ਟਰੂਡੋ ਨੇ ਵਧਾਈ ਕੋਰੋਨਾ ਵਾਰੀਅਰਜ਼ ਦੀ ਤਨਖਾਹ, 4 ਬਿਲੀਅਨ ਡਾਲਰ ਦਾ ਬਜਟ ਤੈਅ

Saturday, May 09, 2020 - 06:22 PM (IST)

ਟਰੂਡੋ ਨੇ ਵਧਾਈ ਕੋਰੋਨਾ ਵਾਰੀਅਰਜ਼ ਦੀ ਤਨਖਾਹ, 4 ਬਿਲੀਅਨ ਡਾਲਰ ਦਾ ਬਜਟ ਤੈਅ

ਓਟਾਵਾ (ਬਿਊਰੋ): ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੋਰੋਨਾ ਵਾਰੀਅਰਜ਼ ਲਈ ਵੱਡਾ ਐਲਾਨ ਕੀਤਾ। ਐਲਾਨ ਮੁਤਾਬਕ ਟਰੂਡੋ ਦੀ ਸਰਕਾਰ ਨੇ ਸਾਰੇ ਸੂਬਿਆਂ ਦੇ ਨਾਲ ਇਕ ਸਮਝੌਤਾ ਕੀਤਾ ਹੈ। ਇਸ ਦੇ ਬਾਅਦ ਸਾਰੇ ਸੂਬੇ ਇਸ ਗੱਲ 'ਤੇ ਸਹਿਮਤ ਹੋਏ ਹਨ ਕਿ ਅਜਿਹੇ ਲੋਕ ਜੋ ਦੇਸ਼ ਵਿਚ ਕੋਰੋਨਾਵਾਇਰਸ ਮਹਾਮਾਰੀ ਦੇ ਦੌਰਾਨ ਦੇਸ਼ ਅਤੇ ਮਰੀਜ਼ਾਂ ਦੀ ਸੇਵਾ ਵਿਚ ਲੱਗੇ ਹੋਏ ਹਨ ਅਤੇ ਜਿਹੜੇ ਹਸਪਤਾਲਾਂ ਵਿਚ ਤਾਇਨਾਤ ਹਨ ਉਹਨਾਂ ਦੀ ਤਨਖਾਹ ਵਿਚ ਵਾਧਾ ਕੀਤਾ ਜਾਵੇਗਾ। ਇਸ ਵਧੀ ਹੋਈ ਤਨਖਾਹ ਦਾ ਜਿਹੜਾ ਬੋਝ ਹੋਵੇਗਾ ਉਸ ਨੂੰ ਸੂਬਾਈ ਸਰਕਾਰਾਂ ਅਤੇ ਸਾਰੇ ਖੇਤਰਾਂ ਵੱਲੋਂ ਚੁੱਕਿਆ ਜਾਵੇਗਾ। ਕੈਨੇਡਾ ਦੀ ਸਰਕਾਰ ਨੇ ਇਹ ਫੈਸਲਾ ਅਜਿਹੇ ਸਮੇਂ ਵਿਚ ਕੀਤਾ ਜਦੋਂ ਦੇਸ਼ ਵਿਚ ਬੇਰੋਜ਼ਗਾਰੀ 40 ਸਾਲਾਂ ਵਿਚ ਸਰਬ ਉੱਚ ਪੱਧਰ 'ਤੇ ਪਹੁੰਚ ਚੁੱਕੀ ਹੈ।

ਟਰੂਡੋ ਸਰਕਾਰ ਨੇ ਇਸ ਲਈ 4 ਬਿਲੀਅਨ ਡਾਲਰ ਦਾ ਬਜਟ ਤੈਅ ਕੀਤਾ ਹੈ। ਸਰਕਾਰ ਦਾ ਮੰਨਣਾ ਹੈ ਕਿ ਕੋਰੋਨਾ ਵਰਕਰਜ਼ ਇਹਨੀ ਦਿਨੀਂ ਅਸਧਾਰਨ ਕੰਮ ਕਰ ਰਹੇ ਹਨ ਪਰ ਉਹਨਾਂ ਨੂੰ ਤਨਖਾਹ ਬਹੁਤ ਘੱਟ ਮਿਲ ਰਹੀ ਹੈ। ਟਰੂਡੋ ਨੇ ਕਿਹਾ,''ਜੇਕਰ ਤੁਸੀਂ ਆਪਣੀ ਸਿਹਤ ਨੂੰ ਖਤਰੇ ਵਿਚ ਪਾ ਕੇ ਇਸ ਦੇਸ਼ ਨੂੰ ਅੱਗੇ ਵਧਾ ਰਹੇ ਹੋ ਅਤੇ ਬਹੁਤ ਘੱਟ ਤਨਖਾਹ ਲੈ ਰਹੇ ਹੋ ਤਾਂ ਤੁਸੀਂ ਅਸਲ ਵਿਚ ਵਾਧੇ ਦੇ ਹੱਕਦਾਰ ਹੋ।'' ਕੋਰੋਨਾਵਾਇਰਸ ਮਹਾਮਾਰੀ ਸ਼ੁਰੂ ਹਣ ਦੇ ਬਾਅਦ ਤੋਂ ਕੈਨੇਡਾ ਵਿਚ ਹੁਣ ਤੱਕ 30 ਲੱਖ ਤੋਂ ਵਧੇਰੇ ਲੋਕ ਬੇਰੋਜ਼ਗਾਰ ਹੋ ਚੁੱਕੇ ਹਨ। ਇਹ ਗੱਲ ਪਿਛਲੇ ਦਿਨੀਂ ਆਈ ਸਟੈਟੇਟਿਕਸ ਕੈਨੇਡਾ ਦੀ ਰਿਪੋਰਟ ਵਿਚ ਕਹੀ ਗਈ। 

ਪੜ੍ਹੋ ਇਹ ਅਹਿਮ ਖਬਰ- ਆਸਟ੍ਰੇਲੀਆ 'ਚ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਸਰਹੱਦੀ ਪਾਬੰਦੀਆਂ ਜੁਲਾਈ ਤੋਂ ਹਟਣ ਦੀ ਸੰਭਾਵਨਾ

ਰਿਪੋਰਟ ਮੁਤਾਬਕ ਮਾਰਚ ਦੀ  ਤੁਲਨਾ ਵਿਚ ਅਪ੍ਰੈਲ ਵਿਚ ਕਰੀਬ ਦੁੱਗਣੇ ਲੋਕ ਬੇਰੋਜ਼ਗਾਰ ਹੋਏ। ਮਾਰਚ ਵਿਚ ਕੈਨੇਡਾ ਵਿਚ 10 ਲੱਖ ਤੋਂ ਵਧੇਰੇ ਲੋਕਾਂ ਦੀ ਨੌਕਰੀ ਚਲੀ ਗਈ। ਅਪ੍ਰੈਲ ਵਿਚ ਕਰੀਬ 20 ਲੱਖ ਲੋਕ ਬੇਰੋਜ਼ਗਾਰ ਹੋਏ। ਇਸ ਦੇ ਨਾਲ ਹੀ ਕੈਨੇਡਾ ਵਿਚ ਬੋਰੇਜ਼ਗਾਰੀ ਦਰ 5.2 ਫੀਸਦੀ ਵੱਧ ਕੇ 13 ਫੀਸਦੀ 'ਤੇ ਪਹੁੰਚ ਗਈ ਜੋ ਦਸੰਬਰ 1982 ਤੋਂ ਹੁਣ ਤੱਕ ਦਾ ਦੂਜਾ ਸਭ ਤੋਂ ਵੱਡਾ ਅੰਕੜਾ ਹੈ। ਸਟੈਟੇਟਿਕਸ ਕੈਨੇਡਾ ਨੇ ਕਿਹਾ ਕਿ 11 ਲੱਖ ਲੋਕ ਅਜਿਹੇ ਹਨ ਜੋ ਮਹਾਮਾਰੀ ਦੇ ਕਾਰਨ ਕੰਪਨੀਆਂ ਦੇ ਬੰਦ ਹੋਣ ਕਾਰਨ ਕੰਮ ਨਹੀਂ ਕਰ ਪਾਏ ਅਤੇ ਜਿਹਨਾਂ ਨੇ ਦੂਜਾ ਕੰਮ ਲੱਭਣਾ ਬੰਦ ਕਰ ਦਿੱਤਾ।


author

Vandana

Content Editor

Related News