ਟਰੰਪ ਦੇ ਬਾਅਦ ਟਰੂਡੋ ਤੇ ਬੋਰਿਸ ਨੇ ਮਿਜ਼ਾਈਲ ਨਾਲ ਜਹਾਜ਼ ਡਿੱਗਣ ਦੀ ਮੰਨੀ ਗੱਲ (ਵੀਡੀਓ)

01/10/2020 9:51:55 AM

ਟੋਰਾਂਟੋ/ਲੰਡਨ (ਬਿਊਰੋ): ਈਰਾਨ ਦੇ ਤੇਹਰਾਨ ਨੇੜੇ ਬੁੱਧਵਾਰ ਨੂੰ ਯੂਕਰੇਨ ਦਾ ਯਾਤਰੀ ਜਹਾਜ਼ ਹਾਦਸਾਗ੍ਰਸਤ ਹੋਇਆ ਸੀ। ਇਸ ਹਾਦਸੇ ਵਿਚ ਜਹਾਜ਼ ਵਿਸ ਸਵਾਰ ਸਾਰੇ 176 ਯਾਤਰੀਆਂ ਦੀ ਮੌਤ ਹੋ ਗਈ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਬਾਅਦ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਅਤੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਇਸ ਹਾਦਸੇ ਨੂੰ ਲੈ ਕੇ ਵੱਡਾ ਦਾਅਵਾ ਕੀਤਾ ਹੈ।ਉਹਨਾਂ ਮੁਤਾਬਕ ਈਰਾਨ ਨੇ ਹੀ ਮਿਜ਼ਾਈਲ ਨਾਲ ਇਸ ਜਹਾਜ਼ ਨੂੰ ਨਿਸ਼ਾਨਾ ਬਣਾਇਆ ਸੀ। 

ਟਰੂਡੋ ਨੇ ਕਿਹਾ ਕਿ ਉਹਨਾਂ ਨੂੰ ਖੁਫੀਆ ਸੂਤਰਾਂ ਤੋਂ ਜਾਣਕਾਰੀ ਮਿਲੀ ਹੈ ਕਿ ਯੂਕਰੇਨ ਏਅਰਲਾਈਨ ਦਾ ਜਹਾਜ਼  ਤੇਹਰਾਨ ਤੋਂ ਟੇਕਆਫ ਕਰਨ ਦੇ ਠੀਕ ਬਾਅਦ ਕਿਸੇ ਸਰਫੇਸ-ਟੂ-ਏਅਰ ਮਿਜ਼ਾਈਲ ਨਾਲ ਟਕਰਾ ਕੇ ਡਿੱਗ ਪਿਆ ਸੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਟਰੂਡੋ ਨੇ ਕਿਹਾ,''ਹੋ ਸਕਦਾ ਹੈ ਕਿ ਇਹ ਜਾਣਬੁੱਝ ਕੇ ਨਾ ਕੀਤਾ ਗਿਆ ਹੋਵੇ ਪਰ ਕੈਨੇਡੀਅਨ ਨਾਗਰਿਕਾਂ ਦੇ ਕੁਝ ਸਵਾਲ ਹਨ ਅਤੇ ਉਹਨਾਂ ਦਾ ਜਵਾਬ ਦਿੱਤਾ ਜਾਣਾ ਜ਼ਰੂਰੀ ਹੈ।'' ਇੱਥੇ ਦੱਸ ਦਈਏ ਕਿ ਯੂਕਰੇਨ ਏਅਰਲਾਈਨ ਦੇ ਹਾਦਗਾਗ੍ਰਸਤ ਹੋਏ ਜਹਾਜ਼ ਵਿਚ 63 ਕੈਨੇਡੀਅਨ, 82 ਈਰਾਨੀ, 11 ਯੂਕਰੇਨੀ, 10 ਸਵੀਡਨ ਅਤੇ ਜਰਮਨੀ-ਬ੍ਰਿਟੇਨ ਦੇ 3-3 ਨਾਗਰਿਕ ਮਾਰੇ ਗਏ ਸਨ।

ਦੂਜੇ ਪਾਸੇ ਬ੍ਰਿਟਿਸ਼ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਵੀ ਕਿਹਾ ਕਿ ਇਸ ਗੱਲ ਦੇ ਕਈ ਸਬੂਤ ਹਨ ਕਿ ਯੂਕਰੇਨ ਏਅਰਾਲਾਈਨ ਦਾ ਜਹਾਜ਼ ਈਰਾਨ ਦੀ ਇਕ ਸਰਫੇਸ-ਟੂ-ਏਅਰ ਮਿਜ਼ਾਈਲ ਲੱਗਣ ਨਾਲ ਡਿੱਗਿਆ ਸੀ। ਉਹਨਾਂ ਨੇ ਕਿਹਾ,''ਹੋ ਸਕਦਾ ਹੈ ਕਿ ਇਹ ਗਲਤੀ ਨਾਲ ਹੋਇਆ ਹੋਵੇ ਪਰ ਬ੍ਰਿਟੇਨ ਲਗਾਤਾਰ ਸਾਰੇ ਪੱਖਾਂ ਤੋਂ ਪੱਛਮੀ ਏਸ਼ੀਆ ਵਿਚ ਤਣਾਅ ਦੂਰ ਕਰਨ ਦੀ ਅਪੀਲ ਕਰਦਾ ਹੈ।'' ਇਸ ਤੋਂ ਪਹਿਲਾਂ ਅਮਰੀਕੀ ਮੀਡੀਆ ਰਿਪੋਰਟਾਂ ਵਿਚ ਕਿਹਾ ਗਿਆ ਸੀ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵੀਰਵਾਰ ਨੂੰ ਅਫਸਰਾਂ ਦੇ ਨਾਲ ਬੈਠਕ ਵਿਚ ਖਦਸ਼ਾ ਜ਼ਾਹਰ ਕੀਤਾ ਸੀ ਕਿ ਯੂਕਰੇਨ ਦਾ ਬੋਇੰਗ-737 ਈਰਾਨੀ ਮਿਜ਼ਾਈਲ ਲੱਗਣ ਨਾਲ ਹੀ ਡਿੱਗਿਆ ਸੀ।

ਕੈਨੇਡਾ ਅਤੇ ਬ੍ਰਿਟੇਨ ਦੇ ਇਸ ਦਾਅਵੇ 'ਤੇ ਈਰਾਨ ਨੇ ਸਬੂਤ ਮੰਗੇ ਹਨ। ਈਰਾਨੀ ਸਰਕਾਰ ਨੇ ਕਿਹਾ ਕਿ ਜਹਾਜ਼ ਨਾਲ ਮਿਜ਼ਾਈਲ ਲੱਗਣ ਦੀ ਗੱਲ ਬੇਤੁਕੀ ਹੈ ਕਿਉਂਕਿ ਉਸ ਸਮੇਂ ਕਈ ਹੋਰ ਘਰੇਲੂ ਅਤੇ ਅੰਤਰਰਾਸ਼ਟਰੀ ਜਹਾਜ਼ ਉਸੇ ਹਵਾਈ ਖੇਤਰ ਵਿਚ ਉਡਾਣ ਭਰ ਰਹੇ ਸਨ। ਅਜਿਹਾ ਲੱਗਦਾ ਹੈ ਕਿ ਇਹ ਸਾਰੀਆਂ ਰਿਪੋਰਟਾਂ ਈਰਾਨ ਦੇ ਵਿਰੁੱਧ ਮਨੋਵਿਗਿਆਨਿਕ ਯੁੱਧ ਛੇੜਨ ਲਈ ਹਨ। ਜਿਹੜੇ ਦੇਸ਼ਾਂ ਦੇ ਨਾਗਰਿਕ ਜਹਾਜ਼ ਹਾਦਸੇ ਵਿਚ ਮਾਰੇ ਗਏ ਉਹ ਆਪਣਾ ਪ੍ਰਤੀਨਿਧੀ ਭੇਜ ਸਕਦੇ ਹਨ। ਅਸੀਂ ਬੋਇੰਗ ਤੋਂ ਅਪੀਲ ਕਰਦੇ ਹਾਂ ਕਿ ਉਹ ਬਲੈਕ ਬਾਕਸ ਦੀ ਜਾਂਚ ਲੈ ਕੇ ਆਉਣ।

ਇਸ ਵਿਚ ਅਮਰੀਕਾ ਦੇ ਨੈਸ਼ਨਲ ਟਰਾਂਸਪੋਟੇਸ਼ਨ ਸੇਫਟੀ ਬੋਰਡ (ਐੱਨ.ਟੀ.ਐੱਸ.ਬੀ.) ਨੇ ਕਿਹਾ ਕਿ ਉਸ ਨੂੰ ਈਰਾਨ ਵੱਲੋਂ ਜਹਾਜ਼ ਹਾਦਸੇ ਦੀ ਜਾਂਚ ਲਈ ਨੋਟੀਫਿਕੇਸ਼ਨ ਮਿਲਿਆ ਹੈ। ਅਸਲ ਵਿਚ ਬੋਇੰਗ 737-800 ਦਾ ਨਿਰਮਾਣ ਅਮਰੀਕੀ ਕੰਪਨੀ ਬੋਇੰਗ ਹੀ ਕਰਦੀ ਹੈ। ਅੰਤਰਰਾਸ਼ਟਰੀ ਨਿਯਮਾਂ ਦੇ ਮੁਤਾਬਕ ਜੇਕਰ ਕੋਈ ਦੇਸ਼ ਚਾਹੇ ਤਾਂ ਹਾਦਸੇ ਦੀ ਜਾਣਕਾਰੀ ਲੈਣ ਲਈ ਜਹਾਜ਼ ਨਿਰਮਾਤਾ ਕੰਪਨੀ ਨੂੰ ਬੁਲਾ ਸਕਦਾ ਹੈ। ਐੱਨ.ਟੀ.ਐੱਸ.ਬੀ. ਨੇ ਕਿਹਾ ਕਿ ਉਹ ਜਲਦੀ ਹੀ ਆਪਣੇ ਇਕ ਅਫਸਰ ਨੂੰ ਕਰੈਸ਼ ਦੀ ਜਾਂਚ ਦੇ ਲਈ ਭੇਜੇਗੀ। 

ਉੱਧਰ ਯੂਕਰੇਨ ਇੰਟਰਨੈਸ਼ਨਲ ਏਅਰਲਾਈਨਜ਼ (ਯੂ.ਆਈ.ਏ.) ਨੇ ਤਕਨੀਕੀ ਖਰਾਬੀ ਨੂੰ ਮੰਨਣ ਤੋਂ ਸਾਫ ਇਨਕਾਰ ਕਰ ਦਿੱਤਾ ਹੈ। ਏਅਰਲਾਈਨ ਦੇ ਵਾਈਸ ਪ੍ਰੈਜੀਡੈਂਟ ਇਹੋਰ ਸੋਂਸਨੋਵਸਕੀ ਨੇ ਕਿਹਾ ਕਿ ਇਸ ਗੱਲ ਦੀ ਸੰਭਾਵਨਾ ਨਹੀਂ ਹੈ ਕਿ ਹਾਦਸਾ ਕਿਸੇ ਤਕਨੀਕੀ ਖਰਾਬੀ ਕਾਰਨ ਵਾਪਰਿਆ ਸੀ।


Vandana

Content Editor

Related News