ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਫਿਲਸਤੀਨ ਪੱਖੀ ਮੁਜ਼ਾਹਰੇ (ਤਸਵੀਰਾਂ)
Monday, May 17, 2021 - 09:21 AM (IST)
ਨਿਊਯਾਰਕ/ਟੋਰਾਂਟੋ (ਰਾਜ ਗੋਗਨਾ): ਬੀਤੇ ਦਿਨ ਕੈਨੇਡਾ ਦੇ ਵੱਖ-ਵੱਖ ਹਿੱਸਿਆਂ ਵਿੱਚ ਫਿਲਸਤੀਨ ਪੱਖੀ ਮੁਜ਼ਾਹਰੇ ਹੋਣ ਦੀਆਂ ਖ਼ਬਰਾਂ ਸਾਹਮਣੇ ਆਈਆਂ ਹਨ।ਬੀਤੇ ਦਿਨ ਕੈਨੇਡਾ ਦੇ ਟੋਰਾਂਟੋ ਵਿਖੇ ਹਜ਼ਾਰਾਂ ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀਆਂ ਨੇ ਗਾਜਾ ਪੱਟੀ ਵਿੱਚ ਇਜਰਾਇਲ ਵੱਲੋ ਫਿਲਸਤੀਨੀਆਂ ਵਿਰੁੱਧ ਹਿੰਸਾ ਦੀ ਨਿਖੇਧੀ ਕਰਨ ਲਈ ਸਿਟੀ ਹਾਲ ਦੇ ਨੇੜੇ ਨਾਥਨ ਫਿਲਿਪਜ਼ ਸਕੁਏਰ ਵਿਖੇ ਇੱਕ ਵੱਡਾ ਮੁਜ਼ਾਹਰਾ ਕੀਤਾ।
ਟੋਰਾਂਟੋ ਪੁਲਸ ਮੁਤਾਬਕ ਅੰਦਾਜ਼ਨ 3000 ਤੋਂ 5,000 ਦੀ ਗਿਣਤੀ ਵਿੱਚ ਮੁਜ਼ਾਹਰਾਕਾਰੀ ਇੱਥੇ ਪਹੁੰਚੇ ਸਨ।ਓਟਾਵਾ ਵਿਖੇ ਅੰਦਾਜ਼ਨ 2000-3000 ਮੁਜ਼ਾਹਰਾਕਾਰੀ ਪਹੁੰਚੇ ਹਨ।ਇਸ ਤੋਂ ਇਲਾਵਾ ਮਾਂਟ੍ਰੀਅਲ, ਵੈਨਕੂਵਰ, ਐਡਮਿੰਟਨ, ਹੈਲੀਫੈਕਸ, ਵਿਨੀਪੈਗ ਅਤੇ ਕੁਝ ਹੋਰਨਾਂ ਥਾਵਾਂ ਤੇ ਵੀ ਮੁਜ਼ਾਹਰੇ ਹੋਏ ਹਨ। ਵਿਨੀਪੈਗ ਵਿਖੇ ਫਿਲਸਤੀਨ ਪੱਖੀ ਤੇ ਇਜਰਾਇਲ ਪੱਖੀ ਆਪਸ ਵਿੱਚ ਭਿੜੇ ਵੀ ਹਨ ਤੇ ਪੁਲਸ ਨੂੰ ਵਿੱਚ ਦਖਲ ਵੀ ਦੇਣਾ ਪਿਆ ਹੈ।
ਆਉਣ ਵਾਲੇ ਦਿਨਾਂ ਦੌਰਾਨ ਇਜਰਾਇਲ ਪੱਖੀ ਜੱਥੇਬੰਦੀਆ ਵੱਲੋਂ ਵੀ ਮੁਜਾਹਰੇ ਕੀਤੇ ਜਾਣਗੇ ਇਹੋ ਜਿਹੇ ਐਲਾਨ ਹੋਏ ਹਨ।ਇਹ ਵੀ ਦੱਸਣਯੋਗ ਹੈ ਕਿ ਇਜਰਾਇਲ ਅਤੇ ਫਿਲਸਤੀਨ ਦੇ ਵਿੱਚਕਾਰ ਚੱਲ ਰਹੇ ਖੂਨ ਖਰਾਬੇ ਦਾ ਅਸਰ ਦੁਨੀਆ ਭਰ ਵਿੱਚ ਵੇਖਣ ਨੂੰ ਮਿਲ ਰਿਹਾ ਹੈ।ਗਾਜ਼ਾ ਪੱਟੀ ਵਿੱਚ ਪਿਛਲੇ ਪੰਜ ਦਿਨਾਂ ਦੌਰਾਨ ਹੋਈ ਹਿੰਸਾ ਦੌਰਾਨ ਘੱਟੋ ਘੱਟ 145 ਫਿਲਸਤੀਨੀ ਮਾਰੇ ਜਾ ਚੁੱਕੇ ਹਨ ਜਿਨ੍ਹਾਂ ਵਿੱਚ 41 ਬੱਚੇ ਅਤੇ 23 ਔਰਤਾਂ ਵੀ ਸ਼ਾਮਲ ਹਨ। ਇਜ਼ਰਾਈਲ ਵਾਲੇ ਪਾਸੇ ਅੱਠ ਜਣੇ ਮਰੇ ਹਨ, ਮਰਨ ਵਾਲਿਆਂ ਵਿੱਚ ਇੱਕ 6 ਸਾਲ ਦਾ ਬੱਚਾ ਵੀ ਸ਼ਾਮਲ ਹੈ।
ਨੋਟ- ਕੈਨੇਡਾ ਦੇ ਵੱਖ-ਵੱਖ ਹਿੱਸਿਆਂ 'ਚ ਹੋਏ ਫਿਲਿਸਤੀਨ ਪੱਖੀ ਮੁਜਾਹਰੇ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।