ਕੈਨੇਡਾ ''ਚ ਪੱਕੇ ਹੋਣ ਦੇ ਇਛੁੱਕ ਲੋਕਾਂ ਲਈ ਖ਼ੁਸ਼ਖ਼ਬਰੀ, ਹਰ ਦੂਜੇ ਹਫ਼ਤੇ ਨਿਕਲੇਗੀ ਲਾਟਰੀ

Tuesday, Jan 19, 2021 - 03:54 PM (IST)

ਕੈਨੇਡਾ ''ਚ ਪੱਕੇ ਹੋਣ ਦੇ ਇਛੁੱਕ ਲੋਕਾਂ ਲਈ ਖ਼ੁਸ਼ਖ਼ਬਰੀ, ਹਰ ਦੂਜੇ ਹਫ਼ਤੇ ਨਿਕਲੇਗੀ ਲਾਟਰੀ

ਟੋਰਾਂਟੋ- ਕੈਨੇਡਾ ਪੱਕੇ ਹੋਣ ਦੇ ਇਛੁੱਕ ਲੋਕਾਂ ਲਈ ਸਾਲ 2021 ਵੱਡੀ ਰਾਹਤ ਲੈ ਕੇ ਆਇਆ ਹੈ। ਵਿਦੇਸ਼ ਤੋਂ ਕੈਨੇਡਾ ਦੀ ਧਰਤੀ 'ਤੇ ਪੁੱਜਣ ਵਾਲੇ ਲੋਕਾਂ ਨੂੰ ਇੱਥੇ ਪੱਕੇ ਹੋਣ ਦੇ ਕਈ ਮੌਕੇ ਮਿਲ ਸਕਦੇ ਹਨ। ਪੱਕੀ ਇਮੀਗ੍ਰੇਸ਼ਨ ਨਾਲ ਕੈਨੇਡਾ ਵਿਚ ਵਸੇਬਾ ਕਰਨ ਲਈ ਐਕਸਪ੍ਰੈੱਸ ਐਂਟਰੀ ਰਾਹੀਂ ਹਰ ਹਫ਼ਤੇ ਡਰਾਅ ਲਾਟਰੀ ਕੱਢਣ ਦਾ ਸਿਲਸਿਲਾ ਬੀਤੇ ਸਾਲ ਵਾਂਗ ਜਾਰੀ ਰਹੇਗਾ। ਪਿਛਲੇ ਹਫ਼ਤੇ 2021 ਦੇ ਪਹਿਲੇ ਡਰਾਅ ਵਿਚ ਐਕਸਪ੍ਰੈੱਸ ਐਂਟਰੀ ਦੇ 4,750 ਉਮੀਦਵਾਰਾਂ ਨੂੰ ਕੈਨੇਡੀਅਨ ਐਕਸਪੀਰੀਐਂਸ ਕਲਾਸ (ਸੀ. ਈ. ਸੀ.) ਤਹਿਤ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਦਿੱਤਾ ਗਿਆ ਹੈ। ਇਸ ਡਰਾਅ ਵਿਚ 461 ਜਾਂ ਇਸ ਤੋਂ ਵੱਧ ਸੀ. ਆਰ. ਐੱਸ. ਸਕੋਰ ਵਾਲੇ ਉਮੀਦਵਾਰਾਂ ਦੀ ਵੀ ਚੋਣ ਹੋਈ ਹੈ। 

ਦੱਸ ਦਈਏ ਕਿ 2020 'ਚ ਤਾਂ ਇਕ ਸਮੇਂ ਇਹ ਸਕੋਰ 415 ਤੱਕ ਡਿੱਗ ਗਿਆ ਸੀ ਤੇ ਸਾਰੇ ਸਾਲ ਦੌਰਾਨ 1,07,350 ਉਮੀਦਵਾਰਾਂ ਨੂੰ ਪੱਕੀ ਇਮੀਗ੍ਰੇਸ਼ਨ ਅਪਲਾਈ ਕਰਨ ਦਾ ਮੌਕਾ ਮਿਲਿਆ ਸੀ। ਕੈਨੇਡਾ ਵਲੋਂ 2021 'ਚ 4,01,000 ਇਮੀਗ੍ਰਾਂਟਾਂ ਦਾ ਟੀਚਾ ਮਿੱਥਿਆ ਗਿਆ ਹੈ, ਜਿਸ ਨੂੰ ਪੂਰਾ ਕਰਨ ਲਈ ਦੇਸ਼ ਅੰਦਰ ਅਤੇ ਵਿਦੇਸ਼ਾਂ ਤੋਂ ਐਕਸਪ੍ਰੈੱਸ ਐਂਟਰੀ ਦੇ ਉਮੀਦਵਾਰਾਂ ਨੂੰ ਹਰੇਕ ਦੂਸਰੇ ਹਫ਼ਤੇ ਮੌਕਾ ਮਿਲੇਗਾ। 

ਦੱਸ ਦਈਏ ਕਿ ਕੈਨੇਡਾ ਦੇ ਸੂਬਿਆਂ ਵਲੋਂ ਸੂਬਾਈ ਨਾਮਿਨੀ (ਪੀ. ਐੱਨ. ਪੀ.) ਤਹਿਤ ਵੀ ਇਸ ਸਾਲ ਦੇ ਡਰਾਅ ਕੱਢਣੇ ਸ਼ੁਰੂ ਕਰ ਦਿੱਤੇ ਗਏ ਹਨ, ਜਿਨ੍ਹਾਂ 'ਚ ਕੈਨੇਡਾ 'ਚ ਪੜ੍ਹਾਈ ਕਰਕੇ ਵਰਕ ਪਰਮਿਟ ਲੈ ਚੁੱਕੇ ਢੁਕਵੇਂ ਉਮੀਦਵਾਰਾਂ ਨੂੰ ਪੱਕੇ ਹੋਣ ਦਾ ਮੌਕਾ ਮਿਲ ਰਿਹਾ ਹੈ। ਇਹ ਉਨ੍ਹਾਂ ਲਈ ਵੱਡਾ ਮੌਕਾ ਹੈ, ਜੋ ਪੜ੍ਹਾਈ ਕਰਕੇ ਇੱਥੇ ਵਸੇਬੇ ਦੇ ਸੁਫ਼ਨੇ ਸਜਾਈ ਬੈਠੇ ਹਨ। ਸਟੱਡੀ ਪਰਮਿਟ ਦੇ ਨਾਲ-ਨਾਲ ਪੱਕੇ ਵੀਜ਼ੇ ਵੀ ਜਾਰੀ ਕੀਤੇ ਜਾ ਰਹੇ ਹਨ ਤੇ ਇਹ ਸੁਨਹਿਰੀ ਮੌਕਾ ਹੈ। 

ਕੋਰੋਨਾ ਵਾਇਰਸ ਕਾਰਨ ਫਿਲਹਾਲ ਵਿਦੇਸ਼ੀ ਵਿਦਿਆਰਥੀਆਂ ਨੂੰ ਆਪਣੇ ਦੇਸ਼ਾਂ 'ਚ ਰਹਿੰਦੇ ਹੋਏ ਕੈਨੇਡੀਅਨ ਵਿੱਦਿਅਕ ਅਦਾਰੇ 'ਚ ਆਨਲਾਈਨ ਪੜ੍ਹਨ ਦੀ ਸਲਾਹ ਦਿੱਤੀ ਗਈ ਹੈ। ਉਨ੍ਹਾਂ ਨੂੰ ਅਪ੍ਰੈਲ 2021 ਤੱਕ ਕੈਨੇਡਾ 'ਚ ਪੁੱਜ ਕੇ ਆਪਣੀ ਪੜ੍ਹਾਈ ਜਾਰੀ ਰੱਖਣ ਅਤੇ ਵਰਕ ਪਰਮਿਟ ਅਪਲਾਈ ਕਰਨ ਦਾ ਮੌਕਾ ਦਿੱਤਾ ਜਾਵੇਗਾ। ਖ਼ਾਸ ਗੱਲ ਇਹ ਹੈ ਕਿ ਇਹ ਹਰ ਉਮੀਦਵਾਰ ਨੂੰ ਉਮਰ, ਪੜ੍ਹਾਈ, ਕਿੱਤੇ ਦੇ ਤਜਰਬੇ ਅਤੇ ਅੰਗਰੇਜ਼ੀ ਦੇ ਗਿਆਨ ਸਦਕਾ ਮੌਕੇ ਮਿਲਣਗੇ। ਐੱਲ. ਐੱਮ. ਆਈ. ਏ. ਖ਼ਰੀਦ ਤੋਂ ਬਿਨਾਂ ਹੀ ਨੌਜਵਾਨ ਮੁੰਡੇ-ਕੁੜੀਆਂ ਆਪਣੀ ਯੋਗਤਾ ਦੇ ਆਧਾਰ 'ਤੇ ਪੱਕੇ ਹੋ ਸਕਦੇ ਹਨ। ਲੇਬਰ ਮਾਰਕਿਟ ਇਮਪੈਕਟ ਅਸੈਸਮੈਂਟ (ਐੱਲ. ਐੱਮ. ਆਈ. ਏ.) ਇਕ ਅਜਿਹਾ ਦਸਤਾਵੇਜ਼ ਹੈ, ਜਿਸ ਨੂੰ ਕੈਨੇਡਾ ਵਿਚ ਕਿਸੇ ਮਾਲਕ ਦੁਆਰਾ ਵਿਦੇਸ਼ੀ ਕਾਮੇ ਦੀ ਨੌਕਰੀ ਤੋਂ ਪਹਿਲਾਂ ਪ੍ਰਾਪਤ ਕਰਨ ਦੀ ਲੋੜ ਹੋ ਸਕਦੀ ਹੈ। ਐਕਸਪ੍ਰੈੱਸ ਐਂਟਰੀ ਦਾ ਡਰਾਅ ਨਿਕਲਣ ਤੋਂ ਬਾਅਦ ਭਰੀ ਜਾਂਦੀ ਪੱਕੀ ਇਮੀਗ੍ਰੇਸ਼ਨ ਦੀ ਅਰਜ਼ੀ ਦਾ ਆਮ ਤੌਰ 'ਤੇ ਫ਼ੈਸਲਾ 6 ਕੁ ਮਹੀਨਿਆਂ 'ਚ ਹੋ ਜਾਂਦਾ ਹੈ।
 


author

Lalita Mam

Content Editor

Related News