ਕੈਨੇਡੀਅਨ MP ਚੰਦਰ ਆਰੀਆ ਨੇ ਇੰਦਰਾ ਗਾਂਧੀ ਦੀ ਹੱਤਿਆ ''ਤੇ ਕੱਢੀ ਗਈ ਝਾਂਕੀ ''ਤੇ ਜਤਾਇਆ ਇਤਰਾਜ਼
Saturday, Jun 10, 2023 - 03:12 PM (IST)
ਬਰੈਂਪਟਨ - ਕੈਨੇਡਾ ਦੇ ਬਰੈਂਪਟਨ ਸ਼ਹਿਰ 'ਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਕਤਲ 'ਤੇ ਕੱਢੀ ਗਈ ਝਾਂਕੀ ਨੇ ਨਾ ਸਿਰਫ ਭਾਰਤ ਦੀ ਸਿਆਸਤ ਗਰਮਾ ਦਿੱਤੀ ਹੈ ਸਗੋਂ ਵਿਦੇਸ਼ਾਂ 'ਚ ਵੀ ਖਲਬਲੀ ਮਚਾ ਦਿੱਤੀ ਹੈ। ਖਾਲਿਸਤਾਨੀ ਸਮਰਥਕਾਂ ਦੇ ਇਸ ਕਾਰੇ ਦੀ ਹਰ ਪਾਸੇ ਆਲੋਚਨਾ ਅਤੇ ਨਿੰਦਾ ਹੋ ਰਹੀ ਹੈ। ਕੈਨੇਡੀਅਨ ਅਧਿਕਾਰੀਆਂ ਅਤੇ ਸੰਸਦ ਮੈਂਬਰਾਂ ਨੇ ਵੀ ਇਸ ਦਾ ਵਿਰੋਧ ਕਰਦਿਆਂ ਕਿਹਾ ਕਿ ਕੈਨੇਡਾ ਵਿੱਚ ਹਿੰਸਾ ਲਈ ਕੋਈ ਥਾਂ ਨਹੀਂ ਹੈ।
ਕੈਨੇਡਾ ਦੇ ਸੰਸਦ ਮੈਂਬਰ ਚੰਦਰ ਆਰੀਆ ਨੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ 'ਤੇ ਕੱਢੀ ਗਈ ਝਾਂਕੀ 'ਤੇ ਸਖ਼ਤ ਇਤਰਾਜ਼ ਜਤਾਇਆ ਅਤੇ ਕਿਹਾ ਕਿ ਇਹ ਕੈਨੇਡਾ ਦੇ ਸੱਭਿਆਚਾਰ ਦੇ ਖ਼ਿਲਾਫ਼ ਹੈ। ਉਨ੍ਹਾਂ ਨੇ ਸਾਫ਼-ਸਾਫ਼ ਕਿਹਾ ਕਿ ਖਾਲਿਸਤਾਨੀ ਸਮਰਥਕ ਹੱਦ ਪਾਰ ਕਰ ਗਏ ਹਨ। ਕੈਨੇਡਾ ਸਰਕਾਰ ਨੂੰ ਇਨ੍ਹਾਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਐੱਮ.ਪੀ. ਆਰੀਆ ਨੇ ਕਿਹਾ ਕਿ ਪਹਿਲਾਂ ਵੀ ਕੈਨੇਡਾ ਦੀ ਧਰਤੀ 'ਤੇ ਭਾਰਤ ਵਿਰੋਧੀ ਗਤੀਵਿਧੀਆਂ ਹੁੰਦੀਆਂ ਰਹੀਆਂ ਹਨ। ਉਹ ਸਰਕਾਰ ਨੂੰ ਸੁਚੇਤ ਕਰਦੇ ਰਹੇ ਹਨ। ਉਨ੍ਹਾਂ ਕਿਹਾ ਕਿ ਕੈਨੇਡਾ ਦੀ ਧਰਤੀ 'ਤੇ ਹਿੰਸਾ ਅਤੇ ਅਜਿਹੀਆਂ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਦੀ ਕੈਨੇਡੀਅਨ ਕਾਨੂੰਨ ਕਿਸੇ ਨੂੰ ਵੀ ਇਜਾਜ਼ਤ ਨਹੀਂ ਦਿੰਦਾ। ਕੈਨੇਡਾ 'ਚ ਪਹਿਲਾਂ ਵੀ ਹਿੰਦੂ ਮੰਦਰਾਂ ਅਤੇ ਹਿੰਦੂ ਨੇਤਾਵਾਂ 'ਤੇ ਹਮਲੇ ਹੋ ਚੁੱਕੇ ਹਨ।