ਕੈਨੇਡਾ ''ਚ ਵਧੀ ਰੁਜ਼ਗਾਰ ਦੀ ਰਫ਼ਤਾਰ, ਇੰਨੇ ਲੋਕਾਂ ਨੂੰ ਮਿਲੀ ਨੌਕਰੀ
Saturday, Nov 07, 2020 - 05:53 PM (IST)
ਟੋਰਾਂਟੋ- ਸਰਕਾਰੀ ਅੰਕੜਿਆਂ ਅਨੁਸਾਰ ਕੈਨੇਡਾ ਦੀ ਬੇਰੁਜ਼ਗਾਰੀ ਦੀ ਦਰ ਸਤੰਬਰ ਦੀ 9 ਫੀਸਦੀ ਤੋਂ ਘਟ ਕੇ ਅਕਤੂਬਰ ਮਹੀਨੇ 8.9 ਫੀਸਦੀ ਹੋ ਗਈ। ਸਟੈਟਿਕਸ ਕੈਨੇਡਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਅਕਤੂਬਰ ਵਿਚ 84 ਹਜ਼ਾਰ ਨੌਕਰੀਆਂ ਵਧੀਆਂ ਅਤੇ ਮਈ ਤੋਂ ਹਰ ਮਹੀਨੇ ਇਸ ਵਿਚ ਲਗਭਗ 2.7 ਫੀਸਦੀ ਦਾ ਵਾਧਾ ਹੁੰਦਾ ਰਿਹਾ।
ਕਈ ਉਦਯੋਗਾਂ ਵਿਚ ਰੁਜ਼ਗਾਰ ਵਧਿਆ ਹੈ ਹਾਲਾਂਕਿ ਫੂਡ ਸਰਵਿਸ ਨਾਲ ਜੁੜੀਆਂ ਸੇਵਾਵਾਂ ਵਿਚ ਨੌਕਰੀਆਂ ਦੀ ਕਾਫੀ ਕਮੀ ਆਈ ਹੈ।
ਜ਼ਿਕਰਯੋਗ ਹੈ ਕਿ ਮਈ ਮਹੀਨੇ ਕੋਰੋਨਾ ਵਾਇਰਸ ਦੇ ਮਾਮਲੇ ਵਧਣ ਕਾਰਨ ਲਗਭਗ 5.5 ਮਿਲੀਅਨ ਕਾਮਿਆਂ ਦੇ ਰੁਜ਼ਗਾਰ ਖੁੱਸ ਗਏ ਸਨ। ਕਈ ਥਾਵਾਂ 'ਤੇ ਨੌਕਰੀ ਦੀ ਕਮੀ ਕਾਰਨ ਤੇ ਕਈ ਥਾਵਾਂ 'ਤੇ ਕਾਮਿਆਂ ਦੀ ਕਮੀ ਕਾਰਨ ਅਰਥ ਵਿਵਸਥਾ ਨੂੰ ਭਾਰੀ ਧੱਕਾ ਲੱਗਾ।
ਹਾਲਾਂਕਿ ਅਜੇ ਵੀ ਬਹੁਤ ਸਾਰੇ ਲੋਕ ਕੋਰੋਨਾ ਵਾਇਰਸ ਫੈਲਣ ਤੋਂ ਪਹਿਲਾਂ ਵਾਂਗ ਲੰਬੇ ਸਮੇਂ ਤੱਕ ਕੰਮ ਨਹੀਂ ਕਰ ਰਹੇ ਸਨ ਪਰ ਅਕਤੂਬਰ ਮਹੀਨੇ ਤੋਂ 69,000 ਪੂਰੇ ਸਮੇਂ ਵਾਲੀਆਂ ਨੌਕਰੀਆਂ ਵਿਚ ਵਾਧਾ ਹੋਇਆ ਹੈ, ਇਸ ਦੇ ਇਲਾਵਾ ਜਿਹੜੇ ਲੋਕ ਪਾਰਟ ਟਾਈਮ ਵਰਚੁਅਲ ਕੰਮ ਕਰਦੇ ਸਨ, ਉਸ ਵਿਚ ਕੋਈ ਬਦਲਾਅ ਨਹੀਂ ਆਇਆ। ਜੇਕਰ ਸਾਲ ਦੇ ਹਿਸਾਬ ਨਾਲ ਅੰਕੜਿਆਂ ਨੂੰ ਦੇਖਿਆ ਜਾਵੇ ਤਾਂ ਪੂਰਾ ਸਮਾਂ ਨੌਕਰੀ ਕਰਨ ਵਾਲਿਆਂ ਵਿਚ 3.1 ਫੀਸਦੀ ਤੇ ਪਾਰਟ ਟਾਈਮ ਕੰਮ ਕਰਨ ਵਾਲਿਆਂ ਵਿਚ 3.4 ਫੀਸਦੀ ਦੀ ਕਮੀ ਦੇਖਣ ਨੂੰ ਮਿਲੀ ਹੈ। ਲੋਕਾਂ ਨੇ ਆਨਲਾਈਨ ਕੰਮ ਨੂੰ ਤਵੱਜੋ ਦੇਣੀ ਸ਼ੁਰੂ ਕਰ ਦਿੱਤੀ ਹੈ।