ਕੈਨੇਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਸ਼ੀਸ਼ੇ ''ਚ ਪਈ ਤਰੇੜ, ਕਰਵਾਈ ਐਮਰਜੈਂਸੀ ਲੈਂਡਿੰਗ

Tuesday, Sep 03, 2019 - 03:31 PM (IST)

ਕੈਨੇਡੀਅਨ ਏਅਰਲਾਈਨਜ਼ ਦੇ ਜਹਾਜ਼ ਦੇ ਸ਼ੀਸ਼ੇ ''ਚ ਪਈ ਤਰੇੜ, ਕਰਵਾਈ ਐਮਰਜੈਂਸੀ ਲੈਂਡਿੰਗ

ਵੈਨਕੂਵਰ (ਏਜੰਸੀ)- ਏਅਰ ਕੈਨੇਡਾ ਦਾ ਜਹਾਜ਼ ਜਿਸ ਨੇ ਸ਼ੰਘਾਈ ਤੋਂ ਵੈਨਕੁਵਰ ਦੀ ਉਡਾਣ ਭਰੀ ਸੀ ਪਰ ਪਾਇਲਟ ਵਾਲੀ ਬਾਰੀ ਦੇ ਸ਼ੀਸ਼ੇ ਵਿਚ ਅਚਾਨਕ ਤਰੇੜ ਪੈ ਗਈ, ਜਿਸ ਕਾਰਨ ਜਹਾਜ਼ ਦੀ ਐਮਰਜੈਂਸੀ ਲੈਂਡਿੰਗ ਟੋਕੀਓ ਵਿਖੇ ਕਰਵਾਉਣੀ ਪਈ। ਘਟਨਾ ਸਮੇਂ ਜਹਾਜ਼ ਵਿਚ 287 ਮੁਸਾਫ਼ਰ ਸਵਾਰ ਸਨ। ਇਸ ਦੀ ਪੁਸ਼ਟੀ ਕੈਨੇਡੀਅਨ ਏਅਰਲਾਈਨ ਨੇ ਐਤਵਾਰ ਨੂੰ ਕੀਤੀ। ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ ਨੇ ਦੱਸਿਆ ਕਿ ਸ਼ੰਘਾਈ ਤੋਂ ਆ ਰਹੇ ਜਹਾਜ਼ ਨੇ ਐਤਵਾਰ ਸਵੇਰੇ 11.40 ਵਜੇ ਉਤਰਨਾ ਸੀ ਪਰ ਇਸ ਤੋਂ ਪਹਿਲਾਂ ਹੀ ਜਹਾਜ਼ ਨੂੰ ਨਾਰੀਤਾ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ।

ਏਅਰ ਕੈਨੇਡਾ ਦੇ ਬੁਲਾਰੇ ਨੇ ਕਿਹਾ ਕਿ ਜਹਾਜ਼ ਦੀਆਂ ਬਾਰੀਆਂ ਦੇ ਸ਼ੀਸ਼ੇ ਦੂਹਰੀ ਪਰਤ ਵਾਲੇ ਹੁੰਦੇ ਹਨ ਅਤੇ ਜਹਾਜ਼ ਨੂੰ ਅਹਿਤਿਆਤ ਵਜੋਂ ਟੋਕੀਓ ਦੇ ਨਾਰੀਤਾ ਹਵਾਈ ਅੱਡੇ ’ਤੇ ਲੈਂਡਿੰਗ ਕਰਵਾਉਣ ਦਾ ਫ਼ੈਸਲਾ ਕੀਤਾ ਗਿਆ। ਬੋਇੰਗ 787 ਜਹਾਜ਼ ਵਿਚ ਸਵਾਰ ਮੁਸਾਫ਼ਰਾਂ ਨੂੰ ਹੋਟਲਾਂ ਵਿਚ ਠਹਿਰਾਇਆ ਗਿਆ, ਜਦੋਂ ਕਿ ਜਹਾਜ਼ ਦੀ ਮੁਰੰਮਤ ਕੀਤੀ ਜਾ ਰਹੀ ਹੈ। ਸ਼ੀਸ਼ੇ ਵਿਚ ਪਈ ਤਰੇੜ ਦੇ ਕਾਰਨਾਂ ਬਾਰੇ ਪਤਾ ਨਹੀਂ ਲੱਗ ਸਕਿਆ ਹੈ ਅਤੇ ਏਅਰ ਕੈਨੇਡਾ ਨੇ ਸਿਰਫ਼ ਐਨਾ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।


author

Sunny Mehra

Content Editor

Related News