ਕੈਨੇਡਾ ਫੈਡਰਲ ਚੋਣਾਂ : ਕੋਰੋਨਾ ਪ੍ਰੋਟੋਕੋਲ ਤੋੜਨ ’ਤੇ ਜਸਟਿਨ ਟਰੂਡੋ ਆਏ ਵਿਵਾਦਾਂ ’ਚ

Friday, Sep 17, 2021 - 06:20 PM (IST)

ਕੈਨੇਡਾ ਫੈਡਰਲ ਚੋਣਾਂ : ਕੋਰੋਨਾ ਪ੍ਰੋਟੋਕੋਲ ਤੋੜਨ ’ਤੇ ਜਸਟਿਨ ਟਰੂਡੋ ਆਏ ਵਿਵਾਦਾਂ ’ਚ

ਇੰਟਰਨੈਸ਼ਨਲ ਡੈਸਕ : ਕੈਨੇਡਾ ’ਚ ਹੋਣ ਵਾਲੀਆਂ ਫੈਡਰਲ ਚੋਣਾਂ ਤੋਂ ਪਹਿਲਾਂ ਲਿਬਰਲ ਪਾਰਟੀ ਦੇ ਨੇਤਾ ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਇਕ ਵਾਰ ਮੁੜ ਵਿਵਾਦਾਂ ’ਚ ਆ ਗਏ ਹਨ। ਇਸ ਵਾਰ ਪ੍ਰਧਾਨ ਮੰਤਰੀ ਟਰੂਡੋ ’ਤੇ ਕੋਰੋਨਾ ਪ੍ਰੋਟੋਕੋਲ ਤੋੜਨ ਦਾ ਦੋਸ਼ ਲੱਗਾ ਹੈ। ਵਿਰੋਧੀ ਨੇਤਾਵਾਂ ਨੇ ਦੋਸ਼ ਲਾਇਆ ਕਿ ਟਰੂਡੋ ਨੇ ਟੋਰਾਂਟੋ ਦੇ ਇਕ ਉਪਨਗਰ ’ਚ ਇਕ ਵੱਡਾ ਇਨਡੋਰ ਮੁਹਿੰਮ ਪ੍ਰੋਗਰਾਮ ਆਯੋਜਿਤ ਕਰ ਕੇ ਸਿਹਤ ਤੇ ਸੁਰੱਖਿਆ ਮਾਪਦੰਡਾਂ ਦੀ ਉਲੰਘਣਾ ਕੀਤੀ ਹੈ। ਜ਼ਿਕਰਯੋਗ ਹੈ ਕਿ ਫੈਡਰਲ ਚੋਣਾਂ ’ਚ ਜਸਟਿਨ ਟਰੂਡੋ ਦੀ ਪਾਰਟੀ ਨੇ ਕੋਰੋਨਾ ਮਹਾਮਾਰੀ ਦੇ ਪ੍ਰਬੰਧਨ ਨੂੰ ਇਕ ਮੁੱਖ ਮੁੱਦਾ ਬਣਾ ਦਿੱਤਾ ਹੈ।

ਇਹ ਵੀ ਪੜ੍ਹੋ : ਅੱਤਵਾਦ ਤੇ ਕੱਟੜਵਾਦ ਦਾ ਮੁਕਾਬਲਾ ਕਰਨ ਲਈ ਸਾਂਝੀ ਰਣਨੀਤੀ ਬਣਾਵੇ SCO : ਮੋਦੀ

ਇਹ ਪ੍ਰੋਗਰਾਮ ਮੰਗਲਵਾਰ ਨੂੰ ਬ੍ਰੈਂਪਟਨ ਸ਼ਹਿਰ ’ਚ ਗ੍ਰੇਟਰ ਟੋਰਾਂਟੋ ਏਰੀਆ ਦੇ ਸੰਸਦ ਮੈਂਬਰਾਂ ਦੇ ਸਮਰਥਨ ’ਚ ਆਯੋਜਿਤ ਕੀਤਾ ਗਿਆ ਸੀ, ਜਿਸ ਵਿਚ ਭਾਰਤੀ-ਕੈਨੇਡੀਆਈ ਰੂਬੀ ਸਹੋਤਾ ਤੇ ਕਮਲ ਖਹਿਰਾ ਸ਼ਾਮਲ ਹਨ। ਵਿਰੋਧੀ ਧਿਰ ਨੇ ਰੈਲੀ ਦੀਆਂ ਤਸਵੀਰਾਂ ਤੇ ਵੀਡੀਓ ਜਾਰੀ ਕੀਤੀਆਂ ਹਨ, ਜਿਨ੍ਹਾਂ ’ਚ ਵੱਡੀ ਭੀੜ ਨੂੰ ਸੋਸ਼ਲ ਡਿਸਟੈਂਸਿੰਗ ਦੀ ਪਾਲਣਾ ਨਾ ਕਰਦਿਆਂ ਦੇਖਿਆ ਗਿਆ। ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਰਿਨ ਓ’ਟੋਲ ਨੇ ਕਿਊਬੇਕ ਸੂਬੇ ਦੇ ਸਗੁਐਨੇ ’ਚ ਪ੍ਰਚਾਰ ਕਰਦਿਆਂ ਕਿਹਾ ਕਿ ਜਸਟਿਨ ਟਰੂਡੋ ਨੇ ਕਾਮਨਸੈਂਸ ਤੇ ਸੋਸ਼ਲ ਡਿਸਟੈਂਸਿੰਗ ਦੇ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਤੇ ਖਚਾਖਚ ਭਰੇ ਕਮਰੇ ’ਚ ਇਕ ਪ੍ਰੋਗਰਾਮ ਦਾ ਆਯੋਜਨ ਕੀਤਾ। ਇਹ ਉਹੀ ਟਰੂਡੋ ਹਨ, ਜੋ ਆਪਣੇ ਉਨ੍ਹਾਂ ਨਿਯਮਾਂ ਬਾਰੇ ਦੱਸਦੇ ਹਨ, ਜਿਨ੍ਹਾਂ ਦੀ ਉਹ ਖ਼ੁਦ ਪਾਲਣਾ ਨਹੀਂ ਕਰਦੇ।

ਉਥੇ ਹੀ ਆਪਣੇ ਉਪਰ ਲੱਗੇ ਦੋਸ਼ਾਂ ਨੂੰ ਲੈ ਕੇ ਲਿਬਰਲ ਪਾਰਟੀ ਨੇ ਕਿਹਾ ਕਿ ਵੈਨਿਊ ਦੀ ਸਮਰੱਥਾ 1000 ਲੋਕਾਂ ਦੀ ਸੀ ਤੇ ਉਥੇ ਸਿਰਫ 400 ਲੋਕਾਂ ਨੇ ਹਿੱਸਾ ਲਿਆ। ਇਸੇ ਕਾਰਨ ਪ੍ਰੋਗਰਾਮ ਦਾ ਆਯੋਜਨ ਓਂਟਾਰੀਆ ਸੂਬਿਆਂ ਦੇ ਨਿਯਮਾਂ ਮੁਤਾਬਕ ਹੀ ਕੀਤਾ ਗਿਆ ਸੀ। ਹੈਲੀਫੈਕਸ ’ਚ ਇਕ ਪ੍ਰੋਗਰਾਮ ’ਚ ਟਰੂਡੋ ਨੇ ਵੀ ਆਪਣੇ ’ਤੇ ਲੱਗੇ ਦੋਸ਼ਾਂ ਦਾ ਬਚਾਅ ਕਰਦਿਆਂ ਕਿਹਾ ਕਿ ਸਾਰੇ ਜਨਤਕ ਸਿਹਤ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਗਈ ਸੀ। ਇਸ ਦੌਰਾਨ ਟਰੂਡੋ ਨੇ ਐਰਿਨ ਓ’ਟੋਲ ’ਤੇ ਟੀਕਾਕਰਨ ਵਿਰੋਧੀ ਸਮੂਹਾਂ ਦਾ ਸਮਰਥਨ ਕਰਨ ਦਾ ਦੋਸ਼ ਲਾਇਆ। 
 


author

Manoj

Content Editor

Related News