ਕੈਨੇਡੀਅਨ ਇੰਮੀਗ੍ਰੇਸ਼ਨ ਅਫਸਰਾਂ ਨੇ ਥਾਂ-ਥਾਂ ਘੇਰੇ ਪ੍ਰਵਾਸੀ, ਕੀਤੀ ਚੈਕਿੰਗ

07/14/2019 8:21:36 PM

ਟੋਰਾਂਟੋ (ਏਜੰਸੀ)- ਇੰਮੀਗ੍ਰੇਸ਼ਨ ਅਫਸਰਾਂ ਵਲੋਂ ਟੋਰਾਂਟੋ ਦੀਆਂ ਗਲੀਆਂ ਵਿਚ ਅਚਾਨਕ ਪ੍ਰਵਾਸੀਆਂ ਨੂੰ ਘੇਰ-ਘੇਰ ਕੇ ਸ਼ਨਾਖਤੀ ਕਾਰਡ ਚੈੱਕ ਕਰਨ ਦੀ ਮੁਹਿੰਮ ਕਾਰਨ ਹੈਰਾਨੀ ਵਾਲਾ ਮਾਹੌਲ ਬਣ ਗਿਆ ਹੈ। ਪ੍ਰਵਾਸੀਆਂ ਦੇ ਹੱਕਾਂ ਲਈ ਸੰਘਰਸ਼ ਕਰਨ ਵਾਲੀਆਂ ਜਥੇਬੰਦੀਆਂ ਨੇ ਤਾਜ਼ਾ ਘਟਨਾਕ੍ਰਮ 'ਤੇ ਚਿੰਤਾ ਪ੍ਰਗਟਾਈ ਹੈ। ਸਿਟੀ ਨਿਊਜ਼ ਦੀ ਰਿਪੋਰਟ ਮੁਤਾਬਕ ਇਕ ਮਹਿਲਾ ਨੇ ਆਪਣੀ ਪਛਾਣ ਗੁਪਤ ਰੱਖਣ 'ਤੇ ਦੱਸਿਆ ਕਿ ਉਸ ਦਾ ਪਿਤਾ ਇਕ ਕਨਵੀਨੀਅੰਸ ਸਟੋਰ 'ਤੇ ਕੋਈ ਚੀਜ਼ ਲੈਣ ਗਿਆ ਤਾਂ ਦੋ ਜਣਿਆਂ ਨੇ ਉਸ ਨੂੰ ਰੋਕਿਆ ਅਤੇ ਇਕ ਪਾਸੇ ਲੈ ਗਏ। ਦੋਹਾਂ ਨੇ ਆਪਣੇ ਆਪ ਨੂੰ ਇੰਮੀਗ੍ਰੇਸ਼ਨ ਅਫਸਰ ਦੱਸਿਆ ਅਤੇ ਆਪਣੇ ਬੈਜ ਦਿਖਾਉਂਦਿਆਂ ਸ਼ਨਾਖਤੀ ਕਾਰਡ ਦੀ ਮੰਗ ਕੀਤੀ। ਮਹਿਲਾ ਦੇ ਪਿਤਾ ਨੇ ਆਪਣਾ ਡਰਾਈਵਿੰਗ ਲਾਇਸੈਂਸ ਪੇਸ਼ ਕਰ ਦਿੱਤਾ ਪਰ ਇਸ ਨਾਲ ਇੰਮੀਗ੍ਰੇਸ਼ਨ ਅਫਸਰਾਂ ਦੀ ਤਸੱਲੀ ਨਾ ਹੋਈ। ਇੰਮੀਗ੍ਰੇਸ਼ਨ ਅਫਸਰਾਂ ਨੇ ਮਹਿਲਾ ਦੇ ਪਿਤਾ ਦੀ ਚਮੜੀ ਦੇ ਰੰਗ ਬਾਰੇ ਵੀ ਟਿੱਪਣੀ ਕੀਤੀ, ਜਿਸ ਮਗਰੋਂ ਇਸ ਘਟਨਾ ਦੀ ਇਤਲਾਹ ਪੁਲਸ ਨੂੰ ਦਿੱਤੀ ਗਈ।

ਸਿਟੀ ਨਿਊਜ਼ ਨੇ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਦੇ ਹਵਾਲੇ ਤੋਂ ਪੁਸ਼ਟੀ ਕੀਤੀ ਕਿ ਪਿਛਲੇ ਦਿਨੀਂ ਵੈਸਟ ਰੋਡ ਅਤੇ ਲਾਰੈਂਸ ਐਵੇਨਿਊ ਇਲਾਕੇ ਵਿਚ ਇੰਮੀਗ੍ਰੇਸ਼ਨ ਅਫਸਰ ਮੌਜੂਦ ਸਨ। ਫਿਰ ਵੀ ਕੈਨੇਡਾ ਬਾਰਡਰ ਸਰਵੀਸਿਜ਼ ਨੇ ਇਹ ਨਹੀਂ ਦੱਸਿਆ ਕਿ ਇੰਮੀਗ੍ਰੇਸ਼ਨ ਅਫਸਰ ਇਲਾਕੇ ਵਿਚ ਕੀ ਕਰ ਰਹੇ ਸਨ ਜਾਂ ਕੀ ਉਨ੍ਹਾਂ ਨੇ ਆਮ ਲੋਕਾਂ ਦੀ ਚੈਕਿੰਗ ਕੀਤੀ। ਸੀ.ਬੀ.ਐਸ.ਏ. ਦੇ ਇਕ ਬੁਲਾਰੇ ਨੇ ਕਿਹਾ ਕਿ ਕਿਸੇ ਮਾਮਲੇ ਬਾਰੇ ਚੱਲ ਰਹੀ ਜਾਂਚ ਦਾ ਵੱਖ-ਵੱਖ ਮਾਮਲਿਆਂ ਦੀ ਪੜਤਾਲ ਦੇ ਤੌਰ-ਤਰੀਕਿਆਂ ਬਾਰੇ ਜਨਤਕ ਤੌਰ 'ਤੇ ਵਿਚਾਰ ਵਟਾਂਦਰਾ ਨਹੀਂ ਕੀਤਾ ਜਾ ਸਕਦਾ। ਪਹਿਲੇ ਬਿਆਨ ਤੋਂ ਕੁਝ ਘੰਟੇ ਬਾਅਦ ਸੀ.ਬੀ.ਐਸ.ਏ. ਨੇ ਦੂਜਾ ਬਿਆਨ ਜਾਰੀ ਕਰਦਿਆਂ ਕਿਹਾ ਕਿ ਮਹਿਕਮੇ ਵਲੋਂ ਗਲੀਆਂ ਵਿਚ ਪ੍ਰਵਾਸੀਆਂ ਦੀ ਚੈਕਿੰਗ ਨਹੀਂ ਕੀਤੀ ਜਾਂਦੀ।

ਦੂਜੇ ਪਾਸੇ ਜਸਟਿਸ ਫਾਰ ਮਾਈਗ੍ਰੈਂਟਸ ਨਾਮੀ ਜਥੇਬੰਦੀ ਦੇ ਕਰਤਾ-ਧਰਤਾ ਕ੍ਰਿਸ ਰਾਮਸਰੂਪ ਨੇ ਦਾਅਵਾ ਕੀਤਾ ਕਿ ਦੱਖਣ-ਪੱਛਮੀ ਓਨਟਾਰੀਓ ਅਤੇ ਵਿੰਡਸਰ-ਅਸੈਕਸ ਇਲਾਕੇ ਵਿਚ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਨਸਲੀ ਆਧਾਰ 'ਤੇ ਪ੍ਰਵਾਸੀਆਂ ਦੀ ਚੈਕਿੰਗ ਕਰਦੀ ਆਈ ਹੈ। ਉਨ੍ਹਾਂ ਦੱਸਿਆ ਕਿ ਇੰਮੀਗ੍ਰੇਸ਼ਨ ਅਫਸਰਾਂ ਵਲੋਂ ਖਾਸ ਤੌਰ 'ਤੇ ਉਨ੍ਹਾਂ ਵੈਨਾਂ ਨੂੰ ਰੋਕਿਆ ਜਾਂਦਾ ਹੈ ਜਿਨ੍ਹਾਂ ਵਿਚ ਕਿਰਤੀ ਆਉਂਦੇ-ਜਾਂਦੇ ਹਨ। ਕ੍ਰਿਸ ਰਾਮਸਰੂਪ ਨੇ ਕਿਹਾ ਕਿ ਸੀ.ਬੀ.ਐਸ.ਏ. ਦੇ ਅਫਸਰ ਗਲੀਆਂ ਵਿਚ ਚੈਕਿੰਗ ਨਹੀਂ ਕਰ ਸਕਦੇ, ਇਹ ਗੈਰ-ਕਾਨੂੰਨੀ ਹੋਵੇਗਾ। ਇੰਮੀਗ੍ਰੇਸ਼ਨ ਖੇਤਰ ਦੇ ਜਾਣਕਾਰਾਂ ਦਾ ਮੰਨਣਾ ਹੈ ਕਿ ਕੈਨੇਡਾ ਬਾਰਡਰ ਸਰਵੀਸਿਜ਼ ਏਜੰਸੀ ਦੀ ਨਿਗਰਾਨੀ ਲਈ ਕੋਈ ਇਕਾਈ ਤਾਇਨਾਤ ਨਾ ਹੋਣ ਕਾਰਨ ਇਸ ਕਿਸਮ ਦੇ ਮਾਮਲੇ ਸਾਹਮਣੇ ਆਉਂਦੇ ਹਨ।


Sunny Mehra

Content Editor

Related News