ਚੀਨ ''ਚ ਕੈਨੇਡਾ ਦੇ ਅੰਬੈਸਡਰ ਨੇ ਦਿੱਤਾ ਅਸਤੀਫਾ
Sunday, Jan 27, 2019 - 12:02 PM (IST)
ਓਟਾਵਾ,(ਏਜੰਸੀ)— ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕਿਹਾ ਕਿ ਉਨ੍ਹਾਂ ਨੇ ਚੀਨ ਅਤੇ ਕੈਨੇਡਾ ਵਿਚਕਾਰ ਤਣਾਅ ਵਾਲੇ ਸਬੰਧਾਂ ਨੂੰ ਦੇਖਦੇ ਹੋਏ ਚੀਨ 'ਚ ਆਪਣੇ ਦੇਸ਼ ਦੇ ਅੰਬੈਸਡਰ ਦਾ ਅਸਤੀਫਾ ਲੈ ਲਿਆ ਹੈ। ਟਰੂਡੋ ਨੇ ਸ਼ਨੀਵਾਰ ਨੂੰ ਇਕ ਬਿਆਨ 'ਚ ਕਿਹਾ,''ਬੀਤੀ ਰਾਤ ਮੈਂ ਚੀਨ 'ਚ ਕੈਨੇਡਾ ਦੇ ਰਾਜਦੂਤ (ਅੰਬੈਸਡਰ) ਜਾਨ ਮੈਕਕੁਲਮ ਨੂੰ ਅਸਤੀਫਾ ਦੇਣ ਲਈ ਕਿਹਾ ਸੀ, ਜਿਸ ਦੇ ਬਾਅਦ ਉਨ੍ਹਾਂ ਨੇ ਆਪਣਾ ਅਸਤੀਫਾ ਦੇ ਦਿੱਤਾ ਅਤੇ ਮੈਂ ਇਸ ਨੂੰ ਸਵਿਕਾਰ ਕਰ ਲਿਆ ਹੈ।''
ਟਰੂਡੋ ਨੇ ਮੈਕਕੁਲਮ ਨੂੰ ਉਨ੍ਹਾਂ ਦੀ ਸੇਵਾ ਲਈ ਧੰਨਵਾਦ ਕੀਤਾ ਅਤੇ ਸਪੱਸ਼ਟ ਕੀਤਾ ਕਿ ਅਸਤੀਫੇ ਦੇ ਬਾਅਦ ਬੀਜਿੰਗ 'ਚ ਕੈਨੇਡੀਅਨ ਅੰਬੈਸੀ 'ਚ ਮਿਸ਼ਨ ਉਪ ਮੁਖੀ ਜਿਮ ਨਿਕੇਲ ਚੀਨ 'ਚ ਕੈਨੇਡਾ ਦੇ ਮਾਮਲਿਆਂ ਦੇ ਕਾਰਜ ਸੰਭਾਲਣਗੇ।
ਚੀਨ ਦੀ ਵੱਡੀ ਹਾਈਟੈੱਕ ਕੰਪਨੀ ਹੁਵਈ ਦੀ ਮੁੱਖ ਵਿੱਤੀ ਅਧਿਕਾਰੀ ਮੇਂਗ 'ਤੇ ਈਰਾਨ ਦੇ ਖਿਲਾਫ ਅਮਰੀਕੀ ਰੋਕਾਂ ਦਾ ਉਲੰਘਣ ਕਰਨ ਦਾ ਸ਼ੱਕ ਸੀ ਅਤੇ ਅਮਰੀਕਾ ਦੀ ਅਪੀਲ 'ਤੇ ਵੈਨਕੂਵਰ 'ਚ ਦਸੰਬਰ ਮਹੀਨੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ। ਇਸ ਮਗਰੋਂ ਕੈਨੇਡਾ ਅਤੇ ਚੀਨ ਵਿਚਕਾਰ ਸਬੰਧ ਕਾਫੀ ਵਿਗੜ ਗਏ। ਇਸ ਘਟਨਾ ਮਗਰੋਂ ਚੀਨ ਨੇ ਜਵਾਬੀ ਕਾਰਵਾਈ 'ਚ ਕੈਨੇਡਾ ਦੇ ਦੋ ਨਾਗਰਿਕਾਂ ਨੂੰ ਚੀਨ ਦੀ ਰਾਸ਼ਟਰੀ ਸੁਰੱਖਿਆ ਦਾ ਉਲੰਘਣ ਕਰਨ ਦੇ ਸ਼ੱਕ 'ਚ ਹਿਰਾਸਤ 'ਚ ਲੈ ਲਿਆ। ਚੀਨ ਨੇ ਹਾਲਾਂਕਿ ਇਸ ਕਦਮ ਨੂੰ ਮੇਂਗ ਦੀ ਗ੍ਰਿਫਤਾਰੀ ਨਾਲ ਸਬੰਧਤ ਕਦਮ ਮੰਨਣ ਤੋਂ ਇਨਕਾਰ ਕੀਤਾ ਹੈ।
