ਕੈਨੇਡਾ : ਕੰਜ਼ਰਵੇਟਿਵ ਪਾਰਟੀ ਨੇ ਸਿੱਖ ਐੱਮ. ਪੀ. ਨੂੰ ਸੌਂਪੀ ਅਹਿਮ ਜ਼ਿੰਮੇਵਾਰੀ
Saturday, Sep 05, 2020 - 03:44 PM (IST)
ਓਟਾਵਾ- ਕੈਨੇਡਾ ਵਿਚ ਬੀਤੇ ਦਿਨੀਂ ਮੁੱਖ ਵਿਰੋਧੀ ਪਾਰਟੀ ਦੇ ਆਗੂ ਵਜੋਂ ਚੁਣੇ ਗਏ ਐਰਿਨ ਓ ਟੂਲ ਨੇ ਆਪਣੀ ਨਵੀਂ ਟੀਮ ਦਾ ਗਠਨ ਕੀਤਾ। ਟੂਲ ਨੇ ਨਵੀਂ 'ਹਾਊਸ ਲੀਡਰਸ਼ਿਪ ਟੀਮ' ਵਿਚ ਸਿੱਖ ਐੱਮ. ਪੀ. ਟਿਮ ਉੱਪਲ ਨੂੰ ਅਹਿਮ ਜ਼ਿੰਮੇਵਾਰੀ ਸੌਂਪੀ ਹੈ। ਟਿਮ ਐਡਮਿੰਟਨ ਮਿਲ ਵੁਡਜ਼ ਤੋਂ ਐੱਮ. ਪੀ. ਹਨ। ਉਨ੍ਹਾਂ ਟਵਿੱਟਰ 'ਤੇ ਆਪਣੀ ਤੇ ਟੂਲ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ ਕਿ ਉਹ ਹਾਊਸ ਲੀਡਰਸ਼ਿਪ ਟੀਮ ਦੇ ਇਕ ਹਿੱਸੇ ਵਜੋਂ ਅਤੇ ਸੰਸਦ ਮੈਂਬਰ ਵਜੋਂ ਕੈਨੇਡੀਅਨਾਂ ਦੇ ਮਸਲਿਆਂ ਲਈ ਰੋਜ਼ਾਨਾ ਲੜਦੇ ਰਹਿਣਗੇ।
ਟੂਲ ਨੇ ਸਿੱਖ ਐੱਮ. ਪੀ. ਟਿਮ ਉੱਪਲ ਨੂੰ 'ਕਮਿਊਨੀਕੇਸ਼ਨ ਅਫ਼ਸਰ' ਦਾ ਅਹੁਦਾ ਸੌਂਪਿਆ ਹੈ ਜਦਕਿ ਮੈਨੀਟੋਬਾ ਤੋਂ ਐੱਮ. ਪੀ. ਕੈਂਡਿਸ ਬਰਗੇਨ ਨੂੰ ਡਿਪਟੀ ਲੀਡਰ ਚੁਣਿਆ ਹੈ। ਕੈਂਡਿਸ ਬਰਗੇਨ ਇਸ ਤੋਂ ਪਹਿਲਾਂ ਵੀ ਕੰਜ਼ਰਵੇਟਿਵ ਹਾਊਸ ਲੀਡਰ ਵਜੋਂ ਸੇਵਾਵਾਂ ਨਿਭਾਅ ਰਹੇ ਸਨ। ਉਨ੍ਹਾਂ ਨੇ ਹਾਊਸ ਆਫ਼ ਕਾਮਨਜ਼ ਵਿਚ ਕਾਰਜਸ਼ੀਲ ਕੰਮਾਂ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਦੀ ਚੋਣ ਪਹਿਲੀ ਵਾਰ 2008 ਵਿਚ ਹੋਈ ਸੀ। ਬਰਗੇਨ ਦੀ ਥਾਂ ਹਾਊਸ ਲੀਡਰ ਦੀ ਜ਼ਿੰਮੇਵਾਰੀ ਹੁਣ ਕਿਊਬਿਕ ਤੋਂ ਐੱਮ. ਪੀ. ਗੇਰਾਰਡ ਡੈਲਟੈਲ ਨੂੰ ਸੌਂਪੀ ਗਈ ਹੈ।