ਕੈਨੇਡਾ 'ਚ ਪੱਕਾ ਹੋਣ ਦੇ ਬਾਵਜੂਦ ਪਤਨੀ ਨੂੰ ਸੱਦਣ ਲਈ 20 ਸਾਲ ਤੋਂ ਕਰ ਰਿਹੈ ਸੰਘਰਸ਼

12/06/2019 11:34:09 AM

ਟੋਰਾਂਟੋ (ਬਿਊਰੋ) : ਕੈਨੇਡਾ ਦੇ ਸ਼ਹਿਰ ਸਰੀ ਦਾ ਵਸਨੀਕ ਪਰਮਜੀਤ ਸਿੰਘ ਬਸੰਤੀ (68) ਪੰਜਾਬ ਵਿਚ ਰਹਿ ਰਹੀ ਪਤਨੀ ਚਰਨਜੀਤ ਕੌਰ ਬਸੰਤੀ (52) ਨੂੰ ਕੈਨੇਡਾ ਬੁਲਾਉਣ ਲਈ ਬੀਤੇ 20 ਸਾਲ ਤੋਂ ਸੰਘਰਸ਼ ਕਰ ਰਿਹਾ ਹੈ। ਉਸ ਨੂੰ ਇਮੀਗ੍ਰੇਸ਼ਨ ਵਿਭਾਗ ਕੈਨੇਡਾ ਦਾ ਵੀਜ਼ਾ ਨਹੀਂ ਦੇ ਰਿਹਾ। ਜ਼ਿਲਾ ਲੁਧਿਆਣਾ ਦੇ ਸਮਰਾਲਾ ਨੇੜਲੇ ਪਿੰਡ ਟੱਪਰੀਆਂ ਦੇ ਜੰਮਪਲ ਪਰਮਜੀਤ ਸਿੰਘ ਬਸੰਤੀ ਨੇ ਇਕ ਅਖਬਾਰ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਕੈਨੇਡਾ ਦਾ ਪੱਕਾ ਨਾਗਰਿਕ ਹੈ ਤੇ 1994 ਤੋਂ ਸਰੀ ਵਿਖੇ ਰਹਿ ਰਿਹਾ ਹੈ। 22 ਮਾਰਚ, 1999 ਨੂੰ ਉਸ ਦਾ ਵਿਆਹ ਪਾਇਲ ਨੇੜਲੇ ਪਿੰਡ ਘੁੰਗਰਾਲੀ ਰਾਜਪੂਤਾਂ ਦੀ ਚਰਨਜੀਤ ਕੌਰ ਨਾਲ ਪੂਰੀ ਗੁਰਮਰਿਆਦਾ ਮੁਤਾਬਕ ਹੋਇਆ ਸੀ ਤੇ ਖੰਨਾ ਦੇ ਤ੍ਰੈਮੂਰਤੀ ਮੈਰਿਜ ਪੈਲੇਸ ਵਿਖੇ ਸਮਾਗਮ ਹੋਇਆ ਸੀ ਜਿਸ ਵਿਚ ਰਿਸ਼ਤੇਦਾਰ ਤੇ ਸਨੇਹੀ ਸ਼ਾਮਲ ਹੋਏ ਸਨ। 

PunjabKesari

ਪਰਮਜੀਤ ਸਿੰਘ ਨੇ ਦੱਸਿਆ ਕਿ ਫਿਰ ਉਸ ਨੇ ਕੈਨੇਡਾ ਆ ਕੇ ਆਪਣੀ ਪਤਨੀ ਨੂੰ ਸਪਾਂਸਰਸ਼ਿਪ ਭੇਜ ਦਿੱਤੀ ਪਰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚਰਨਜੀਤ ਗੌਰ ਨੂੰ ਇਹ ਕਹਿ ਕੇ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਕਿ ਉਸ ਦੀ ਪਤਨੀ ਇੰਟਰਵਿਊ ਦੌਰਾਨ ਇਹ ਨਹੀਂ ਦੱਸ ਸਕੀ ਕਿ ਉਸ ਦਾ ਪਤੀ ਕੈਨੇਡਾ ਵਿਚ ਕੀ ਕੰਮ ਕਰਦਾ ਹੈ। ਪਰਮਜੀਤ ਸਿੰਘ ਨੇ ਦੱਸਿਆ ਕਿ ਉਹ ਹੁਣ ਤੱਕ ਆਪਣੀ ਪਤਨੀ ਨੂੰ 5 ਵਾਰ ਸਪਾਂਸਰਸ਼ਿਪ ਭੇਜ ਚੁੱਕਾ ਹੈ ਤੇ ਇਮੀਗ੍ਰੇਸ਼ਨ ਵਕੀਲ ਜ਼ਰੀਏ ਅਪੀਲ ਵੀ ਕਰ ਚੁੱਕਾ ਹੈ ਪਰ ਉਸ ਦੇ ਪੱਲੇ ਨਿਰਾਸ਼ਾ ਹੀ ਪਈ ਹੈ। ਪਰਮਜੀਤ ਨੇ ਕਿਹਾ ਕਿ ਉਹ ਆਪਣੀ ਪਤਨੀ ਨੂੰ ਪੰਜਾਬ ਤੋਂ ਕੈਨੇਡਾ ਸੱਦਣ ਲਈ ਆਖਰੀ ਸਾਹ ਤੱਕ ਜੱਦੋਜਹਿਦ ਕਰਦੇ ਰਹਿਣਗੇ।

PunjabKesari

ਪਰਮਜੀਤ ਸਿੰਘ ਦੱਸਦੇ ਹਨ ਕਿ ਰਾਤ ਨੂੰ ਉਨ੍ਹਾਂ ਨੂੰ ਨੀਂਦ ਨਹੀਂ ਆਉਂਦੀ ਤੇ ਅੱਖਾਂ ਭਰ ਆਉਂਦੀਆਂ ਹਨ। ਵਿਆਹ ਮਗਰੋਂ ਉਹ ਆਪਣੀ ਪਤਨੀ ਨਾਲ ਸਿਰਫ 18 ਮਹੀਨੇ ਹੀ ਰਹਿ ਸਕੇ ਹਨ। ਪਰਮਜੀਤ ਦੇ ਵਕੀਲ ਨਰਿੰਦਰ ਕੰਗ ਨੇ ਕਿਹਾ ਕਿ ਅਸਲ ਵਿਚ ਕੈਨੇਡੀਅਨ ਇਮੀਗ੍ਰੇਸ਼ਨ ਸਿਸਟਮ ਨੇ ਆਪਣਾ ਸਾਰਾ ਧਿਆਨ ਜ਼ਾਅਲੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲਿਆਂ ਨੂੰ ਵਰਜਣ 'ਤੇ ਕੇਂਦਰਿਤ ਕੀਤਾ ਹੋਇਆ ਹੈ।


Vandana

Content Editor

Related News