ਕੈਨੇਡਾ : ਤਿਰੰਗਾ ਕਾਰ ਰੈਲੀ ''ਚ ਹਮਲਾ ਕਰਨ ਵਾਲਾ ਖਾਲਿਸਤਾਨ ਸਮਰਥਕ ਗ੍ਰਿਫ਼ਤਾਰ (ਵੀਡੀਓ)

Sunday, Mar 07, 2021 - 05:58 PM (IST)

ਕੈਨੇਡਾ : ਤਿਰੰਗਾ ਕਾਰ ਰੈਲੀ ''ਚ ਹਮਲਾ ਕਰਨ ਵਾਲਾ ਖਾਲਿਸਤਾਨ ਸਮਰਥਕ ਗ੍ਰਿਫ਼ਤਾਰ (ਵੀਡੀਓ)

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਵਿਚ ਤਿਰੰਗਾ ਕਾਰ ਰੈਲੀ ਦੌਰਾਨ ਹਮਲਾ ਕਰਨ ਵਾਲੇ ਖਾਲਿਸਤਾਨ ਸਮਰਥਕ ਇਕ ਸ਼ਖਸ ਨੂੰ ਪੁਲਸ ਨੇ ਗ੍ਰਿਫ਼ਤਾਰ ਕਰ ਲਿਆ। 28 ਫਰਵਰੀ ਨੂੰ ਆਯੋਜਿਤ ਤਿਰੰਗਾ-ਮੇਪਲ ਕਾਰ ਰੈਲੀ ਦੌਰਾਨ ਹਿੰਸਾ ਦੇ ਮਾਮਲੇ ਵਿਚ ਪੁਲਸ ਵੱਲੋਂ ਹਾਲੇ ਕੁਝ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਦੀਆਂ ਹਨ। ਓਂਟਾਰੀਓ ਪੁਲਸ ਮੁਤਾਬਕ 28 ਫਰਵਰੀ ਨੂੰ ਸ਼ਾਮ 4 ਵਜੇ ਬ੍ਰੈਮਪਟਨ ਵਿਚ ਰੈਲੀ ਵਿਚ ਸ਼ਾਮਲ ਬੀਬੀ ਦੀ ਕਾਰ ਸਾਹਮਣੇ ਅਚਾਨਕ ਇਕ ਸ਼ਖਸ ਆ ਗਿਆ।ਇਸ ਮਗਰੋਂ ਬੀਬੀ ਅਤੇ ਉਸ ਦੇ ਪਤੀ ਨਾਲ ਉਸ ਦੀ ਬਹਿਸ ਹੋਣ ਲੱਗੀ ਅਤੇ ਉਸ ਸ਼ਖਸ ਨੇ ਬੀਬੀ 'ਤੇ ਹਮਲਾ ਕਰ ਦਿੱਤਾ। ਪੁਲਸ ਨੇ ਗ੍ਰਿਫ਼ਤਾਰ ਕੀਤੇ ਗਏ ਸ਼ਖਸ ਦੀ ਪਛਾਣ ਉਜਾਗਰ ਨਹੀਂ ਕੀਤੀ ਹੈ। ਉਸ ਦੀ ਉਮਰ 27 ਸਾਲ ਹੈ ਅਤੇ ਉਹ ਗ੍ਰੇਟਰ ਟੋਰਾਂਟੋ ਖੇਤਰ ਦਾ ਰਹਿਣ ਵਾਲਾ ਹੈ।

 

ਇੱਥੇ ਦੱਸ ਦਈਏ ਕਿ ਭਾਰਤ ਦੀ ਬਣੀ ਕੋਵਿਡ ਵੈਕਸੀਨ ਕੈਨੇਡਾ ਪਹੁੰਚਣ ਦੀ ਖੁਸ਼ੀ ਵਿਚ ਐਤਵਾਰ ਨੂੰ ਤਿਰੰਗਾ-ਮੇਪਲ ਕਾਰ ਰੈਲੀ ਦਾ ਆਯੋਜਨ ਕੀਤਾ ਗਿਆ ਸੀ। ਇਸ ਰੈਲੀ ਵਿਚ ਭਾਰਤੀ ਤਿਰੰਗੇ ਅਤੇ ਕੈਨੇਡਾ ਦੇ ਝੰਡੇ ਲੱਗੀਆਂ ਹੋਈਆਂ 350 ਕਾਰਾਂ ਸ਼ਾਮਲ ਹੋਈਆਂ ਸਨ। ਇਸ ਰੈਲੀ ਦੌਰਾਨ ਹਿੰਸਾ ਭੜਕ ਗਈ ਜਿਸ ਦੇ ਵੀਡੀਓ ਵੀ ਮਿਲੇ ਹਨ। ਵੀਡੀਓ ਵਿਚ ਹਿੰਸਾ ਲਈ ਜ਼ਿੰਮੇਵਾਰ ਕੁਝ ਪ੍ਰਦਰਸ਼ਨਕਾਰੀਆਂ ਦੇ ਹੱਥਾਂ ਵਿਚ ਖਾਲਿਸਤਾਨੀ ਝੰਡੇ ਵੀ ਨਜ਼ਰ ਆ ਰਹੇ ਹਨ।

 

ਹਿੰਸਾ ਦੀ ਇਹ ਘਟਨਾ ਅਜਿਹੇ ਸਮੇਂ ਵਿਚ ਸਾਹਮਣੇ ਆਈ ਹੈ ਜਦੋਂ ਭਾਰਤ ਵਿਚ ਲਾਗੂ ਤਿੰਨ ਨਵੇਂ ਖੇਤੀ ਕਾਨੂੰਨਾਂ ਦੇ ਪੱਖ ਵਿਚ ਬੋਲਣ ਵਾਲੇ ਲੋਕਾਂ ਨੂੰ ਧਮਕੀ ਦੇਣ ਦੀਆਂ ਖ਼ਬਰਾਂ ਮਿਲੀਆਂ ਸਨ। ਹਿੰਦੁਸਤਾਨ ਟਾਈਮਜ਼ ਨੇ 8 ਫਰਵਰੀ ਨੂੰ ਇਸ ਸਬੰਧੀ ਆਪਣੀ ਰਿਪੋਰਟ ਵਿਚ ਦੱਸਿਆ ਸੀ ਕਿ ਕਿਵੇਂ ਭਾਰਤ ਸਮਰਥਕ ਲੋਕਾਂ ਨੂੰ ਹਮਲੇ ਦੀ ਧਮਕੀ ਦਿੱਤੀ ਜਾ ਰਹੀ ਹੈ। ਇਸ ਦੇ ਇਲਾਵਾ ਕੈਨੇਡਾ ਵਿਚ ਖੇਤੀ ਕਾਨੂੰਨਾਂ  ਖ਼ਿਲਾਫ਼ ਅੰਦੋਲਨ ਨੂੰ ਖਾਲਿਸਤਾਨੀਆਂ ਨੇ ਹਾਈਜੈਕ ਕਰ ਲਿਆ ਹੈ।

ਪੜ੍ਹੋ ਇਹ ਅਹਿਮ ਖਬਰ- ਭਾਰਤੀ ਮੂਲ ਦੀ ਵਿਦਿਆਰਥਣ 'ਯੂਰਪ ਮੈਥ ਉਲੰਪੀਆਡ' ਲਈ ਚੁਣੀ ਗਈ ਸਭ ਤੋਂ ਘੱਟ ਉਮਰ ਦੀ ਮੈਂਬਰ

ਹਾਲੇ ਵੀ ਰੈਲੀ ਵਿਚ ਸ਼ਾਮਲ ਲੋਕਾਂ ਨੂੰ ਮਿਲ ਰਹੀਆਂ ਧਮਕੀਆਂ 
ਰੈਲੀ ਦਾ ਆਯੋਜਨ ਕਰਨ ਵਾਲੇ ਲੋਕਾਂ ਨੇ ਹਿੰਦੁਸਤਾਨ ਟਾਈਮਜ਼ ਨੂੰ ਦੱਸਿਆ ਕਿ ਕਿ ਇਸ ਸੰਬੰਧ ਵਿਚ ਹਿੰਸਾ, ਧਮਕੀ, ਪਰੇਸ਼ਾਨ ਕਰਨ ਦੀਆਂ ਘੱਟੋ-ਘੱਟ 15 ਸ਼ਿਕਾਇਤਾਂ ਪੁਲਸ ਵਿਚ ਦਰਜ ਕਰਾਈਆਂ ਗਈਆਂ ਹਨ। ਰੈਲੀ ਦੇ ਇਕ ਆਯੋਜਕ ਨੇ ਨਾਮ ਨਾ ਦੱਸਣ ਦੀ ਸ਼ਰਤ 'ਤੇ ਕਿਹਾ ਕਿ ਪੁਲਸ ਵੱਲੋਂ ਆਉਣ ਵਾਲੇ ਦਿਨਾਂ ਵਿਚ ਕੁਝ ਹੋਰ ਗ੍ਰਿਫ਼ਤਾਰੀਆਂ ਕੀਤੀਆਂ ਜਾ ਸਕਦੀਆਂ ਹਨ।

ਨੋਟ- ਤਿਰੰਗਾ ਕਾਰ ਰੈਲੀ 'ਚ ਹਮਲਾ ਕਰਨ ਵਾਲਾ ਖਾਲਿਸਤਾਨ ਸਮਰਥਕ ਗ੍ਰਿਫ਼ਤਾਰ, ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News