ਕੈਨੇਡਾ : ਮੈਨੀਟੋਬਾ 'ਚ ਵਿਧਾਨ ਸਭਾ ਚੋਣਾਂ 3 ਅਕਤੂਬਰ ਨੂੰ, ਕਈ ਪੰਜਾਬੀ ਅਜਮਾ ਰਹੇ ਕਿਸਮਤ
Friday, Sep 29, 2023 - 04:51 PM (IST)

ਇੰਟਰਨੈਸ਼ਨਲ ਡੈਸਕ- ਕੈਨੇਡਾ ਵਿਖੇ ਮੈਨੀਟੋਬਾ ਸੂਬੇ ਵਿਚ 3 ਅਕਤੂਬਰ ਨੂੰ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦੀਆ ਤਿਆਰੀਆਂ ਸਿਖਰਾਂ 'ਤੇ ਹਨ। ਬੀਤੇ ਦਿਨੀਂ ਸੂਬੇ ਦੀਆਂ ਮੁੱਖ ਸਿਆਸੀ ਪਾਰਟੀਆਂ ਦੇ ਆਗੂਆਂ ਵੱਲੋਂ ਸੂਬਾਈ ਚੋਣਾਂ ਤੋਂ ਪਹਿਲਾਂ ਆਖਰੀ ਡਿਬੇਟ ਹੋਈ ਜੋ ਕਿ ਲਗਭਗ ਇਕ ਘੰਟਾ ਚੱਲੀ। ਇਸ ਬਹਿਸ ਦੌਰਾਨ ਸਿਹਤ ਸੰਭਾਲ, ਰਹਿਣ-ਸਹਿਣ ਦੇ ਖਰਚੇ ਅਤੇ ਹੋਰ ਮੁੱਦਿਆਂ 'ਤੇ ਆਪਣਾ ਏਜੰਡਾ ਵੋਟਰਾਂ ਸਾਹਮਣੇ ਰੱਖਿਆ ਗਿਆ। 57 ਮੈਂਬਰੀ ਵਿਧਾਨ ਸਭਾ ਦੀਆਂ 38 ਸੀਟਾਂ ਸਿਰਫ਼ ਰਾਜਧਾਨੀ ਵਿਨੀਪੈਗ ਵਿਚ ਹੀ ਹਨ ਅਤੇ ਇਸ ਵਾਰ 8 ਦੇ ਕਰੀਬ ਪੰਜਾਬੀ ਉਮੀਦਵਾਰ ਚੋਣ ਮੈਦਾਨ ਖੇਤਰ ਵਿਚ ਹਨ, ਜਿਹਨਾਂ ਵਿਚੋਂ ਬੁਰਰੋਜ਼ ਹਲਕੇ ਤੋਂ ਐੱਨ.ਡੀ.ਪੀ. ਦੇ ਵਿਧਾਇਕ ਦਿਲਜੀਤ ਪਾਲ ਬਰਾੜ ਅਤੇ ਮੈਪਲ ਹਲਕੇ ਤੋਂ ਐੱਨ.ਡੀ.ਪੀ. ਵਿਧਾਇਕ ਮਿੰਟੂ ਸੰਧੂ ਆਪਣੀ ਦੂਜੀ ਪਾਰੀ ਖੇਡਣ ਜਾ ਰਹੇ ਹਨ।
ਮੈਪਲ ਹਲਕੇ ਦੀ ਸੀਟ ਜੋ ਕਿ ਲੰਬੇ ਸਮੇਂ ਤੋਂ ਐੱਨ.ਡੀ.ਪੀ. ਕੋਲ ਹੈ ਤੇ ਲਗਭਗ ਪਿਛਲੇ 20 ਸਾਲਾਂ ਤੋਂ ਇੱਥੇ ਪੰਜਾਬੀ ਉਮੀਦਵਾਰ ਹੀ ਜਿੱਤਦਾ ਰਿਹਾ ਹੈ ਤੇ ਇਸ ਵਾਰ ਵੀ ਮੁੱਖ ਮੁਕਾਬਲਾ ਐੱਨ.ਡੀ.ਪੀ. ਦੇ ਮਿੰਟੂ ਸੰਧੂ ਤੇ ਪੀ.ਸੀ. ਪਾਰਟੀ ਦੇ ਸੁਮੀਤ ਚਾਵਲਾ ਵਿਚਾਲੇ ਹੈ। ਬੁਰਰੋਜ਼ ਹਲਕੇ ਤੋਂ ਵੀ ਮੁੱਖ ਮੁਕਾਬਲਾ ਦਿਲਜੀਤਪਾਲ ਬਰਾੜ ਅਤੇ ਪੀ.ਸੀ. ਪਾਰਟੀ ਦੇ ਨਵ ਬਰਾੜ ਵਿਚਕਾਰ ਹੈ। ਫੋਰਟ ਿਰਚਮੰਡ ਹਲਕੇ ਤੋਂ ਪੀ.ਸੀ. ਪਾਰਟੀ ਵੱਲੋਂ ਪਰਮਜੀਤ ਸ਼ਾਹੀ ਉਮੀਦਵਾਰ ਹਨ ਅਤੇ ਪਿਛਲੇ 20 ਸਾਲਾਂ ਤੋਂ ਫੋਰਟ ਰਿਚਮੰਡ ਹਲਕੇ ਵਿਚ ਰਹਿੰਦੇ ਹੋਣ ਕਾਰਨ ਬਾਕੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਸਖ਼ਤ ਟੱਕਰ ਦੇ ਰਹੇ ਹਨ।
ਪੜ੍ਹੋ ਇਹ ਅਹਿਮ ਖ਼ਬਰ-ਟਰੂਡੋ ਦੇ ਭਾਰਤ ਨਾਲ ਚੱਲ ਰਹੇ ਵਿਵਾਦ ਦੌਰਾਨ ਕੈਨੇਡਾ ਦਾ ਸਭ ਤੋਂ ਭਿਆਨਕ ਕਤਲੇਆਮ ਮੁੜ ਸੁਰਖੀਆਂ 'ਚ
ਇਸ ਤੋਂ ਇਲਾਵਾ ਇਹਨਾਂ ਚੋਣਾਂ ਦੌਰਾਨ ਪਹਿਲੀ ਵਾਰ ਆਪਣੀ ਕਿਸਮਤ ਅਜਮਾ ਰਹੇ ਉਮੀਦਵਾਰਾਂ ਵਿਚ ਸੇਂਟ ਬੋਨੀਫੇਸ ਤੋਂ ਪੀ.ਸੀ. ਪਾਰਟੀ ਵੱਲੋਂ ਕਿਰਤਵੀਰ ਕੀਰਤ ਹੇਅਰ, ਮੈਕਵਿਲਿਪਸ ਹਲਕੇ ਤੋਂ ਐੱਨ.ਡੀ.ਪੀ. ਉਮੀਦਵਾਰ ਜਸਦੀਪ 'ਜੇਡੀ' ਦੇਵਗਨ, ਵੇਵਰਲੀ ਹਲਕੇ ਤੋਂ ਗ੍ਰੀਨ ਪਾਰਟੀ ਉਮੀਦਵਾਰ ਮਨਜੀਤ ਕੌਰ ਅਤੇ ਸਾਊਥਡੇਲ ਹਲਕੇ ਤੋਂ ਆਜ਼ਾਦ ਉਮੀਦਵਾਰ ਅਮਰਜੀਤ ਸਿੰਘ ਚੋਣ ਮੈਦਾਨ ਵਿਚ ਹਨ। ਸੂਬੇ ਦੀ 43ਵੀਂ ਵਿਧਾਨ ਸਭਾ ਲਈ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਵਾਰ ਪੰਜਾਬੀ ਵਿਧਾਇਕਾਂ ਦੀ ਗਿਣਤੀ 3 ਜਾਂ 4 ਵੀ ਹੋ ਸਕਦੀ ਹੈ। ਮੌਜੂਦਾ ਵਿਧਾਨ ਸਭਾ ਵਿਚ ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਹੈ ਅਤੇ ਇਸ ਦੀ ਪ੍ਰੀਮੀਅਰ ਹੀਥਰ ਸਟੀਵਨਸਨ ਹੈ, ਜਿਹਨਾਂ ਕੋਲ 35 ਵਿਧਾਇਕਾ ਦੀ ਸਰਬਸੰਮਤੀ ਸੀ। ਐੱਨ.ਡੀ.ਪੀ. ਦੇ 14 ਤੇ ਲਿਬਰਲ ਪਾਰਟੀ ਦੇ 3 ਵਿਧਾਇਕ ਸਨ ਜਦਕਿ ਇਕ ਸੀਟ ਖਾਲੀ ਸੀ ਅਤੇ ਮੈਨੀਟੋਬਾ ਵਿਧਾਨ ਸਭਾ ਵਿਚ ਲਿਬਰਲਾਂ ਕੋਲ ਅਧਿਕਾਰਤ ਪਾਰਟੀ ਦਾ ਦਰਜਾ ਵੀ ਨਹੀਂ ਸੀ। ਐਡਵਾਂਸ ਚੋਣ 30 ਸਤੰਬਰ ਤੱਕ ਹੋਣੀ ਹੈ ਅਤੇ 3 ਅਕਤੂਬਰ ਨੂੰ ਮੁਕੰਮਲ ਚੋਣਾਂ ਹੋ ਕੇ ਦੇਰ ਸ਼ਾਮ ਤੱਕ ਸਾਰੇ ਨਤੀਜੇ ਆ ਜਾਣਗੇ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।