ਕੈਨੇਡਾ : ਕਬੂਤਰਬਾਜ਼ਾਂ ਦੇ ਸ਼ਿਕਾਰ ਲੋਕਾਂ ਲਈ ਮਸੀਹਾ ਬਣੀ ਓਨਟਾਰੀਓ ਪੁਲਸ

Tuesday, Feb 12, 2019 - 04:50 PM (IST)

ਕੈਨੇਡਾ : ਕਬੂਤਰਬਾਜ਼ਾਂ ਦੇ ਸ਼ਿਕਾਰ ਲੋਕਾਂ ਲਈ ਮਸੀਹਾ ਬਣੀ ਓਨਟਾਰੀਓ ਪੁਲਸ

ਓਨਟਾਰੀਓ (ਏਜੰਸੀ)- ਆਧੁਨਿਕ ਜ਼ਮਾਨੇ ਦੀ ਗੁਲਾਮੀ ਤੋਂ 43 ਲੋਕਾਂ ਨੂੰ ਓਨਟਾਰੀਓ ਪੁਲਸ ਨੇ ਸੁਰੱਖਿਅਤ ਬਚਾ ਲਿਆ, ਜਿਨ੍ਹਾਂ ਨੂੰ ਲਾਲਚੀ ਲੋਕਾਂ ਵਲੋਂ ਵੱਡੇ-ਵੱਡੇ ਸਬਜ਼ਬਾਗ ਦਿਖਾ ਕੇ ਇਥੇ ਲਿਆਂਦਾ ਗਿਆ ਅਤੇ ਉਨ੍ਹਾਂ ਤੋਂ ਜਬਰੀ ਘੱਟ ਪੈਸਿਆਂ ਵਿਚ ਕੰਮ ਕਰਵਾਇਆ ਜਾ ਰਿਹਾ ਸੀ। ਪੁਲਸ ਵਲੋਂ ਇਸ ਨੂੰ ਮਨੁੱਖੀ ਤਸਕਰੀ ਦਾ ਮਾਮਲਾ ਵੀ ਦੱਸਿਆ ਜਾ ਰਿਹਾ ਹੈ। ਓਨਟਾਰੀਓ ਪ੍ਰੋਵਿੰਸ਼ੀਅਲ ਪੁਲਸ ਨੇ ਦੱਸਿਆ ਕਿ ਜਾਂਚ ਦੌਰਾਨ ਇਹ ਪਤਾ ਲੱਗਾ ਕਿ 43 ਲੋਕਾਂ ਨੂੰ ਇਸ ਵਾਅਦੇ ਨਾਲ ਕੈਨੇਡਾ ਲਿਆਂਦਾ ਗਿਆ ਕਿ ਉਨ੍ਹਾਂ ਨੂੰ ਵਰਕ ਵੀਜ਼ਾ ਦਿਵਾਇਆ ਜਾਵੇਗਾ ਤੇ ਪੀ.ਆਰ (ਪਰਮਾਨੈਂਟ ਰੈਜ਼ੀਡੈਂਸੀ) ਦਾ ਦਰਜਾ ਦਿਵਾਇਆ ਜਾਵੇਗਾ। ਛੁਡਾਏ ਗਏ ਇਨ੍ਹਾਂ ਲੋਕਾਂ ਵਿੱਚ ਵਧੇਰੇ ਪੁਰਸ਼ ਹਨ, ਜੋ ਕਿ ਮੈਕਸਿਕੋ ਵਿੱਚ ਪੈਦਾ ਹੋਏ ਤੇ ਉਨ੍ਹਾਂ ਆਪਣਾ ਦੇਸ਼ ਛੱਡਣ ਲਈ ਮੋਟੀਆਂ ਰਕਮਾਂ ਵੀ ਅਦਾ ਕੀਤੀਆਂ। ਪੁਲਸ ਨੇ ਦੱਸਿਆ ਕਿ ਇਨ੍ਹਾਂ ਲੋਕਾਂ ਨੂੰ 50 ਡਾਲਰ ਮਹੀਨਾ ਦੇ ਕੇ ਬਹੁਤ ਹੀ ਬਦਤਰ ਹਾਲਾਤ ਵਿੱਚ ਬੈਰੀ ਤੇ ਵਸਾਗਾ ਬੀਚ, ਓਨਟਾਰੀਓ ਵਿੱਚ ਰੱਖਿਆ ਜਾ ਰਿਹਾ ਸੀ।

PunjabKesari

ਓਪੀਪੀ ਦੇ ਰਿੱਕ ਬਾਰਨਮ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਮਨੁੱਖੀ ਤਸਕਰੀ ਆਧੁਨਿਕ ਦੌਰ ਦੀ ਗੁਲਾਮੀ ਹੀ ਹੈ। ਇਸ ਜੁਰਮ ਦਾ ਮੁੱਖ ਮਕਸਦ ਲੋਕਾਂ ਦਾ ਸ਼ੋਸ਼ਣ ਕਰਨਾ ਹੈ। ਇਸ ਜੁਰਮ ਦੇ ਸ਼ਿਕਾਰ ਲੋਕਾਂ ਦੀ ਉਮਰ 20 ਤੇ 46 ਸਾਲ ਦਰਮਿਆਨ ਸੀ। ਇਨ੍ਹਾਂ 'ਚੋਂ ਬਹੁਤੇ ਬੈਰੀ ਸਥਿਤ ਕਲੀਨਿੰਗ ਕੰਪਨੀ ਲਈ ਕੰਮ ਕਰਦੇ ਸਨ ਤੇ ਇਨ੍ਹਾਂ ਨੂੰ ਰੋਜ਼ਾਨਾ ਹੋਟਲਾਂ ਤੇ ਸੈਂਟਰਲ ਤੇ ਪੂਰਬੀ ਓਨਟਾਰੀਓ ਸਥਿਤ ਵੈਕੇਸ਼ਨ ਪ੍ਰਾਪਰਟੀਜ਼ ਦੀ ਸਫਾਈ ਲਈ ਲਿਆਂਦਾ ਜਾਂਦਾ ਸੀ। ਇਨ੍ਹਾਂ ਕਾਮਿਆਂ ਤੋਂ ਟਰਾਂਸਪੋਰਟੇਸ਼ਨ ਤੇ ਲਾਜਿੰਗ ਦੀ ਫੀਸ ਵੀ ਵਸੂਲੀ ਜਾਂਦੀ ਸੀ। ਬੈਰੀ ਪੁਲਸ ਚੀਫ ਕਿੰਬਰਲੇ ਗ੍ਰੀਨਵੁੱਡ ਨੇ ਆਖਿਆ ਕਿ ਇਹ ਬਹੁਤ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਹੈ। ਉਨ੍ਹਾਂ ਆਖਿਆ ਕਿ ਇਸ ਗੱਲ ਦਾ ਕਿਸੇ ਨੂੰ ਸੁਪਨਾ ਵੀ ਨਹੀਂ ਸੀ ਆ ਸਕਦਾ ਕਿ ਇਹ ਸੱਭ ਸਾਡੀ ਕਮਿਊਨਿਟੀ ਵਿੱਚ ਵਾਪਰ ਰਿਹਾ ਹੈ।


author

Sunny Mehra

Content Editor

Related News