ਕੈਨੇਡਾ ਦਾ ਚੀਨ ਨੂੰ ਜ਼ੋਰਦਾਰ ਝਟਕਾ, ਟਰੂਡੋ ਨੇ ਕਰ 'ਤਾ ਵੱਡਾ ਐਲਾਨ

Saturday, Jul 04, 2020 - 12:21 AM (IST)

ਕੈਨੇਡਾ ਦਾ ਚੀਨ ਨੂੰ ਜ਼ੋਰਦਾਰ ਝਟਕਾ, ਟਰੂਡੋ ਨੇ ਕਰ 'ਤਾ ਵੱਡਾ ਐਲਾਨ

ਓਟਾਵਾ— ਹਾਂਗਕਾਂਗ 'ਤੇ ਚੀਨ ਵੱਲੋਂ ਮਨਮਰਜ਼ੀ ਨਾਲ ਨਵਾਂ ਕਾਨੂੰਨ ਥੋਪੇ ਜਾਣ ਦਾ ਵਿਸ਼ਵ ਭਰ 'ਚ ਵਿਰੋਧ ਹੋ ਰਿਹਾ ਹੈ। ਇਸ ਸਾਬਕਾ ਬ੍ਰਿਟਿਸ਼ ਕਲੋਨੀ 'ਤੇ ਰਾਸ਼ਟਰੀ ਸੁਰੱਖਿਆ ਕਾਨੂੰਨ ਲਾਗੂ ਕਰਨ ਦੇ ਚੀਨ ਦੇ ਇਸ ਕਦਮ ਦੇ ਮੱਦੇਨਜ਼ਰ ਕੈਨੇਡਾ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ। ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਚੀਨ ਦੀ ਕੋਈ ਨਿਆਂਇਕ ਸੁਤੰਰਤਤਾ ਨਹੀਂ ਹੈ ਅਤੇ ਸ਼ਾਸਨ ਦੇ ਨਿਰਦੇਸ਼ਾਂ 'ਤੇ ਦੋਸ਼ ਤੈਅ ਤੇ ਟ੍ਰਾਇਲ ਹੁੰਦੇ ਹਨ।

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸ਼ੁੱਕਰਵਾਰ ਨੂੰ ਐਲਾਨ ਕੀਤਾ ਕਿ ਕੈਨੇਡਾ ਹਾਂਗਕਾਂਗ ਨਾਲ ਆਪਣੀ ਹਵਾਲਗੀ ਸੰਧੀ ਨੂੰ ਮੁਲਤਵੀ ਕਰ ਰਿਹਾ ਹੈ ਅਤੇ ਬੀਜਿੰਗ ਵੱਲੋਂ ਹਾਂਗਕਾਂਗ 'ਤੇ ਥੋਪੇ ਗਏ ਨਵੇਂ ਰਾਸ਼ਟਰੀ ਸੁਰੱਖਿਆ ਕਾਨੂੰਨ ਦੇ ਮੱਦੇਨਜ਼ਰ ਇਸ ਖੇਤਰ ਨੂੰ ਹੁਣ ਵਪਾਰ 'ਚ ਵਿਸ਼ੇਸ਼ ਦਰਜਾ ਨਹੀਂ ਮਿਲੇਗਾ। ਵਿਦੇਸ਼ ਮੰਤਰੀ ਫ੍ਰਾਂਸਕੋਇਸ-ਫਿਲਿਪ ਨੇ ਵੀ ਕਿਹਾ ਕਿ ਓਟਾਵਾ ਹਾਂਗਕਾਂਗ ਨੂੰ ਸੰਵੇਦਨਸ਼ੀਲ ਫੌਜੀ ਸਾਜੋ-ਸਾਮਾਨਾਂ ਦੀ ਬਰਾਮਦ 'ਤੇ ਵੀ ਰੋਕ ਲਾਵੇਗਾ। ਇਸ ਹਫਤੇ ਦੇ ਸ਼ੁਰੂ 'ਚ ਸੰਯੁਕਤ ਰਾਜ ਅਮਰੀਕਾ ਨੇ ਵੀ ਹਾਂਗਕਾਂਗ ਨਾਲ ਵਪਾਰ ਘਟਾਉਣ ਅਤੇ ਉਸ ਨੂੰ ਮਿਲਟਰੀ ਸਾਜੋ-ਸਾਮਾਨ ਵੇਚਣ 'ਤੇ ਰੋਕ ਲਾਉਣ ਦਾ ਫੈਸਲਾ ਕੀਤਾ ਸੀ।

ਟਰੂਡੋ ਨੇ ਕਿਹਾ, “ਆਉਣ ਵਾਲੇ ਦਿਨਾਂ ਅਤੇ ਹਫਤਿਆਂ 'ਚ ਅਸੀਂ ਹਾਂਗਕਾਂਗਰਜ਼ ਲਈ ਇਮੀਗ੍ਰੇਸ਼ਨ ਸਮੇਤ ਹੋਰ ਉਪਾਅ ਵੀ ਵੇਖਾਂਗੇ।'' ਜ਼ਿਕਰਯੋਗ ਹੈ ਕਿ ਹਾਂਗਕਾਂਗ 'ਚ ਤਕਰੀਬਨ 300,000 ਕੈਨੇਡੀਅਨ ਰਹਿੰਦੇ ਹਨ। ਚੀਨ ਦੇ ਕਾਨੂੰਨ ਨਾਲ ਕਿਸੇ ਨਾਲ ਵੀ ਧੱਕੇਸ਼ਾਹੀ ਹੋ ਸਕਦੀ ਹੈ।

ਕੀ ਹੈ ਚੀਨ ਦਾ ਕਾਨੂੰਨ-
ਹਾਂਗਕਾਂਗ ਪਹਿਲਾਂ ਬ੍ਰਿਟਿਸ਼ ਕੋਲ ਸੀ, 1997 'ਚ ਉਸ ਨੇ ਇਸ ਨੂੰ ਚੀਨ ਨੂੰ ਇਕ ਦੇਸ਼ ਦੋ ਸਿਸਟਮ ਦੇ ਸਮਝੌਤੇ 'ਤੇ ਦਿੱਤਾ ਸੀ, ਜੋ 50 ਸਾਲ ਯਾਨੀ 2047 ਤੱਕ ਲਾਗੂ ਰਹਿਣਾ ਸੀ। ਇਸ ਤਹਿਤ ਹਾਂਗਕਾਂਗ ਦੇ ਲੋਕਾਂ ਨੂੰ ਵਿਸ਼ੇਸ਼ ਆਜ਼ਾਦੀ ਪ੍ਰਾਪਤ ਸੀ, ਜੋ ਮੁੱਖ ਭੂਮੀ ਚੀਨ 'ਚ ਨਹੀਂ ਹੈ ਪਰ ਚੀਨ ਨੇ ਇਸ ਦੀ ਉਲੰਘਣਾ ਕਰਕੇ ਹਾਂਗਕਾਂਗ 'ਤੇ ਜ਼ਬਰਦਸਤੀ ਖੁਦ ਦਾ ਕਾਨੂੰਨ ਥੋਪ ਦਿੱਤਾ ਹੈ। ਇਸ ਨਵੇਂ ਕਾਨੂੰਨ ਤਹਿਤ ਵੱਖਵਾਦੀ, ਅੱਤਵਾਦ, ਵਿਦੇਸ਼ੀ ਤਾਕਤਾਂ ਨਾਲ ਮਿਲੀਭੁਗਤ ਦੇ ਦੋਸ਼ਾਂ 'ਚ ਉਮਰ ਭਰ ਸਜ਼ਾ ਦੇਣ ਦੀ ਵਿਵਸਥਾ ਕੀਤੀ ਗਈ ਹੈ। ਇਹ ਹਾਂਗਕਾਂਗ ਦੀ ਹਿਰਾਸਤ 'ਚ ਰੱਖੇ ਕਿਸੇ ਵੀ ਵਿਅਕਤੀ ਨੂੰ ਮੁੱਖ ਭੂਮੀ ਚੀਨ 'ਚ ਹਵਾਲਗੀ ਦੀ ਵੀ ਮਨਜ਼ੂਰੀ ਦਿੰਦਾ ਹੈ।


author

Sanjeev

Content Editor

Related News