ਕੈਨੇਡਾ-ਅਮਰੀਕਾ ਜ਼ਮੀਨੀ ਸਰਹੱਦ ਰਾਹੀਂ ਯਾਤਰਾ ਪਾਬੰਦੀ 21 ਫਰਵਰੀ ਤੱਕ ਵਧੀ
Wednesday, Jan 13, 2021 - 09:08 PM (IST)
ਓਟਾਵਾ— ਸੰਯੁਕਤ ਰਾਜ ਅਮਰੀਕਾ ਤੇ ਕੈਨੇਡਾ ਵਿਚਕਾਰ ਸਫ਼ਰ ਕਰਨ ਦੀ ਉਡੀਕ 'ਚ ਬੈਠੇ ਲੋਕਾਂ ਦਾ ਇੰਤਜ਼ਾਰ ਹੋਰ ਲੰਮਾ ਹੋ ਗਿਆ ਹੈ। ਕੈਨੇਡਾ ਦੀ ਜਸਟਿਨ ਟਰੂਡੋ ਸਰਕਾਰ ਨੇ ਕੈਨੇਡਾ-ਅਮਰੀਕਾ ਸਰਹੱਦ ਰਾਹੀਂ ਗੈਰ-ਜ਼ਰੂਰੀ ਯਾਤਰਾ 'ਤੇ ਲਾਈ ਪਾਬੰਦੀ ਹੋਰ ਅੱਗੇ ਵਧਾ ਕੇ 21 ਫਰਵਰੀ ਤੱਕ ਕਰ ਦਿੱਤੀ ਹੈ।
ਮਹਾਮਾਰੀ ਦੇ ਫੈਲਣ ਨੂੰ ਸੀਮਤ ਕਰਨ ਲਈ ਕੈਨੇਡਾ-ਅਮਰੀਕਾ ਜ਼ਮੀਨੀ ਸਰਹੱਦ ਰਾਹੀਂ ਗੈਰ-ਜ਼ਰੂਰੀ ਯਾਤਰਾ ਨੂੰ ਬੰਦ ਕਰਨ 'ਤੇ ਮੌਜੂਦਾ ਸਮਝੌਤਾ ਪਿਛਲੇ ਸਾਲ ਮਾਰਚ ਵਿਚ ਲਾਗੂ ਕੀਤਾ ਗਿਆ ਸੀ। ਜਿਸ ਨੂੰ ਹੁਣ ਤੱਕ ਹਰ ਮਹੀਨੇ ਤੋਂ ਰੀਨਿਊ ਕੀਤਾ ਜਾ ਚੁੱਕਾ ਹੈ।
ਸਰਹੱਦੀ ਪਾਬੰਦੀਆਂ 'ਤੇ ਮੌਜੂਦਾ ਸਮਝੌਤਾ 21 ਜਨਵਰੀ ਨੂੰ ਖ਼ਤਮ ਹੋਣ ਵਾਲਾ ਸੀ, ਜੋ ਹੁਣ 21 ਫਰਵਰੀ ਤੱਕ ਲਈ ਹੋ ਗਿਆ ਹੈ। ਹਾਲਾਂਕਿ, ਵਪਾਰਕ ਗਤੀਵਧੀਆਂ ਨੂੰ ਇਸ ਪਾਬੰਦੀ ਤੋਂ ਛੋਟ ਹੈ। ਪਾਬੰਦੀਆਂ ਤਹਿਤ ਸੈਲਾਨੀਆਂ ਅਤੇ ਸਰਹੱਦ ਪਾਰ ਦੀਆਂ ਯਾਤਰਾਵਾਂ 'ਤੇ ਪਾਬੰਦੀ ਹੈ। ਇਸ ਤੋਂ ਇਲਾਵਾ ਕੁਝ ਵਿਸ਼ੇਸ਼ ਪਰਿਵਾਰਕ ਮੈਂਬਰਾਂ ਅਤੇ ਅਜ਼ੀਜ਼ਾਂ ਨੂੰ ਛੋਟ ਦਿੱਤੀ ਗਈ ਹੈ ਜੋ ਅਮਰੀਕਾ ਅਤੇ ਹੋਰ ਦੇਸ਼ਾਂ ਤੋਂ ਕੈਨੇਡਾ ਹਮਦਰਦੀ ਦੇ ਅਧਾਰ 'ਤੇ ਆ ਸਕਦੇ ਹਨ। ਹਾਲਾਂਕਿ, ਪਹੁੰਚਣ 'ਤੇ ਲਾਜ਼ਮੀ ਤੌਰ 'ਤੇ ਇਕਾਂਤਵਾਸ ਨਿਯਮਾਂ ਦੀ ਪਾਲਣਾ ਜ਼ਰੂਰੀ ਹੈ, ਅਜਿਹਾ ਨਾ ਕਰਨ 'ਤੇ ਜੁਰਮਾਨਾ ਲੱਗ ਸਕਦਾ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ, "ਇਸ ਮਹਾਮਾਰੀ ਦੀ ਸ਼ੁਰੂਆਤ ਤੋਂ ਬਾਅਦ ਸਾਡਾ ਧਿਆਨ ਤੁਹਾਡੀ ਅਤੇ ਤੁਹਾਡੇ ਪਰਿਵਾਰਾਂ ਦੀ ਰੱਖਿਆ ਕਰਨਾ ਰਿਹਾ ਹੈ।'' ਟਰੂਡੋ ਨੇ ਕਿਹਾ ਕਿ ਚਾਹੇ ਲੋਕਾਂ ਦਾ ਟੀਕਾਕਰਨ ਜਾਂ ਫਿਰ ਸਖ਼ਤ ਯਾਤਰਾ ਪਾਬੰਦੀਆਂ ਹੋਣ ਇਨ੍ਹਾਂ ਦਾ ਮਕਸਦ ਕੈਨੇਡੀਅਨਾਂ ਦੀ ਹਿਫਾਜ਼ਤ ਕਰਨਾ ਹੈ।