Trudeau ਦੀ ਵਧੀ ਚਿੰਤਾ, Canada ਦੀ ਸੁਪਰੀਮ ਕੋਰਟ ਪਹੁੰਚਿਆ ਮੰਦਰ 'ਤੇ ਹਮਲੇ ਦਾ ਮਾਮਲਾ
Tuesday, Nov 12, 2024 - 11:03 AM (IST)
ਟੋਰਾਂਟੋ- ਬੀਤੀ 3 ਨਵੰਬਰ ਨੂੰ ਬਰੈਂਪਟਨ ਵਿਚ ਹਿੰਦੂ ਸਭਾ ਮੰਦਰ 'ਤੇ ਹਮਲੇ ਦਾ ਮਾਮਲਾ ਕੈਨੇਡਾ ਦੀ ਸੁਪਰੀਮ ਕੋਰਟ ਪਹੁੰਚ ਗਿਆ ਹੈ। ਭਾਰਤੀ ਸੁਪਰੀਮ ਕੋਰਟ ਦੇ ਵਕੀਲ ਵਿਨੀਤ ਜਿੰਦਲ ਨੇ ਹਾਲ ਹੀ ਵਿੱਚ ਕੈਨੇਡਾ ਦੇ ਬਰੈਂਪਟਨ ਵਿੱਚ ਇੱਕ ਹਿੰਦੂ ਮੰਦਰ 'ਤੇ ਹੋਏ ਹਮਲੇ ਅਤੇ ਇਸ ਵਿੱਚ ਸ਼ਾਮਲ ਖਾਲਿਸਤਾਨੀ ਵੱਖਵਾਦੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹਿਣ ਲਈ ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਆਲੋਚਨਾ ਕਰਦੇ ਹੋਏ ਕੈਨੇਡਾ ਦੀ ਸੁਪਰੀਮ ਕੋਰਟ ਵਿੱਚ ਇੱਕ ਪਟੀਸ਼ਨ ਦਾਇਰ ਕੀਤੀ ਹੈ। ਇਹ ਪਟੀਸ਼ਨ ਸ਼ਨੀਵਾਰ ਨੂੰ ਕੈਨੇਡਾ ਦੀ ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਰਿਚਰਡ ਵੈਗਨਰ ਦੇ ਸਾਹਮਣੇ ਡਿਜੀਟਲ ਤਰੀਕੇ ਨਾਲ ਦਾਇਰ ਕੀਤੀ ਗਈ। ਇਸ 'ਚ ਹਿੰਦੂ ਸਭਾ ਮੰਦਰ ਅਤੇ ਉੱਥੇ ਮੌਜੂਦ ਸ਼ਰਧਾਲੂਆਂ 'ਤੇ ਹੋਏ ਹਮਲੇ ਲਈ ਜ਼ਿੰਮੇਵਾਰ ਲੋਕਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਗਈ ਹੈ।
ਪਟੀਸ਼ਨ ਵਿੱਚ ਮੁੱਖ ਨੁਕਤੇ
ਇਸ ਪਟੀਸ਼ਨ ਵਿੱਚ ਜਿੰਦਲ ਨੇ ਕੈਨੇਡਾ ਦੀ ਸੁਪਰੀਮ ਕੋਰਟ ਨੂੰ ਅਪੀਲ ਕੀਤੀ ਹੈ ਕਿ ਇਸ ਮਾਮਲੇ ਵਿੱਚ ਪੀਲ ਪੁਲਸ ਅਧਿਕਾਰੀਆਂ ਦੀ ਭੂਮਿਕਾ ਅਤੇ “ਸਿੱਖਸ ਫਾਰ ਜਸਟਿਸ” (ਐਸ.ਐਫ.ਜੇ) ਵਰਗੇ ਖਾਲਿਸਤਾਨ ਪੱਖੀ ਸਮੂਹਾਂ ਦੀਆਂ ਗਤੀਵਿਧੀਆਂ ਦੀ ਵੀ ਜਾਂਚ ਕੀਤੀ ਜਾਵੇ। ਇਨ੍ਹਾਂ ਸਮੂਹਾਂ 'ਤੇ ਹਿੰਸਾ ਭੜਕਾਉਣ ਦਾ ਦੋਸ਼ ਹੈ। ਪਟੀਸ਼ਨ ਦਾ ਮਕਸਦ ਦੋਸ਼ੀਆਂ ਵਿਰੁੱਧ ਸਖ਼ਤ ਕਾਰਵਾਈ ਨੂੰ ਯਕੀਨੀ ਬਣਾਉਣਾ ਅਤੇ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਹੈ। ਜਿੰਦਲ ਨੇ ਜ਼ੋਰ ਦੇ ਕੇ ਕਿਹਾ ਕਿ ਹਿੰਦੂ ਭਾਈਚਾਰੇ ਦੇ ਧਾਰਮਿਕ ਸਥਾਨਾਂ 'ਤੇ ਵੱਧ ਰਹੇ ਹਮਲੇ ਧਾਰਮਿਕ ਆਜ਼ਾਦੀ ਨੂੰ ਖਤਰੇ ਵਿੱਚ ਪਾਉਂਦੇ ਹਨ ਅਤੇ ਤੁਰੰਤ ਦਖਲ ਦੀ ਲੋੜ ਹੈ। ਕੈਨੇਡੀਅਨ ਸੁਪਰੀਮ ਕੋਰਟ ਦੀ ਨਿਗਰਾਨੀ ਵਿਚ ਜਾਂਚਦੀ ਮੰਗ ਕੀਤੀ ਗਈ ਹੈ। ਿਜੰਦਲ ਨੇ ਕਿਹਾ ਕਿ ਅਸੀਂ ਆਸ ਕਰਦੇ ਹਾਂ ਕਿ ਨਿਆਂ ਹੋਵੇਗਾ ਅਤੇ ਹਿੰਦੂ ਭਾਈਚਾਰੇ ਨੂੰ ਉਹ ਸੁਰੱਖਿਆ ਮਿਲੇਗੀ ਜਿਸ ਦਾ ਉਹ ਹੱਕਦਾਰ ਹੈ। ਨਾਲ ਹੀ ਮੰਗ ਕੀਤੀ ਹੈ ਕਿ ਕੋਰਟ ਦੁਆਰਾ ਖਾਲਿਸਤਾਨੀਆਂ ਦੇ ਪ੍ਰਦਰਸ਼ਨ 'ਤੇੇ ਪੂਰੀ ਤਰ੍ਹਾਂ ਰੋਕ ਲਗਾਈ ਜਾਵੇ।
ਪੜ੍ਹੋ ਇਹ ਅਹਿਮ ਖ਼ਬਰ- ਹਿੰਸਕ ਪ੍ਰਦਰਸ਼ਨਾਂ ਦਾ ਖ਼ਤਰਾ, Canada 'ਚ ਮੰਦਰ ਦਾ ਪ੍ਰੋਗਰਾਮ ਰੱਦ
ਪਟੀਸ਼ਨ ਦਾ ਉਦੇਸ਼
ਆਪਣੀ ਪਟੀਸ਼ਨ ਦਾਇਰ ਕਰਨ ਦੇ ਕਾਰਨਾਂ ਨੂੰ ਸਾਂਝਾ ਕਰਦੇ ਹੋਏ, ਵਿਨੀਤ ਜਿੰਦਲ ਨੇ ਕਿਹਾ, “ਇਹ ਸਭ ਜਾਣਦੇ ਹਨ ਕਿ ਮੌਜੂਦਾ ਜਸਟਿਨ ਟਰੂਡੋ ਸਰਕਾਰ ਸਾਡੀ ਭਾਰਤ ਸਰਕਾਰ ਦੀਆਂ ਬੇਨਤੀਆਂ ਦੇ ਬਾਵਜੂਦ ਖਾਲਿਸਤਾਨੀ ਅੱਤਵਾਦੀਆਂ ਵਿਰੁੱਧ ਕਾਰਵਾਈ ਕਰਨ ਵਿੱਚ ਅਸਫਲ ਰਹੀ ਹੈ। 3 ਨਵੰਬਰ ਨੂੰ ਬਰੈਂਪਟਨ ਦੇ ਹਿੰਦੂ ਸਭਾ ਮੰਦਰ ਅਤੇ ਉੱਥੇ ਦੇ ਸ਼ਰਧਾਲੂਆਂ 'ਤੇ ਖਾਲਿਸਤਾਨ ਪੱਖੀ ਸਮੂਹਾਂ ਵੱਲੋਂ ਹਮਲਾ ਕੀਤਾ ਗਿਆ ਸੀ। ਇਸ ਘਟਨਾ ਦੌਰਾਨ ਪੁਲਸ ਅਧਿਕਾਰੀਆਂ ਨੇ ਹਿੰਦੂ ਸ਼ਰਧਾਲੂਆਂ ਨਾਲ ਵੀ ਮਾੜਾ ਵਿਵਹਾਰ ਕੀਤਾ। ਉਦੋਂ ਤੋਂ ਕੈਨੇਡਾ ਵਿੱਚ ਹਿੰਦੂ ਭਾਈਚਾਰਾ ਸਿਆਸੀ ਅਤੇ ਪ੍ਰਸ਼ਾਸਨਿਕ ਤੌਰ 'ਤੇ ਹਰ ਫਰੰਟ 'ਤੇ ਹਮਲਿਆਂ ਦਾ ਸਾਹਮਣਾ ਕਰ ਰਿਹਾ ਹੈ। ਸਾਡੇ ਹਿੰਦੂ ਭਰਾ ਇਸ ਸਮੇਂ ਉੱਥੇ ਬਹੁਤ ਜ਼ਿਆਦਾ ਮੁਸੀਬਤ ਵਿੱਚ ਹਨ। "ਖਾਲਿਸਤਾਨ ਟਾਈਗਰ ਫੋਰਸ" ਅਤੇ "ਸਿੱਖਸ ਫਾਰ ਜਸਟਿਸ" (SFJ) ਵਰਗੀਆਂ ਖਾਲਿਸਤਾਨੀ ਅੱਤਵਾਦੀ ਜਥੇਬੰਦੀਆਂ ਟਰੂਡੋ ਸਰਕਾਰ ਦੀ ਕਥਿਤ ਹਮਾਇਤ ਨਾਲ ਉਥੋਂ ਦੇ ਨੌਜਵਾਨਾਂ ਨੂੰ ਹਿੰਸਾ ਅਤੇ ਨਫ਼ਰਤ ਦੇ ਝੂਠੇ ਕੇਸਾਂ ਵਿੱਚ ਫਸਾ ਰਹੀਆਂ ਹਨ। ਮੈਂ ਕੈਨੇਡਾ ਦੀ ਸੁਪਰੀਮ ਕੋਰਟ ਰਾਹੀਂ ਇਹ ਸੰਦੇਸ਼ ਦੇਣ ਲਈ ਇਹ ਕਦਮ ਚੁੱਕਿਆ ਹੈ ਕਿ ਉੱਥੇ ਰਹਿਣ ਵਾਲੇ ਹਰ ਹਿੰਦੂ ਦੀ ਜ਼ਿੰਦਗੀ ਅਤੇ ਆਜ਼ਾਦੀ ਦੀ ਰੱਖਿਆ ਕੀਤੀ ਜਾਣੀ ਚਾਹੀਦੀ ਹੈ। ਜਿੰਦਲ ਨੇ ਕੈਨੇਡਾ ਦੀ ਨਿਆਂ ਪ੍ਰਣਾਲੀ 'ਤੇ ਭਰੋਸਾ ਪ੍ਰਗਟਾਇਆ ਅਤੇ ਆਸ ਪ੍ਰਗਟਾਈ ਕਿ ਉਨ੍ਹਾਂ ਦੀ ਪਟੀਸ਼ਨ ਸਵੀਕਾਰ ਕਰ ਲਈ ਜਾਵੇਗੀ ਅਤੇ ਹਿੰਦੂ ਭਾਈਚਾਰੇ ਵਿਰੁੱਧ ਹਿੰਸਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਘਟਨਾਵਾਂ ਦਾ ਪਿਛੋਕੜ
ਬਰੈਂਪਟਨ 'ਚ ਹਿੰਦੂ ਸਭਾ ਮੰਦਰ 'ਤੇ ਹੋਏ ਹਮਲੇ ਨੇ ਕੈਨੇਡਾ ਹੀ ਨਹੀਂ ਭਾਰਤ 'ਚ ਵੀ ਗੁੱਸੇ ਦੀ ਲਹਿਰ ਫੈਲਾਈ ਹੈ। ਇਸ ਹਮਲੇ ਪਿੱਛੇ ਖਾਲਿਸਤਾਨੀ ਵੱਖਵਾਦੀ ਸਮੂਹਾਂ ਦਾ ਹੱਥ ਹੋਣ ਦਾ ਦੋਸ਼ ਹੈ। ਖਾਲਿਸਤਾਨ ਪੱਖੀ ਸਮੂਹਾਂ, ਖਾਸ ਤੌਰ 'ਤੇ "ਸਿੱਖਸ ਫਾਰ ਜਸਟਿਸ" (SFJ) 'ਤੇ ਹਿੰਸਾ ਅਤੇ ਫਿਰਕੂ ਤਣਾਅ ਨੂੰ ਭੜਕਾਉਣ ਦਾ ਦੋਸ਼ ਲਗਾਇਆ ਗਿਆ ਹੈ। ਭਾਰਤ ਸਰਕਾਰ ਵੀ ਇਸ ਮੁੱਦੇ ਨੂੰ ਲਗਾਤਾਰ ਉਠਾ ਰਹੀ ਹੈ ਅਤੇ ਟਰੂਡੋ ਸਰਕਾਰ 'ਤੇ ਅਜਿਹੇ ਅੱਤਵਾਦੀ ਸਮੂਹਾਂ ਖ਼ਿਲਾਫ਼ ਸਖਤ ਕਦਮ ਨਾ ਚੁੱਕਣ ਦਾ ਦੋਸ਼ ਲਗਾ ਰਹੀ ਹੈ। ਹਾਲਾਂਕਿ ਵਿਨੀਤ ਜਿੰਦਲ ਵੱਲੋਂ ਦਾਇਰ ਇਸ ਪਟੀਸ਼ਨ ਨੇ ਇਸ ਮੁੱਦੇ ਨੂੰ ਕੌਮਾਂਤਰੀ ਪੱਧਰ 'ਤੇ ਉਭਾਰਿਆ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਕੈਨੇਡਾ ਦੀ ਨਿਆਂਪਾਲਿਕਾ ਇਸ ਪਟੀਸ਼ਨ 'ਤੇ ਕੀ ਕਾਰਵਾਈ ਕਰਦੀ ਹੈ ਅਤੇ ਕੀ ਖਾਲਿਸਤਾਨੀ ਵੱਖਵਾਦੀਆਂ ਖਿਲਾਫ ਕੋਈ ਠੋਸ ਕਾਰਵਾਈ ਕੀਤੀ ਜਾਵੇਗੀ। ਇਸ ਪਟੀਸ਼ਨ ਦਾ ਮਕਸਦ ਕੈਨੇਡਾ ਵਿੱਚ ਹਿੰਦੂ ਭਾਈਚਾਰੇ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਅਤੇ ਧਾਰਮਿਕ ਆਜ਼ਾਦੀ ਦੀ ਰੱਖਿਆ ਕਰਨਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।