ਕੈਨੇਡਾ: ਲੋਕਾਂ ਨੂੰ ਘਰਾਂ ’ਚ ਰਹਿਣ ਦੇ ਫ਼ਰਮਾਨ ਦੇ ਕੇ ਰਾਜਨੀਤਕ ਅਧਿਕਾਰੀ ਖ਼ੁਦ ਲੈ ਰਹੇ ‘ਜਹਾਜ਼ ਦੇ ਝੂਟੇ’

Saturday, Jan 02, 2021 - 01:33 PM (IST)

ਕੈਨੇਡਾ: ਲੋਕਾਂ ਨੂੰ ਘਰਾਂ ’ਚ ਰਹਿਣ ਦੇ ਫ਼ਰਮਾਨ ਦੇ ਕੇ ਰਾਜਨੀਤਕ ਅਧਿਕਾਰੀ ਖ਼ੁਦ ਲੈ ਰਹੇ ‘ਜਹਾਜ਼ ਦੇ ਝੂਟੇ’

ਟੋਰਾਂਟੋ- ਕੈਨੇਡਾ ਵਿਚ ਕੋਰੋਨਾ ਵਾਇਰਸ ਕਾਰਨ ਪਾਬੰਦੀਆਂ ਸਖ਼ਤ ਕਰ ਦਿੱਤੀਆਂ ਗਈਆਂ ਹਨ ਤੇ ਲੋਕਾਂ ਨੂੰ ਘਰ ਰਹਿਣ ਦੀ ਸਲਾਹ ਦਿੱਤੀ ਜਾ ਰਹੀ ਹੈ ਪਰ ਇਸ ਵਿਚਕਾਰ ਇਹ ਵੀ ਭੇਦ ਖੁੱਲ੍ਹ ਰਹੇ ਹਨ ਕਿ ਕਈ ਸਰਕਾਰੀ ਅਧਿਕਾਰੀ ਤੇ ਮੰਤਰੀ ਚੋਰੀ-ਚੋਰੀ ਛੁੱਟੀਆਂ ਮਨਾਉਣ ਲਈ ਵਿਦੇਸ਼ ਯਾਤਰਾ ਕਰ ਰਹੇ ਹਨ। ਬੀਤੇ ਦਿਨੀਂ ਓਂਟਾਰੀਓ ਦੇ ਖਜ਼ਾਨਾ ਮੰਤਰੀ ਰੋਡ ਫਿਲੀਪ ਨੂੰ ਵੀ ਇਸ ਦੇ ਚੱਲਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇਣਾ ਪਿਆ ਤੇ ਹੁਣ ਹੋਰ ਵੀ ਕਈ ਨਵੇਂ ਨਾਮ ਪਾਬੰਦੀਆਂ ਦੀ ਉਲੰਘਣਾ ਕਰਨ ਵਾਲੀ ਸੂਚੀ ਵਿਚ ਦਰਜ ਹੋ ਰਹੇ ਹਨ। 

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਸਿਹਤ ਅਧਿਕਾਰੀ ਵਾਰ-ਵਾਰ ਲੋਕਾਂ ਨੂੰ ਅਪੀਲਾਂ ਕਰ ਰਹੇ ਹਨ ਕਿ ਕੋਰੋਨਾ ਦੇ ਨਵੇਂ ਸਟ੍ਰੇਨ ਅਤੇ ਮੌਜੂਦਾ ਹਾਲਾਤਾਂ ਨੂੰ ਦੇਖਦੇ ਹੋਏ ਜੇਕਰ ਬਹੁਤ ਜ਼ਰੂਰੀ ਹੋਵੇ ਤਾਂ ਹੀ ਲੋਕ ਵਿਦੇਸ਼ ਜਾਣ ਨਹੀਂ ਤਾਂ ਜਿੰਨਾ ਹੋ ਸਕੇ ਘਰਾਂ ਵਿਚ ਰਹਿ ਕੇ ਸੁਰੱਖਿਅਤ ਰਹਿਣ। ਖਜ਼ਾਨਾ ਮੰਤਰੀ ਦੇ ਇਸ ਕਦਮ ਨਾਲ ਆਮ ਜਨਤਾ ਦਾ ਗੁੱਸਾ ਬਹੁਤ ਵੱਧ ਗਿਆ ਸੀ ਤੇ ਸਵਾਲਾਂ ਦੇ ਘੇਰੇ ਵਿਚ ਓਂਟਾਰੀਓ ਮੁੱਖ ਮੰਤਰੀ ਆ ਗਏ ਸਨ ਤੇ ਉਨ੍ਹਾਂ ਨੇ ਖਜ਼ਾਨਾ ਮੰਤਰੀ ਦਾ ਅਸਤੀਫਾ ਸਵਿਕਾਰ ਕਰਕੇ ਲੋਕਾਂ ਨੂੰ ਸ਼ਾਂਤ ਕੀਤਾ।
 
ਹੁਣ ਖ਼ਬਰਾਂ ਇਹ ਵੀ ਉੱਠ ਰਹੀਆਂ ਹਨ ਕਿ ਐੱਮ. ਐੱਲ. ਏ. ਪਾਟ ਰੇਹਨ ਨੇ ਮੈਕਸੀਕੋ ਦੀ ਯਾਤਰਾ ਕੀਤੀ ਹੈ। ਇਸ ਦੇ ਇਲਾਵਾ ਮਿਊਨਸੀਪਲ ਮਾਮਲਿਆਂ ਦੇ ਮੰਤਰੀ ਟਰੇਸੀ ਅਲਾਰਡ ਵੀ ਹੁਵੇਈ ਵਿਚ ਛੁੱਟੀਆਂ ਮਨਾ ਕੇ ਆਏ ਹਨ। ਅਲਾਰਡ ਨੇ ਇੰਸਟਾਗ੍ਰਾਮ 'ਤੇ ਕ੍ਰਿਸਮਸ ਟ੍ਰੀ ਕੋਲ ਖੜ੍ਹੀ ਹੋ ਕੇ ਲੋਕਾਂ ਨੂੰ ਘਰ ਰਹਿਣ ਦਾ ਸੰਦੇਸ਼ ਦਿੱਤਾ ਸੀ ਜਦਕਿ ਉਹ ਆਪ 19 ਦਸੰਬਰ ਤੋਂ 29 ਦਸੰਬਰ ਤੱਕ ਇੱਥੇ ਨਹੀਂ ਸੀ। ਰੇਹਨ ਦੀ ਫੇਸਬੁੱਕ 'ਤੇ ਮੈਕਸੀਕੋ ਦੀ ਇਕ ਗੁਫਾ ਕੋਲ ਖੜ੍ਹੇ ਹੋ ਕੇ ਕ੍ਰਿਸਮਸ ਦੀਆਂ ਵਧਾਈਆਂ ਦੇਣ ਵਾਲੀ ਤਸਵੀਰ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। 

ਸਿੱਖਿਆ ਮੰਤਰਾਲੇ ਦੇ ਦੋ ਪ੍ਰੈੱਸ ਸਕੱਤਰ ਵੀ ਹੁਵੇਈ ਵਿਚ ਛੁੱਟੀਆਂ ਮਨਾ ਕੇ ਆਏ ਹਨ। ਉਨ੍ਹਾਂ ਨੇ ਹੁਵੇਈ ਦੀ ਬੀਚ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਹਨ। ਖ਼ਬਰ ਫੈਲਣ ਮਗਰੋਂ ਉਨ੍ਹਾਂ ਸੋਸ਼ਲ ਮੀਡੀਆ ਤੋਂ ਤਸਵੀਰਾਂ ਹਟਾ ਦਿੱਤੀਆਂ। 
ਅਲਬਰਟਾ ਦੇ ਮੁੱਖ ਮੰਤਰੀ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਚੀਫ ਆਫ ਸਟਾਫ ਜੇਮਜ਼ ਹੁਕੈਬੇ ਨੇ ਯੂ. ਕੇ. ਦੀ ਯਾਤਰਾ ਕੀਤੀ ਸੀ ਤੇ ਉਹ ਅਮਰੀਕਾ ਤੋਂ ਹੁੰਦੇ ਹੋਏ ਬਾਕਸਿੰਗ ਡੇਅ ਵਾਲੇ ਦਿਨ ਵਾਪਸ ਆ ਗਏ ਹਨ। ਅਲਬਰਟਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਸਟਾਫ਼ ਨੂੰ ਸਖ਼ਤਾਈ ਨਾਲ ਵਿਦੇਸ਼ ਯਾਤਰਾ ਕਰਨ ਤੋਂ ਰੋਕਿਆ ਸੀ। 

ਇਹ ਵੀ ਪੜ੍ਹੋ-ਕੈਨੇਡਾ : ਕੈਲਗਰੀ ਪੁਲਸ ਦੇ ਅਧਿਕਾਰੀ ਨੂੰ ਮਾਰਨ ਦੇ ਦੋਸ਼ 'ਚ ਦੋ ਗ੍ਰਿਫ਼ਤਾਰ

ਮੈਨੀਟੋਬਾ ਤੋਂ ਐੱਨ. ਡੀ. ਪੀ. ਦੇ ਐੱਮ. ਪੀ. ਨਿਕੀ ਆਸ਼ਟਨ ਵੀ ਗ੍ਰੀਸ ਵਿਚ ਆਪਣੇ ਪਰਿਵਾਰ ਨਾਲ ਘੁੰਮਣ ਗਏ ਸਨ। ਹਾਲਾਂਕਿ ਨਿਕੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਯਾਤਰਾ ਬਾਰੇ ਪਹਿਲਾਂ ਦੱਸਿਆ ਹੀ ਨਹੀਂ ਗਿਆ ਸੀ। ਕਿਊਬਿਕ ਦੇ ਲਿਬਰਲ ਐੱਮ. ਐੱਨ. ਏ. ਪੀਅਰ ਆਰਕਾਂਡ ਤੇ ਉਨ੍ਹਾਂ ਦੀ ਪਤਨੀ ਵੀ ਬਾਰਬਾਡੋਸ ਦੀ ਯਾਤਰਾ 'ਤੇ ਗਏ ਹਨ। ਸਸਕੈਚਵਨ ਪਾਰਟੀ ਐੱਮ. ਐੱਲ. ਏ. ਜੋਅ ਹਾਰਗਰੇਵ ਵੀ ਪਾਲਮ ਸਪਰਿੰਗ, ਕੈਲੀਫੋਰਨੀਆ ਘੁੰਮਣ ਗਏ ਹਨ। ਕਿਹਾ ਜਾ ਰਿਹਾ ਹੈ ਕਿ ਜਿਹੜੇ ਅਧਿਕਾਰੀ ਅਜੇ ਵਾਪਸ ਨਹੀਂ ਆਏ, ਉਨ੍ਹਾਂ ਨੂੰ ਕੋਰੋਨਾ ਟੈਸਟ ਕਰਵਾਉਣ ਮਗਰੋਂ 14 ਦਿਨਾਂ ਲਈ ਇਕਾਂਤਵਾਸ ਵਿਚ ਰਹਿਣਾ ਪਵੇਗਾ। ਇਸ ਦੇ ਇਲਾਵਾ ਸਰਕਾਰ ਉਨ੍ਹਾਂ 'ਤੇ ਕੀ ਕਾਰਵਾਈ ਕਰਦੀ ਹੈ, ਇਹ ਵੀ ਦੇਖਣਾ ਬਾਕੀ ਹੈ। 
 

►ਇਸ ਖ਼ਬਰ ਬਾਰੇ ਤੁਹਾਡੀ ਕੀ ਹੈ ਰਾਇ? ਕੁਮੈਂਟ ਬਾਕਸ ਵਿਚ ਦੱਸੋ


author

Lalita Mam

Content Editor

Related News