ਕੈਨੇਡਾ 'ਚ ਕੋਰੋਨਾ ਪੀੜਤਾਂ ਦੇ ਮਾਮਲੇ 3.10 ਲੱਖ ਤੋਂ ਪਾਰ, ਦਿਨੋਂ-ਦਿਨ ਵੱਧ ਰਹੀ ਚਿੰਤਾ

Thursday, Nov 19, 2020 - 10:27 AM (IST)

ਕੈਨੇਡਾ 'ਚ ਕੋਰੋਨਾ ਪੀੜਤਾਂ ਦੇ ਮਾਮਲੇ 3.10 ਲੱਖ ਤੋਂ ਪਾਰ, ਦਿਨੋਂ-ਦਿਨ ਵੱਧ ਰਹੀ ਚਿੰਤਾ

ਓਟਾਵਾ- ਕੈਨੇਡਾ ਵਿਚ ਕੋਰੋਨਾ ਪੀੜਤਾਂ ਦੀ ਗਿਣਤੀ ਦਿਨੋਂ-ਦਿਨ ਵੱਧਦੀ ਜਾ ਰਹੀ ਹੈ ਤੇ ਹੁਣ ਇਹ 3.10 ਲੱਖ ਤੋਂ ਪਾਰ ਹੋ ਗਈ ਹੈ। ਬੁੱਧਵਾਰ ਸ਼ਾਮ ਨੂੰ ਮਿਲੀ ਜਾਣਕਾਰੀ ਮੁਤਾਬਕ ਕੈਨੇਡਾ ਵਿਚ ਹੁਣ ਤੱਕ 3,10,350 ਲੋਕ ਕੋਰੋਨਾ ਵਾਇਰਸ ਦੇ ਸ਼ਿਕਾਰ ਹੋ ਚੁੱਕੇ ਹਨ। ਬੁੱਧਵਾਰ ਤੱਕ ਇੱਥੇ ਕੋਰੋਨਾ ਕਾਰਨ ਮਰਨ ਵਾਲਿਆਂ ਦੀ ਗਿਣਤੀ 11,176 ਹੋ ਗਈ ਹੈ। 

ਕੈਨੇਡਾ ਦੀ ਸਿਹਤ ਏਜੰਸੀ ਨੇ ਜਾਣਕਾਰੀ ਦਿੱਤੀ ਕਿ 6 ਨਵੰਬਰ ਤੋਂ ਰੋਜ਼ਾਨਾ ਲਗਭਗ 4,776 ਨਵੇਂ ਮਾਮਲੇ ਸਾਹਮਣੇ ਆ ਰਹੇ ਹਨ, ਜਿਸ ਤੋਂ ਭਾਵ ਹੈ ਕਿ ਟੈਸਟ ਕਰਵਾਉਣ ਵਾਲੇ 6.6 ਫ਼ੀਸਦੀ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆ ਰਹੀ ਹੈ। 

ਇਸ ਤੋਂ ਪਹਿਲਾਂ ਕੈਨੇਡਾ ਵਿਚ ਕੋਰੋਨਾ ਦੇ ਬਹੁਤ ਘੱਟ ਮਾਮਲੇ ਦਰਜ ਹੋ ਰਹੇ ਸਨ ਪਰ ਸਤੰਬਰ ਤੋਂ ਬਾਅਦ ਲਗਾਤਾਰ ਕੋਰੋਨਾ ਦੇ ਮਾਮਲੇ ਰਿਕਾਰਡ ਤੋੜਦੇ ਨਜ਼ਰ ਆ ਰਹੇ ਹਨ। ਜ਼ਿਕਰਯੋਗ ਹੈ ਕਿ ਕੈਨੇਡਾ ਦੇ ਗੁਆਂਢੀ ਦੇਸ਼ ਅਮਰੀਕਾ ਵਿਚ ਕੋਰੋਨਾ ਵਾਇਰਸ ਦੇ ਮਾਮਲੇ ਸਭ ਤੋਂ ਵੱਧ ਹਨ ਤੇ ਵਾਰ-ਵਾਰ ਕੈਨੇਡਾ ਤੇ ਅਮਰੀਕਾ ਦੇ ਕੋਰੋਨਾ ਮਾਮਲਿਆਂ ਦੀ ਤੁਲਨਾ ਕੀਤੀ ਜਾਂਦੀ ਸੀ ਤੇ ਕਿਹਾ ਜਾਂਦਾ ਸੀ ਕਿ ਕੈਨੇਡਾ ਨੇ ਕੋਰੋਨਾ ਸਥਿਤੀ ਨੂੰ ਬਹੁਤ ਵਧੀਆ ਤਰੀਕੇ ਨਾਲ ਸੰਭਾਲਿਆ ਹੈ ਪਰ ਹੁਣ ਲਗਾਤਾਰ ਮਾਮਲੇ ਵੱਧਦੇ ਜਾ ਰਹੇ ਹਨ। ਦੋਹਾਂ ਦੇਸ਼ਾਂ ਨੇ ਬਿਨਾਂ ਜ਼ਰੂਰੀ ਕੰਮ ਦੇ ਲੋਕਾਂ ਨੂੰ ਇਕ-ਦੂਜੇ ਦੇ ਦੇਸ਼ ਵਿਚ ਨਾ ਜਾਣ ਦੀ ਸਲਾਹ ਦਿੱਤੀ ਹੈ। ਇਸੇ ਲਈ ਕਿਹਾ ਜਾ ਰਿਹਾ ਹੈ ਕਿ ਦੋਵੇਂ ਦੇਸ਼ ਅਜੇ ਸਰਹੱਦ ਨੂੰ ਬੰਦ ਹੀ ਰੱਖਣਗੇ। 

ਪਿਛਲੇ ਹਫ਼ਤੇ ਕੈਨੇਡਾ ਦੇ ਸਿਹਤ ਮੁਖੀ ਥੈਰੇਸਾ ਟੈਮ ਨੇ ਕਿਹਾ ਸੀ ਕਿ ਜੇਕਰ ਕੈਨੇਡਾ ਨੇ ਅਜੇ ਵੀ ਸਖ਼ਤ ਪਾਬੰਦੀਆਂ ਲਾ ਕੇ ਲੋਕਾਂ ਨੂੰ ਮਿਲਣ-ਜੁਲਣ ਤੋਂ ਨਾ ਰੋਕਿਆ ਤਾਂ ਦਸੰਬਰ ਤੱਕ ਰੋਜ਼ਾਨਾ 10,000 ਨਵੇਂ ਮਾਮਲੇ ਦਰਜ ਹੋ ਸਕਦੇ ਹਨ। 


author

Lalita Mam

Content Editor

Related News