ਕੈਨੇਡਾ ਦੇ ਸ਼ਰਣ ਦੇਣ ਤੋਂ ਬਾਅਦ ਬਾਗੋ-ਬਾਗ ਹੋਈ ਸਾਊਦੀ ਦੀ ਕੁੜੀ ਰਹਾਫ

01/16/2019 1:34:27 PM

ਟੋਰਾਂਟੋ(ਏਜੰਸੀ)— ਦੁਨੀਆ ਭਰ 'ਚ ਸੁਰਖੀਆਂ ਬਟੋਰਨ ਵਾਲੀ ਸਾਊਦੀ ਅਰਬ ਤੋਂ ਭੱਜੀ 18 ਸਾਲ ਦੀ ਰਹਾਫ ਮੁਹੰਮਦ ਅਲਕੁਨਾਨ ਆਪਣੇ ਨਵੇਂ ਘਰ ਕੈਨੇਡਾ ਪੁੱਜ ਗਈ ਹੈ ਅਤੇ ਬਹੁਤ ਖੁਸ਼ ਹੈ। ਕੈਨੇਡਾ ਨੇ ਉਸ ਨੂੰ ਰਾਜਨੀਤਕ ਸ਼ਰਣ ਦਿੱਤੀ ਹੈ। ਰਹਾਫ ਇਸ ਦੇ ਲਈ ਖੁਦ ਨੂੰ ਖੁਸ਼ ਕਿਸਮਤ ਮੰਨਦੀ ਹੈ। ਰਹਾਫ ਨੇ ਕਿਹਾ ਕਿ ਉਹ ਖੁਸ਼ਕਿਸਮਤ ਹੈ ਕਿ ਉਹ ਸੁਪਨਿਆਂ ਨੂੰ ਸੱਚ ਕਰ ਸਕਦੀ ਹੈ। ਉਸ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਉਹ ਆਪਣੇ ਨਾਮ ਨਾਲੋ ਆਪਣਾ ਸਰ ਨੇਮ ਅਲਕੁਨਾਨ ਹਟਾ ਰਹੀ ਹੈ ਅਤੇ ਹੁਣ ਉਹ ਸਿਰਫ ਰਹਾਫ ਮੁਹੰਮਦ ਵਜੋਂ ਜਾਣੀ ਜਾਵੇਗੀ।

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਟੋਰਾਂਟੋ ਏਅਰਪੋਰਟ 'ਤੇ ਰਹਾਫ ਦਾ ਸਵਾਗਤ ਖੁਦ ਕੈਨੇਡਾ ਦੀ ਵਿਦੇਸ਼ ਮੰਤਰੀ ਕ੍ਰਿਸਟੀਆ ਫ੍ਰੀਲੈਂਡ ਨੇ ਕੀਤਾ। ਉਨ੍ਹਾਂ ਨੇ ਕਿਹਾ ਕਿ 'ਬਹਾਦਰ ਰਹਾਫ ਅਲਕੁਨਾਨ' ਹੁਣ ਕੈਨੇਡਾ ਦੀ ਨਾਗਰਿਕ ਹੈ। ਇਕ ਦਿਨ ਪਹਿਲਾਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਰਹਾਫ ਨੂੰ ਸ਼ਰਣ ਦੇਣ ਦੀ ਘੋਸ਼ਣਾ ਕੀਤੀ ਸੀ। ਵਿਦੇਸ਼ ਮੰਤਰੀ ਨੇ ਦੱਸਿਆ ਕਿ ਕੈਨੇਡਾ 'ਚ ਰਹਾਫ ਦੇ ਠਹਿਰਣ ਦਾ ਪ੍ਰਬੰਧ ਇਮੀਗ੍ਰੇਸ਼ਨ ਸੇਵਾ ਦੀ ਨਿਰਦੇਸ਼ਕ ਮਾਰਿਓ ਕੈਲਾ ਦੇਖ ਰਹੀ ਹੈ। ਰਹਾਫ ਨੂੰ ਸਭ ਤੋਂ ਪਹਿਲਾਂ ਆਵਾਸ ਅਤੇ ਸਿਹਤ ਕਾਰਡ ਮੁਹੱਈਆ ਕਰਵਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਸਾਊਦੀ ਅਰਬ 'ਚ ਆਪਣੇ ਪਰਿਵਾਰ ਦੇ ਜ਼ੁਲਮਾਂ ਤੋਂ ਬਚਣ ਲਈ ਰਹਾਫ ਦੇਸ਼ ਛੱਡ ਕੇ ਥਾਈਲੈਂਡ ਪੁੱਜ ਗਈ ਸੀ। ਉਹ ਆਸਟਰੇਲੀਆ ਜਾਣਾ ਚਾਹੁੰਦੀ ਸੀ ਪਰ ਥਾਈ ਅਧਿਕਾਰੀਆਂ ਨੇ ਉਸ ਨੂੰ ਆਸਟਰੇਲੀਆ ਫਲਾਈਟ ਫੜਨ ਦੀ ਇਜਾਜ਼ਤ ਨਾ ਦਿੱਤੀ। ਵਾਪਸ ਸਾਊਦੀ ਅਰਬ ਭੇਜੇ ਜਾਣ ਦੇ ਡਰ ਤੋਂ ਰਹਾਫ ਨੇ ਖੁਦ ਨੂੰ ਥਾਈਲੈਂਡ ਏਅਰਪੋਰਟ ਦੇ ਹੋਟਲ 'ਚ ਕੈਦ ਕਰ ਲਿਆ ਸੀ। ਸੋਸ਼ਲ ਮੀਡੀਆ ਰਾਹੀਂ ਉਸ ਨੇ ਆਪਣੀ ਕਹਾਣੀ ਦੁਨੀਆ ਨੂੰ ਦੱਸੀ ਅਤੇ ਮਦਦ ਦੀ ਗੁਹਾਰ ਲਗਾਈ।

PunjabKesari

ਰਹਾਫ ਨੂੰ ਸ਼ਰਣ ਦੇਣ ਮਗਰੋਂ ਕਿਆਸ ਲਗਾਏ ਜਾ ਰਹੇ ਹਨ ਕਿ ਇਸ ਨਾਲ ਕੈਨੇਡਾ ਤੇ ਸਾਊਦੀ ਅਰਬ ਦੇ ਰਿਸ਼ਤਿਆਂ 'ਚ ਹੋਰ ਵੀ ਖਟਾਸ ਆ ਸਕਦੀ ਹੈ। ਕੈਨੇਡਾ ਵਲੋਂ ਸਾਊਦੀ ਅਰਬ 'ਚ ਔਰਤਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੇ ਅਧਿਕਾਰੀਆਂ ਦਾ ਸਮਰਥਨ ਕਰਨ ਕਰਕੇ ਅਗਸਤ 2018 'ਚ ਸਾਊਦੀ ਅਰਬ ਨੇ ਕੈਨੇਡਾ ਦੇ ਅੰਬੈਸਡਰਾਂ ਨੂੰ ਦੇਸ਼ ਛੱਡਣ ਦਾ ਹੁਕਮ ਦ ਕੇ  ਆਪਣੇ ਅੰਬੈਸਡਰਾਂ ਨੂੰ ਵੀ ਕੈਨੇਡਾ ਤੋਂ ਵਾਪਸ ਸੱਦ ਲਿਆ ਸੀ। ਸਾਊਦੀ ਅਰਬ ਨੇ ਕੈਨੇਡਾ 'ਚ ਪੜ੍ਹ ਰਹੇ ਆਪਣੇ ਵਿਦਿਆਰਥੀਆਂ ਨੂੰ ਵੀ ਵਾਪਸ ਸੱਦ ਲਿਆ ਸੀ। ਇਸੇ ਕਾਰਨ ਹੋ ਸਕਦਾ ਹੈ ਕਿ ਦੋਹਾਂ ਦੇਸ਼ਾਂ ਵਿਚਕਾਰ ਮੁੱਦਾ ਹੋਰ ਭੜਕ ਜਾਵੇ।
ਰਹਾਫ ਆਪਣੇ ਪਰਿਵਾਰ ਨਾਲ ਘੁੰਮਣ ਲਈ ਕੁਵੈਤ ਆਈ ਸੀ, ਜਿੱਥੇ ਉਹ ਆਪਣੇ ਪਰਿਵਾਰ ਨੂੰ ਸੁੱਤਾ ਛੱਡ ਕੇ ਭੱਜ ਗਈ। ਥਾਈਲੈਂਡ ਪੁੱਜ ਕੇ ਉਸ ਨੇ ਆਸਟਰੇਲੀਆ ਦਾ ਟੂਰਿਸਟ ਵੀਜ਼ਾ ਲਿਆ ਕਿਉਂਕਿ ਇਹ ਆਸਾਨੀ ਨਾਲ ਮਿਲ ਜਾਂਦਾ ਹੈ। ਅਖੀਰ ਉਸ ਨੂੰ ਕੈਨੇਡਾ ਤੋਂ ਸ਼ਰਣਾਰਥੀ ਵੀਜ਼ਾ ਮਿਲ ਗਿਆ।


Related News