ਕੈਨੇਡਾ ''ਚ ਹੋਵੇਗੀ ਵਿਸ਼ਵ ਪੰਜਾਬੀ ਕਾਨਫਰੰਸ, ਤਿਆਰੀਆਂ ਸ਼ੁਰੂ

11/28/2018 11:23:25 AM

ਬਰੈਂਪਟਨ (ਏਜੰਸੀ)— ਕੈਨੇਡਾ 'ਚ ਬਹੁਤ ਸਾਰੇ ਪੰਜਾਬੀ ਰਹਿੰਦੇ ਹਨ ਜੋ ਸਮੇਂ-ਸਮੇਂ 'ਤੇ ਕੋਈ ਨਾ ਕੋਈ ਪ੍ਰੋਗਰਾਮ ਉਲੀਕਦੇ ਰਹਿੰਦੇ ਹਨ। ਇਸ ਦੌਰਾਨ ਭਾਈਚਾਰੇ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ 'ਤੇ ਵਿਚਾਰ ਕਰ ਕੇ ਹੱਲ ਲੱਭਿਆ ਜਾਂਦਾ ਹੈ। ਬਰੈਂਪਟਨ ਵਿੱਚ ਅਗਲੇ ਸਾਲ 28 ਤੋਂ 30 ਜੂਨ ਤਕ ਵਿਸ਼ਵ ਪੰਜਾਬੀ ਕਾਨਫਰੰਸ ਕਰਵਾਈ ਜਾ ਰਹੀ ਹੈ। ਇਹ ਐਲਾਨ ਇੱਥੇ ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ, ਕਲਮ ਫਾਊਂਡੇਸ਼ਨ ਅਤੇ ਫਰੈਂਡਜ਼ ਕਲੱਬ ਓਂਟਾਰੀਓ ਦੇ ਮੈਂਬਰਾਂ ਦੀ ਸਾਂਝੀ ਮੀਟਿੰਗ ਮਗਰੋਂ ਕੀਤਾ ਗਿਆ।
ਜਾਣਕਾਰੀ ਮੁਤਾਬਕ ਕਾਨਫਰੰਸ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਹਨ। ਦੁਨੀਆਂ 'ਚ ਵੱਸਦੇ ਪੰਜਾਬੀਆਂ ਦੀ ਸ਼ਮੂਲੀਅਤ ਲਈ ਪਹਿਲੀ ਦਸੰਬਰ ਤੋਂ ਆਨਲਾਈਨ ਰਜਿਸਟ੍ਰੇਸ਼ਨ ਸ਼ੁਰੂ ਕੀਤੀ ਜਾ ਰਹੀ ਹੈ। ਕਾਨਫਰੰਸ ਵਿੱਚ ਤਿੰਨ ਦਿਨ ਵੱਖ-ਵੱਖ ਸੈਸ਼ਨਾਂ ਦੌਰਾਨ ਪੰਜਾਬੀਆਂ ਨੂੰ ਪੇਸ਼ ਆ ਰਹੀਆਂ ਮੁਸ਼ਕਲਾਂ ਤੇ ਉੁਨ੍ਹਾਂ ਦੇ ਹੱਲ ਬਾਰੇ ਵਿਦਵਾਨਾਂ ਵੱਲੋਂ ਪਰਚੇ ਪੇਸ਼ ਕੀਤੇ ਜਾਣਗੇ। ਇਹ ਸਾਰੇ ਪਰਚੇ ਇਕ ਕਿਤਾਬ ਦੇ ਰੂਪ ਵਿਚ ਪ੍ਰਕਾਸ਼ਤ ਵੀ ਕੀਤੇ ਜਾਣਗੇ।
ਦੋ ਸਾਲ ਪਹਿਲਾਂ ਕਰਵਾਈ ਗਈ ਕਾਨਫਰੰਸ ਵਿਚ ਜ਼ਿੰਦਗੀ 'ਚ ਨੈਤਿਕਤਾ ਦਾ ਵਿਸ਼ਾ ਲਿਆ ਗਿਆ ਸੀ। ਉਪਰੰਤ ਨੈਤਿਕਤਾ ਬਾਰੇ ਛਾਪੀ ਗਈ ਪੁਸਤਕ ਪੰਜਾਬ ਦੇ ਸਕੂਲੀ ਸਿਲੇਬਸ ਵਿਚ ਲਾਉਣ ਲਈ ਪ੍ਰਵਾਨਗੀ ਅਧੀਨ ਹੈ। ਇਸ ਦੌਰਾਨ ਕਾਨਫਰੰਸ ਦੇ ਮਨੋਨੀਤ ਪ੍ਰਧਾਨ ਭੁਪਿੰਦਰ ਸਿੰਘ ਬਾਜਵਾ, ਕੋਆਰਡੀਨੇਟਰ ਰਵਿੰਦਰ ਸਿੰਘ ਕੰਗ, ਕੋਆਰਡੀਨੇਟਰ ਡਾ. ਰਮਨੀ ਬੱਤਰਾ, ਅਮਰਜੀਤ ਸਿੰਘ ਚੱਠਾ ਆਦਿ ਮੈਂਬਰ ਸ਼ਾਮਲ ਸਨ। ਭਾਈਚਾਰੇ 'ਚ ਇਸ ਨੂੰ ਲੈ ਕੇ ਉਤਸ਼ਾਹ ਹੈ।


Related News