ਕੈਨੇਡਾ : ਹਰਦੀਪ ਨਿੱਝਰ ਦੇ ਸਾਥੀ ਘਰ ਗੋਲੀਬਾਰੀ ਮਾਮਲੇ 'ਚ 2 ਨੌਜਵਾਨ ਗ੍ਰਿਫ਼ਤਾਰ

Friday, Feb 09, 2024 - 03:31 PM (IST)

ਕੈਨੇਡਾ : ਹਰਦੀਪ ਨਿੱਝਰ ਦੇ ਸਾਥੀ ਘਰ ਗੋਲੀਬਾਰੀ ਮਾਮਲੇ 'ਚ 2 ਨੌਜਵਾਨ ਗ੍ਰਿਫ਼ਤਾਰ

ਸਰੀ- ਕੈਨੇਡਾ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਇੱਥੇ ਬੀ.ਸੀ. ਵਿਚ ਹਰਦੀਪ ਸਿੰਘ ਨਿੱਝਰ ਨਾਲ ਸਬੰਧਤ ਸਿੱਖ ਕਾਰਕੁਨ ਦੇ ਸਾਊਥ ਸਰੀ ਦੇ ਘਰ 'ਤੇ ਗੋਲੀ ਚਲਾਉਣ ਦੀ ਘਟਨਾ ਦੇ ਸਬੰਧ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰੀ ਪੁਲਸ ਨੇ ਦੱਸਿਆ ਕਿ 16-16 ਸਾਲ ਦੇ ਅੱਲ੍ਹੜਾਂ ਕੋਲੋਂ ਤਿੰਨ ਹਥਿਆਰ ਅਤੇ ਕਈ ਕਿਸਮ ਦਾ ਇਲੈਕਟ੍ਰਾਨਿਕ ਸਾਜ਼ੋ-ਸਾਮਾਨ ਬਰਾਮਦ ਕੀਤਾ ਗਿਆ। ਹਰਦੀਪ ਸਿੰਘ ਨਿੱਝਰ ਦੇ ਦੋਸਤ ਸਿਮਰਨਜੀਤ ਸਿੰਘ ਦੇ ਘਰ 'ਤੇ ਪਹਿਲੀ ਫਰਵਰੀ ਨੂੰ ਹੋਏ ਹਮਲੇ ਮਗਰੋਂ ਭਾਈਚਾਰੇ ਵਿਚ ਡਰ ਦਾ ਮਾਹੌਲ ਸੀ।

ਪੁਲਸ ਨੇ ਜ਼ਬਤ ਕੀਤੇ 3 ਹਥਿਆਰ ਅਤੇ ਇਲੈਕਟ੍ਰਾਨਿਕ ਵਸਤਾਂ 

ਕੈਨੇਡੀਅਨ ਪੁਲਸ ਦੇ ਸੀਰੀਅਸ ਕ੍ਰਾਈਮ ਦਸਤੇ ਵੱਲੋਂ 6 ਫਰਵਰੀ ਨੂੰ ਸਰੀ ਦੀ 140 ਸਟ੍ਰੀਟ ਦੇ 7700 ਬਲਾਕ ਵਿਚਲੇ ਇਕ ਘਰ ’ਤੇ ਛਾਪਾ ਮਾਰਿਆ ਗਿਆ ਜਿਥੇ ਪੁਲਸ ਨੂੰ ਤਿੰਨ ਹਥਿਆਰ ਅਤੇ ਇਲੈਕਟ੍ਰਾਨਿਕ ਸਾਜ਼ੋ ਸਾਮਾਨ ਮਿਲਿਆ। ਦੋਹਾਂ ਅੱਲ੍ਹੜਾਂ ਨੂੰ ਲਾਪਰਵਾਹੀ ਨਾਲ ਅਤੇ ਜਾਣ ਬੁੱਝ ਕੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਪਰ ਫਿਲਹਾਲ ਦੋਹਾਂ ਨੂੰ ਬਗੈਰ ਦੋਸ਼ ਲਾਏ ਰਿਹਾਅ ਕੀਤਾ ਜਾ ਚੁੱਕਾ ਹੈ। ਜਾਂਚਕਰਤਾਵਾਂ ਵੱਲੋਂ ਵਧੇਰੇ ਜਾਣਕਾਰੀ ਇਕੱਤਰ ਕੀਤੀ ਜਾ ਰਹੀ ਹੈ ਅਤੇ ਗਵਾਹਾਂ ਦੇ ਬਿਆਨ ਦਰਜ ਕਰਦਿਆਂ ਗੋਲੀਬਾਰੀ ਦਾ ਮਕਸਦ ਪਤਾ ਕਰਨ ਦੇ ਯਤਨ ਕੀਤੇ ਜਾ ਰਹੇ ਹਨ।

ਪੜ੍ਹੋ ਇਹ ਅਹਿਮ ਖ਼ਬਰ-ਕੈਨੇਡਾ 'ਚ ਦੋ ਵਾਹਨਾਂ ਦੀ ਜ਼ਬਰਦਸਤ ਟੱਕਰ, ਤਿੰਨ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਦਰਦਨਾਕ ਮੌਤ

ਪੁਲਸ ਕਰ ਰਹੀ ਜਾਂਚ

ਸਰੀ ਪੁਲਸ ਦੀ ਤਰਜਮਾਨ ਕਾਰਪੋਰਲ ਸਰਬਜੀਤ ਕੌਰ ਸੰਘਾ ਨੇ ਕਿਹਾ ਕਿ ਫਿਲਹਾਲ ਗੋਲੀਬਾਰੀ ਦਾ ਮਕਸਦ ਪਤਾ ਕਰਨਾ ਸਭ ਤੋਂ ਅਹਿਮ ਹੈ। ਇਲੈਕਟ੍ਰਾਨਿਕ ਵਸਤਾਂ ਵਿਚ ਮੌਜੂਦ ਜਾਣਕਾਰੀ ਦੀ ਘੋਖ ਕੀਤੀ ਜਾ ਰਹੀ ਹੈ ਅਤੇ ਕ੍ਰਾਊਨ ਪ੍ਰੌਸੀਕਿਊਟਰਜ਼ ਦੀ ਸਿਫਾਰਸ਼ ਮਗਰੋਂ ਦੋਹਾਂ ਅੱਲ੍ਹੜਾਂ ਵਿਰੁੱਧ ਦੋਸ਼ ਆਇਦ ਕੀਤੇ ਜਾਣਗੇ। ਬੀ ਸੀ ਦੇ ਸਿੱਖ ਭਾਈਚਾਰੇ ਨੇ ਜ਼ਾਹਰ ਕੀਤਾ ਹੈ ਕਿ ਨਿੱਝਰ ਦੇ ਕਤਲ ਤੋਂ ਬਾਅਦ ਉਹ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News