ਕੈਨੇਡਾ : ਬੱਸ ''ਚ ਸਵਾਰ ਵਿਦਿਆਰਥਣ ਨੂੰ ਕੁੱਟਿਆ ਤੇ ਲੁੱਟਿਆ ਗਿਆ
Sunday, Aug 02, 2020 - 11:38 AM (IST)
ਵੈਨਕੂਵਰ- ਕੈਨੇਡਾ ਵਿਚ ਪੜ੍ਹਾਈ ਕਰਦੀ ਇਕ ਵਿਦਿਆਰਥਣ ਦੇ ਦੱਸਿਆ ਕਿ ਉਹ ਬੱਸ ਵਿਚ ਸਫਰ ਕਰ ਰਹੀ ਸੀ ਕਿ 4 ਕੁੜੀਆਂ-ਮੁੰਡਿਆਂ ਨੇ ਮਿਲ ਕੇ ਉਸ ਨੂੰ ਕੁੱਟਿਆ ਤੇ ਉਸ ਦਾ ਸਮਾਨ ਲੁੱਟ ਲਿਆ। ਉਸ ਨੇ ਦੱਸਿਆ ਕਿ ਬੱਸ ਵਿਚ ਸਵਾਰ ਕਿਸੇ ਵੀ ਵਿਅਕਤੀ ਨੇ ਉਸ ਦੀ ਮਦਦ ਨਾ ਕੀਤੀ।
ਉਸ ਨੇ ਦੱਸਿਆ ਕਿ ਉਹ ਸਮਝਦੀ ਸੀ ਕਿ ਕੈਨੇਡੀਅਨ ਲੋਕ ਬਹੁਤ ਚੰਗੇ ਨੇ ਤੇ ਜੇਕਰ ਕੋਈ ਕਿਸੇ ਨਾਲ ਵਧੀਕੀ ਕਰੇ ਤਾਂ ਉਹ ਉਸ ਦੀ ਮਦਦ ਕਰਦੇ ਹਨ ਪਰ ਉਸ ਦਾ ਇਹ ਵਹਿਮ ਵੀ ਨਿਕਲ ਗਿਆ। ਉਸ ਨੇ ਦੱਸਿਆ ਕਿ ਹੁਣ ਉਸ ਨੂੰ ਇੱਥੇ ਰਹਿਣ ਵਿਚ ਡਰ ਲੱਗ ਰਿਹਾ ਹੈ ਇਸ ਲਈ ਉਹ ਇੱਥੇ ਨਹੀਂ ਰਹਿਣਾ ਚਾਹੁੰਦੀ ਤੇ ਨਾ ਹੀ ਆਪਣੀ ਪਛਾਣ ਸਾਂਝੀ ਕਰਨੀ ਚਾਹੁੰਦੀ ਹੈ। ਉਂਝ ਉਹ ਦੱਖਣੀ ਕੋਰੀਆ ਮੂਲ ਦੀ ਹੈ ਤੇ ਇੱਥੇ ਰਹਿ ਰਹੀ ਹੈ।
ਉਸ ਨੇ ਦੱਸਿਆ ਕਿ ਉਹ ਯੂਨੀਵਰਸਿਟੀ ਦੇ ਚੌਥੇ ਸਾਲ ਦੀ ਵਿਦਿਆਰਥਣ ਹੈ ਅਤੇ ਸ਼ੁੱਕਰਵਾਰ ਰਾਤ ਨੂੰ ਬੱਸ ਲੈ ਕੇ ਘਰ ਨੂੰ ਜਾ ਰਹੀ ਸੀ। 4 ਕੁੜੀਆਂ-ਮੁੰਡੇ ਬੱਸ ਵਿਚ ਚੜ੍ਹ ਤੇ ਉਸ ਵਲੋਂ ਖਰੀਦੇ ਪ੍ਰਿੰਟਰ ਦਾ ਮਜ਼ਾਕ ਉਡਾਉਣ ਲੱਗ ਗਏ। ਇਸ ਮਗਰੋਂ ਉਨ੍ਹਾਂ ਨੇ ਆਪਣੇ ਬੈਗ ਵਿਚੋਂ ਵੋਡਕਾ ਕੱਢੀ ਤੇ ਪੀਣ ਲੱਗ ਗਏ ਤੇ ਉੱਚੀ-ਉੱਚੀ ਰੌਲਾ ਪਾ ਕੇ ਉਸ ਨੂੰ ਖਿਝਾਉਣ ਲੱਗ ਗਏ। ਉਸ ਨੇ ਕਿਹਾ ਕਿ ਬੱਸ ਡਰਾਈਵਰ ਜਾਂ ਕਿਸੇ ਵੀ ਮੁਸਾਫਰ ਨੇ ਉਸ ਦੀ ਮਦਦ ਨਾ ਕੀਤੀ। ਇਨ੍ਹਾਂ ਵਿਚੋਂ ਇਕ ਕੁੜੀ ਨੇ ਉਸ ਦੇ ਚਿਹਰੇ 'ਤੇ ਮੁੱਕੇ ਮਾਰੇ। ਜਦ ਉਸ ਦਾ ਸਟਾਪ ਆਇਆ ਤਾਂ ਉਸ ਨੇ ਉਨ੍ਹਾਂ ਨੂੰ ਫੜ ਲਿਆ ਤਾਂ ਕਿ ਉਹ ਪੁਲਸ ਕੋਲ ਸ਼ਿਕਾਇਤ ਕਰ ਸਕੇ ਪਰ ਬਾਕੀਆਂ ਨੇ ਉਸ ਦੇ ਬੈਗ ਨੂੰ ਚੁੱਕ ਲਿਆ, ਜਿਸ ਵਿਚ ਉਸ ਦਾ ਲੈਪਟਾਪ, ਪਰਸ ਤੇ ਫੋਨ ਸੀ। ਇਸ ਦੌਰਾਨ ਉਸ ਦੇ ਮੱਥੇ 'ਤੇ ਸੱਟ ਲੱਗੀ ਤੇ ਪਿੱਠ ਵੀ ਰਗੜੀ ਗਈ। ਉਸ ਨੇ ਦੱਸਿਆ ਕਿ ਜੇਕਰ ਉਹ ਗੋਰੇ ਰੰਗ ਦੀ ਹੈ, ਤਾਂ ਇਸ ਦਾ ਮਤਲਬ ਇਹ ਨਹੀਂ ਹੋਣਾ ਚਾਹੀਦਾ ਕਿ ਲੋਕ ਉਸ ਨੂੰ ਤੰਗ ਕਰਨ।