ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲੇ ਪੰਜਾਬੀਆਂ ਲਈ ਖੁਸ਼ਖ਼ਬਰੀ, ਸਰਕਾਰ ਨੇ ਕੀਤਾ ਵੱਡਾ ਐਲਾਨ

04/30/2017 1:25:51 AM

ਓਟਾਵਾ— ਵਿਆਹ ਕਰਵਾ ਕੇ ਕੈਨੇਡਾ ਜਾਣ ਵਾਲਿਆਂ ਲਈ ਖੁਸ਼ਖ਼ਬਰੀ ਹੈ। ਕੈਨੇਡਾ ਦੀ ਸੰਘੀ ਸਰਕਾਰ ਨੇ ਸਪਾਂਸਰਸ਼ਿਪ ਰਾਹੀਂ ਮੰਗਵਾਏ ਗਏ ਪਤੀ-ਪਤਨੀ ਦੇ ਦੋ ਸਾਲਾਂ ਤੱਕ ਇਕੱਠੇ ਰਹਿਣ ਦੀ ਸ਼ਰਤ ਨੂੰ ਖਤਮ ਕਰ ਦਿੱਤਾ ਹੈ। ਇਸ ਨਵੇਂ ਐਲਾਨ ਮੁਤਾਬਕ ਹੁਣ ਕੈਨੇਡਾ ਦੀ ਪਰਮਾਨੈਂਟ ਰੈਜ਼ੀਡੈਂਸੀ (ਪੀ. ਆਰ.) ਹਾਸਲ ਕਰਨ ਲਈ ਪਤੀ-ਪਤਨੀ ਨੂੰ ਦੋ ਸਾਲਾਂ ਤੱਕ ਉਸ ਰਿਸ਼ਤੇ ਵਿਚ ਬਣੇ ਰਹਿਣ ਦੀ ਸ਼ਰਤ ਨੂੰ ਪੂਰਾ ਨਹੀਂ ਕਰਨਾ ਪਵੇਗਾ। ਇਸ ਦਾ ਮਕਸਦ ਅਜਿਹੇ ਰਿਸ਼ਤਿਆਂ ਵਿਚ ਹਿੰਸਾ ਅਤੇ ਲੜਾਈ-ਝਗੜੇ ਦਾ ਸ਼ਿਕਾਰ ਹੋ ਰਹੇ ਲੋਕਾਂ ਨੂੰ ਬਚਾਉਣਾ ਹੈ ਤਾਂ ਜੋ ਪੀ. ਆਰ. ਦੇ ਲਾਲਚ ਵਿਚ ਉਹ ਇਸ ਰਿਸ਼ਤੇ ਨੂੰ ਨਿਭਾਉਣ ਲਈ ਮਜ਼ਬੂਰ ਨਾ ਹੋਣ। 
ਇਹ ਨਵਾਂ ਐਲਾਨ ਸਪਾਂਸਰ ਕੀਤੇ ਗਏ ਨਵੇਂ ਪਤੀ-ਪਤਨੀ ਜਾਂ ਫਿਰ ਉਨ੍ਹਾਂ ਪੁਰਾਣੇ ਲੋਕਾਂ ਲਈ ਲਾਗੂ ਹੋਵੇਗਾ, ਜਿਨ੍ਹਾਂ ਨੂੰ ਇਸ ਦੀ ਲੋੜ ਹੈ। ਅਕਤੂਬਰ, 2012 ਵਿਚ ਪਿਛਲੀ ਕੰਜ਼ਰਵੇਟਿਵ ਸਰਕਾਰ ਨੇ ਫਰਜ਼ੀ ਵਿਆਹ ਕਰਵਾ ਕੇ ਕੈਨੇਡਾ ਆਉਣ ਵਾਲੇ ਲੋਕਾਂ ਨੂੰ ਰੋਕਣ ਲਈ ਇਸ ਸ਼ਰਤ ਨੂੰ ਲਾਗੂ ਕੀਤਾ ਸੀ। ਮੌਜੂਦਾ ਸਰਕਾਰ ਦਾ ਕਹਿਣਾ ਹੈ ਕਿ ਇਹ ਸਹੀ ਹੈ ਕਿ ਕੁਝ ਲੋਕ ਕੈਨੇਡਾ ''ਚ ਪੱਕੇ ਹੋਣ ਲਈ ਫਰਜ਼ੀ ਵਿਆਹਾਂ ਦਾ ਸਹਾਰਾ ਲੈਂਦੇ ਹਨ ਪਰ ਜ਼ਿਆਦਾਤਰ ਰਿਸ਼ਤੇ ਅਸਲੀ ਹੁੰਦੇ ਹਨ ਅਤੇ ਬਾਕੀਆਂ ਕਰਕੇ ਉਨ੍ਹਾਂ ਨੂੰ ਵੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਹ ਲੋਕ ਪੀ. ਆਰ. ਖੁੱਸ ਜਾਣ ਦੇ ਡਰ ਕਾਰਨ ਦੋ ਸਾਲਾਂ ਤੱਕ ਲੜਾਈ-ਝਗੜਿਆਂ ਅਤੇ ਹਿੰਸਾ ਕਾਰਨ ਇਕੱਠੇ ਰਹਿੰਦੇ ਹਨ। ਜਦੋਂ ਕਿ ਅਜਿਹਾ ਕੀਤੇ ਜਾਣ ਦੀ ਲੋੜ ਨਹੀਂ ਹੈ। 
ਇੱਥੇ ਦੱਸ ਦੇਈਏ ਕਿ ਵੱਡੀ ਗਿਣਤੀ ਵਿਚ ਪੰਜਾਬੀ ਕੈਨੇਡਾ ਜਾਣ ਲਈ ਵਿਆਹਾਂ ਦਾ ਸਹਾਰਾ ਲੈਂਦੇ ਹਨ। ਅਜਿਹੇ ਕਈ ਮਾਮਲੇ ਵੀ ਸਾਹਮਣੇ ਆਏ ਹਨ, ਜਿਨ੍ਹਾਂ ਵਿਚ ਇਧਰੋਂ ਵਿਆਹ ਕਰਵਾ ਕੇ ਕੈਨੇਡਾ ਗਈਆਂ ਕੁੜੀਆਂ ਨੂੰ ਸਹੁਰਿਆਂ ਅਤੇ ਪਤੀ ਦੀ ਕੁੱਟ-ਮਾਰ ਦਾ ਸ਼ਿਕਾਰ ਤੱਕ ਹੋਣਾ ਪਿਆ ਪਰ ਪੀ. ਆਰ. ਖੁੱਸ ਜਾਣ ਦੇ ਡਰ ਕਰਕੇ ਉਹ ਕੁਝ ਨਹੀਂ ਕਰ ਸਕੀਆਂ।

Kulvinder Mahi

News Editor

Related News