ੍ਰਿਸਟੀਨ ਅਰਨੌਟ ਨੇ ਕਿਹਾ ਕਿ ਮਨੁੱਖੀ ਅਧਿਕਾਰ ਕੋਡ ਨੂੰ ਪਹਿਲਾਂ ਹੀ ਨੀਤੀਆਂ ਅਤੇ ਫੈਸਲਿਆਂ 'ਚ ਲਾਗੂ ਕੀਤਾ ਜਾ ਰਿਹਾ ਹੈ। ਓਨਟਾਰੀਓ 'ਚ ਭਾਵੇਂ ਜ਼ਖਮੀ ਕਾਮਿਆਂ ਨੂੰ ਸਿਹਤਯਾਬ ਹੋਣ 'ਤੇ ਕੰਮ 'ਤੇ ਪਰਤਣ 'ਚ ਸਹਿਯੋਗ ਕਰਨ ਦਾ ਨਿਯਮ ਹੈ ਪਰ ਇਹ ਸਿਰਫ 20 ਤੋਂ ਵਧ ਕਿਰਤੀਆਂ ਨਾਲ ਚੱਲ ਰਹੇ ਕੰਮ ਵਾਲੇ ਸਥਾਨਾਂ 'ਤੇ ਲਾਗੂ ਹੁੰਦਾ ਹੈ। ਯਾਨਨ ਨੇ ਕਿਹਾ ਕਿ ਪ੍ਰਵਾਸੀਆਂ ਅਤੇ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਤਾਜ਼ਾ ਫੈਸਲੇ ਦਾ ਬੇਹੱਦ ਫਾਇਦਾ ਹੋਵੇਗਾ ਜਿਨ੍ਹਾਂ ਨੂੰ ਕੰਮ ਦੌਰਾਨ ਸੱਟ-ਫੇਟ ਲੱਗਣ 'ਤੇ ਨੌਕਰੀ ਤੋਂ ਕੱਢ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪ੍ਰਵਾਸੀ ਕਾਮਿਆਂ ਨੂੰ ਅਜਿਹੀ ਸੁਰੱਖਿਆ ਕਦੇ ਨਹੀਂ ਮਿਲੀ ਕਿਉਂਕਿ ਉਨ੍ਹਾਂ ਨੂੰ ਇਕ ਥਾਂ 'ਤੇ ਲਗਾਤਾਰ ਇਕ ਸਾਲ ਕੰਮ ਕਰਨ ਦਾ ਮੌਕਾ ਨਹੀਂ ਮਿਲਦਾ। ਦੱਸਣਯੋਗ ਹੈ ਕਿ 2004 ਤੋਂ 2014 ਦਰਮਿਆਨ ਓਨਟਾਰੀਓ 'ਚ 780 ਕਾਮਿਆਂ ਨੂੰ ਕੰਮ ਵਾਲੇ ਸਥਾਨ 'ਤੇ ਜ਼ਖਮੀ ਹੋਣ ਕਾਰਨ ਆਪਣੇ ਮੁਲਕ ਪਰਤਣਾ ਪਿਆ। 1987 'ਚ ਕੰਮ ਵਾਲੇ ਸਥਾਨ 'ਤੇ ਵਾਪਰੇ ਇਕ ਹਾਦਸੇ ਪਿਛੋ ਜ਼ਖਮੀ ਹੈਮਿਲਟਨ ਦੇ ਕਾਰਲ ਕ੍ਰੇਵਰ ਨੇ ਐਨਲ ਕੈਰਨ ਦੇ ਮਾਮਲੇ 'ਚ ਵਿਚੋਲਗੀ ਕੀਤੀ।