ਕੈਨੇਡਾ : ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰੀਊ ਨੇ ਦਿੱਤੀਆਂ ਵਿਸਾਖੀ ਦੀਆਂ ਵਧਾਈਆਂ
Saturday, Apr 14, 2018 - 01:47 PM (IST)
ਓਟਾਵਾ— ਕੈਨੇਡਾ 'ਚ ਵਿਸਾਖੀ ਦੀ ਖੁਸ਼ੀ 'ਚ ਕਈ ਧਾਰਮਿਕ ਸਮਾਗਮ ਹੋ ਰਹੇ ਹਨ। ਇਸ ਮੌਕੇ ਕੈਨੇਡਾ ਦੀ ਰਾਜਨੀਤਕ ਕੰਜ਼ਰਵੇਟਿਵ ਪਾਰਟੀ ਦੇ ਨੇਤਾ ਐਂਡਰੀਊ ਸ਼ੀਅਰ ਨੇ ਸਿੱਖਾਂ ਨੂੰ ਪੰਜਾਬੀ 'ਚ ਵਿਸਾਖੀ ਦੀਆਂ ਵਧਾਈਆਂ ਦਿੱਤੀਆਂ। ਆਪਣੇ ਸੰਦੇਸ਼ ਦੀ ਸ਼ੁਰੂਆਤ 'ਚ ਉਨ੍ਹਾਂ ਨੇ ਫਤਿਹ ਬੁਲਾਈ ਅਤੇ ਅਖੀਰ 'ਚ 'ਵਿਸਾਖੀ ਦੀਆਂ ਲੱਖ-ਲੱਖ ਵਧਾਈਆਂ' ਕਿਹਾ। ਉਨ੍ਹਾਂ ਕਿਹਾ ਕਿ ਅੱਜ ਸਿੱਖ ਆਪਣੇ ਦੋਸਤਾਂ ਅਤੇ ਪਰਿਵਾਰ ਨਾਲ ਵਿਸਾਖੀ ਮਨਾਉਣ ਲਈ ਇਕੱਠੇ ਹੋਣਗੇ। ਇਸ ਮੌਕੇ ਨਗਰ ਕੀਰਤਨ ਸਜਾਏ ਜਾਣਗੇ। ਉਨ੍ਹਾਂ ਕਿਹਾ ਕਿ ਇਸੇ ਦਿਨ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਖਾਲਸਾ ਪੰਥ ਦੀ ਸਾਜਨਾ ਕੀਤੀ ਗਈ ਸੀ ਅਤੇ ਇਸ ਦਿਵਸ 'ਤੇ ਉਹ ਵਿਸ਼ਵ ਭਰ ਦੇ ਸਿੱਖਾਂ ਨੂੰ ਦਿਲੋਂ ਵਧਾਈਆਂ ਦਿੰਦੇ ਹਨ।
ਉਨ੍ਹਾਂ ਦੇ ਦਫਤਰ ਵੱਲੋਂ ਪੰਜਾਬੀ 'ਚ ਇਕ ਈ-ਮੇਲ ਸਾਂਝੀ ਕੀਤੀ ਗਈ ਹੈ, ਜਿਸ 'ਚ ਉਨ੍ਹਾਂ ਨੇ ਸਿੱਖਾਂ ਦੀ ਅਤੇ ਸਿੱਖ ਧਰਮ ਦੀ ਸਿਫਤ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਕੈਨੇਡਾ 'ਚ ਰਹਿ ਰਹੇ ਸਿੱਖਾਂ 'ਤੇ ਮਾਣ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਸਿੱਖ ਦਿਆਲੂ, ਉਦਾਰ ਹਨ ਅਤੇ ਬਿਨਾ ਸਵਾਰਥ ਦੇ ਸੇਵਾ ਕਰਦੇ ਹਨ ਤਾਂ ਕਿ ਲੋੜਵੰਦਾਂ ਨੂੰ ਮਦਦ ਦਿੱਤੀ ਜਾ ਸਕੇ। ਤੁਹਾਨੂੰ ਦੱਸ ਦਈਏ ਕਿ ਕੈਨੇਡਾ 'ਚ ਵੱਡੀ ਗਿਣਤੀ 'ਚ ਸਿੱਖ ਰਹਿੰਦੇ ਹਨ ਅਤੇ ਉਹ ਇੱਥੋਂ ਦੀ ਰਾਜਨੀਤੀ ਨੂੰ ਵੀ ਪ੍ਰਭਾਵਿਤ ਕਰਦੇ ਹਨ। ਕੈਨੇਡਾ 'ਚ 2019 'ਚ ਪ੍ਰਧਾਨ ਮੰਤਰੀ ਦੇ ਅਹੁਦੇ ਦੀਆਂ ਚੋਣਾਂ ਹੋਣੀਆਂ ਹਨ।