ਕੈਨੇਡਾ ਨੇ ਭਾਰਤ ਲਈ ਰਾਤੋ-ਰਾਤ ਬਦਲੀ Travel Advisory, ਪਹਿਲਾਂ ਨਾਗਰਿਕਾਂ ਨੂੰ ਦਿੱਤੀ ਸੀ ਇਹ Warning

Wednesday, Sep 20, 2023 - 10:00 AM (IST)

ਕੈਨੇਡਾ ਨੇ ਭਾਰਤ ਲਈ ਰਾਤੋ-ਰਾਤ ਬਦਲੀ Travel Advisory, ਪਹਿਲਾਂ ਨਾਗਰਿਕਾਂ ਨੂੰ ਦਿੱਤੀ ਸੀ ਇਹ Warning

ਇੰਟਰਨੈਸ਼ਨਲ ਡੈਸਕ : ਖ਼ਾਲਿਸਤਾਨ ਦੇ ਮੁੱਦੇ 'ਤੇ ਅਲੱਗ-ਥਲੱਗ ਪਈ ਕੈਨੇਡਾ ਦੀ ਟਰੂਡੋ ਸਰਕਾਰ ਨੇ ਭਾਰਤ ਲਈ ਰਾਤੋ-ਰਾਤ ਆਪਣੀ ਟ੍ਰੈਵਲ ਐਡਵਾਈਜ਼ਰੀ ਬਦਲ ਦਿੱਤੀ ਹੈ। ਕੈਨੇਡਾ ਸਰਕਾਰ ਨੇ ਆਪਣੀ ਨਵੀਂ ਐਡਵਾਈਜ਼ਰੀ 'ਚ ਨਾਗਰਿਕਾਂ ਨੂੰ ਕਿਹਾ ਹੈ ਕਿ ਉਹ ਸੁਰੱਖਿਆ ਕਾਰਨਾਂ ਕਰਕੇ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ਦੀ ਯਾਤਰਾ ਤੋਂ ਗੁਰੇਜ਼ ਕਰਨ। ਉੱਥੇ ਅੱਤਵਾਦ ਕਾਰਨ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਕੈਨੇਡਾ ਦੀ ਸਰਕਾਰ ਨੇ ਆਪਣੀ ਟ੍ਰੈਵਲ ਐਡਵਾਈਜ਼ਰੀ 'ਚ ਭਾਰਤ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੱਦਾਖ ਨੂੰ ਸ਼ਾਮਲ ਨਹੀਂ ਕੀਤਾ ਹੈ। ਇਸ ਦੇ ਨਾਲ ਹੀ ਸਰਕਾਰ ਨੇ ਆਸਾਮ 'ਚ ਵੀ ਨਾ ਜਾਣ ਦੀ ਆਪਣੇ ਨਾਗਰਿਕਾਂ ਨੂੰ ਹਦਾਇਤ ਕੀਤੀ ਹੈ।

ਇਹ ਵੀ ਪੜ੍ਹੋ : ਪੰਜਾਬ 'ਚ IELTS ਸੈਂਟਰ ਚਲਾਉਣ ਵਾਲਿਆਂ ਲਈ ਵੱਡੀ ਖ਼ਬਰ, ਸਰਕਾਰ ਨੇ ਤਿਆਰ ਕੀਤਾ ਐਕਸ਼ਨ ਪਲਾਨ
ਪਹਿਲਾਂ ਪੂਰੇ ਭਾਰਤ ਲਈ ਜਾਰੀ ਕੀਤੀ ਸੀ ਐਡਵਾਈਜ਼ਰੀ
ਇਸ ਤੋਂ ਪਹਿਲਾਂ ਟਰੂਡੋ ਸਰਕਾਰ ਨੇ ਪੰਜਾਬ ਸਮੇਤ ਪੂਰੇ ਭਾਰਤ 'ਚ ਆਪਣੇ ਨਾਗਰਿਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਸੀ, ਜਿਸ ਨੂੰ ਬੀਤੀ ਰਾਤ ਬਦਲ ਦਿੱਤਾ ਗਿਆ। ਪਹਿਲਾਂ ਕੈਨੇਡਾ ਨੇ ਆਪਣੇ ਨਾਗਰਿਕਾਂ ਨੂੰ ਸਲਾਹ ਦਿੱਤੀ ਸੀ ਕਿ ਭਾਰਤ 'ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 10 ਕਿਲੋਮੀਟਰ ਦੇ ਘੇਰੇ ਅੰਦਰ ਜਾਣ ਤੋਂ ਗੁਰੇਜ਼ ਕਰਨ। ਸਰਕਾਰ ਨੇ ਪੰਜਾਬ, ਜੰਮੂ-ਕਸ਼ਮੀਰ, ਗੁਜਰਾਤ ਅਤੇ ਰਾਜਸਥਾਨ 'ਚ ਸੁਰੱਖਿਆ ਨਾਲ ਜੁੜੇ ਹਾਲਾਤ ਪੈਦਾ ਹੋਣ ਦਾ ਖ਼ਦਸ਼ਾ ਜਤਾਇਆ ਸੀ। ਕੈਨੇਡਾ ਸਰਕਾਰ ਦੀ ਵੈੱਬਸਾਈਟ ਮੁਤਾਬਕ ਨਾਗਰਿਕਾਂ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਭਾਰਤ ਵਿਚ ਸਾਵਧਾਨੀ ਨਾਲ ਰਹਿਣ ਕਿਉਂਕਿ ਭਾਰਤ ਵਿਚ ਅੱਤਵਾਦੀ ਹਮਲੇ ਹੋ ਸਕਦੇ ਹਨ।

ਇਹ ਵੀ ਪੜ੍ਹੋ : ਅਗਲੇ ਸਾਲ JEE Main, Neet ਤੇ NTA ਦੀ ਪ੍ਰੀਖਿਆ ਦੇਣ ਵਾਲਿਆਂ ਲਈ ਜ਼ਰੂਰੀ ਖ਼ਬਰ
ਨਰਮ ਪਏ PM ਟਰੂਡੋ ਦੇ ਤੇਵਰ
ਇਸ ਮਾਮਲੇ ਦੇ ਵੱਧਣ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਦੇ ਤੇਵਰ ਨਰਮ ਪੈ ਗਏ ਹਨ। ਹੁਣ ਉਨ੍ਹਾਂ ਦਾ ਨਵਾਂ ਬਿਆਨ ਸਾਹਮਣੇ ਆਇਆ ਹੈ ਕਿ ਉਹ ਭਾਰਤ ਨੂੰ ਭੜਕਾਉਣਾ ਜਾਂ ਤਣਾਅ ਵਧਾਉਣਾ ਨਹੀਂ ਚਾਹੁੰਦੇ ਹਨ। ਹਾਲਾਂਕਿ ਉਹ ਚਾਹੁੰਦੇ ਹਨ ਕਿ ਭਾਰਤ ਇਸ ਮੁੱਦੇ ਨੂੰ ਠੀਕ ਢੰਗ ਨਾਲ ਸੰਬੋਧਨ ਕਰੇ। ਟਰੂਡੋ ਨੇ ਪੱਤਰਾਕਾਰਾਂ ਨਾਲ ਗੱਲ ਕਰਦੇ ਹੋਏ ਕਿਹਾ ਸੀ ਕਿ ਭਾਰਤ ਸਰਕਾਰ ਨੂੰ ਇਸ ਮਾਮਲੇ ਨੂੰ ਬੇਹੱਦ ਗੰਭੀਰਤਾ ਨਾਲ ਲੈਣ ਦੀ ਲੋੜ ਹੈ। ਅਸੀਂ ਅਜਿਹਾ ਕਰ ਰਹੇ ਹਾਂ, ਅਸੀਂ ਉਨ੍ਹਾਂ ਨੂੰ ਉਕਸਾਉਣ ਜਾਂ ਇਸ ਨੂੰ ਅੱਗੇ ਵਧਾਉਣ ਬਾਰੇ ਨਹੀਂ ਸੋਚ ਰਹੇ ਹਾਂ।
ਜਾਣੋ ਕਿਸ ਗੱਲੋਂ ਵਧਿਆ ਮਾਮਲਾ
ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਖ਼ਾਲਿਸਤਾਨੀ ਅੱਤਵਾਦੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੂੰ ਲੈ ਕੇ ਭਾਰਤ 'ਤੇ ਗੰਭੀਰ ਦੋਸ਼ ਲਾਏ ਸਨ ਅਤੇ ਭਾਰਤ ਦੇ ਡਿਪਲੋਮੈਟ ਨੂੰ ਬਰਖ਼ਾਸਤ ਕਰ ਦਿੱਤਾ ਸੀ। ਇਸ ਮਗਰੋਂ ਭਾਰਤ ਨੇ ਕੈਨੇਡਾ ਦੇ ਸਾਰੇ ਦੋਸ਼ਾਂ ਨੂੰ ਰੱਦ ਕਰਦਿਆਂ ਕੈਨੇਡਾ ਦੇ ਸੀਨੀਅਰ ਡਿਪਲੋਮੈਟ ਨੂੰ 5 ਦਿਨਾਂ ਅੰਦਰ ਭਾਰਤ ਛੱਡਣ ਦਾ ਹੁਕਮ ਦੇ ਦਿੱਤਾ ਸੀ, ਜਿਸ ਤੋਂ ਬਾਅਦ ਭਾਰਤ ਅਤੇ ਕੈਨੇਡਾ ਵਿਚਕਾਰ ਤਲਖੀ ਵੱਧ ਗਈ ਸੀ ਪਰ ਹੁਣ ਇਸ ਮਾਮਲੇ ਸਬੰਧੀ ਕੈਨੇਡਾ ਦੇ ਤੇਵਰ ਨਰਮ ਪੈ ਗਏ ਹਨ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 
 


author

Babita

Content Editor

Related News