ਅਮਰੀਕਾ ਨਾਲ ਕੁੜੱਤਣ ਤੇ ਚੀਨ ਨਾਲ ਦੋਸਤੀ ! ਕੈਨੇਡਾ ਦੀ ਵਿਦੇਸ਼ ਨੀਤੀ ਨੇ ਲਿਆਂਦਾ ਵੱਡਾ ਭੂਚਾਲ
Tuesday, Jan 20, 2026 - 09:47 AM (IST)
ਓਟਾਵਾ (ਇੰਟ.)- ਦੁਨੀਆ ਦੀ ਸਿਆਸਤ ’ਚ ਇਕ ਅਜਿਹਾ ਦੌਰ ਸ਼ੁਰੂ ਹੋ ਚੁੱਕਾ ਹੈ, ਜਿੱਥੇ ਪੁਰਾਣੇ ਦੋਸਤ ਭਰੋਸੇਮੰਦ ਨਹੀਂ ਰਹੇ ਅਤੇ ਪੁਰਾਣੇ ਵਿਰੋਧੀ ਅਚਾਨਕ ਫਾਇਦੇਮੰਦ ਦਿਖਣ ਲੱਗੇ ਹਨ। ਇਸ ਉਥਲ-ਪੁਥਲ ਦੀ ਸਭ ਤੋਂ ਵੱਡੀ ਮਿਸਾਲ ਬਣ ਕੇ ਕੈਨੇਡਾ ਉੱਭਰਿਆ ਹੈ। ਦਹਾਕਿਆਂ ਤੱਕ ਅਮਰੀਕਾ ਦਾ ਪਰਛਾਵਾਂ ਬਣ ਕੇ ਚੱਲਣ ਵਾਲਾ ਕੈਨੇਡਾ ਹੁਣ ਆਪਣੇ ਲਈ ਵੱਖਰਾ ਰਸਤਾ ਲੱਭਦਾ ਦਿਖਾਈ ਦੇ ਰਿਹਾ ਹੈ। ਚੀਨ ਨਾਲ ਟੈਰਿਫ ਡੀਲ, ਵਪਾਰਕ ਨਜ਼ਦੀਕੀਆਂ ਅਤੇ ‘ਰਣਨੀਤਕ ਸਾਂਝੇਦਾਰੀ’ ਵਰਗੇ ਸ਼ਬਦ ਇਸ ਗੱਲ ਦੇ ਸੰਕੇਤ ਹਨ ਕਿ ਓਟਾਵਾ ਹੁਣ ਵਾਸ਼ਿੰਗਟਨ ਦੀ ਹਰ ਲਾਈਨ ’ਤੇ ਚੱਲਣ ਲਈ ਤਿਆਰ ਨਹੀਂ। ਮਾਮਲੇ ਨਾਲ ਜੁੜੇ ਜਾਣਕਾਰ ਕਹਿੰਦੇ ਹਨ ਕਿ ਕੈਨੇਡਾ ਦਾ ਇਹ ਰੁਖ਼ ਕੋਈ ਭਾਵਨਾਤਮਕ ਜਾਂ ਵਿਚਾਰਧਾਰਕ ਬਦਲਾਅ ਨਹੀਂ, ਸਗੋਂ ਠੰਢੀ ਗਣਨਾ ਅਤੇ ਮਜਬੂਰੀ ’ਚੋਂ ਪੈਦਾ ਹੋਇਆ ਫੈਸਲਾ ਹੈ। ਕੈਨੇਡਾ ਦੇ ਇਸ ਕਦਮ ਨੇ ਦੁਨੀਆ ਭਰ ਦੇ ਦੇਸ਼ਾਂ ’ਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ।
ਇਹ ਵੀ ਪੜ੍ਹੋ: SA; ਵਿਦਿਆਰਥੀਆਂ ਨਾਲ ਭਰੀ ਸਕੂਲ ਬੱਸ ਨਾਲ ਵਾਪਰਿਆ ਭਿਆਨਕ ਹਾਦਸਾ, ਬੁੱਝ ਗਏ 13 ਘਰਾਂ ਦੇ ਚਿਰਾਗ
ਆਖ਼ਰ ਕੈਨੇਡਾ ਨੂੰ ਕਿਉਂ ਬਦਲਣਾ ਪਿਆ ਰਸਤਾ?
ਅਮਰੀਕਾ ਦੀਆਂ ਨੀਤੀਆਂ ਨੇ ਜਿਸ ਭਰੋਸੇ ਨੂੰ ਤੋੜਿਆ ਹੈ, ਉਸੇ ਖਾਲੀ ਥਾਂ ’ਚ ਚੀਨ ਨੇ ਆਰਥਿਕ ਮੌਕਿਆਂ ਨਾਲ ਕਦਮ ਰੱਖਿਆ ਹੈ। ਨਤੀਜਾ ਇਹ ਹੈ ਕਿ ਕੈਨੇਡਾ ਹੁਣ ਸੁਰੱਖਿਆ ਨਾਲੋਂ ਆਰਥਿਕਤਾ ਅਤੇ ਸਥਿਰਤਾ ਨੂੰ ਤਰਜੀਹ ਦਿੰਦਾ ਨਜ਼ਰ ਆ ਰਿਹਾ ਹੈ। ਇਸ ਤੋਂ ਇਲਾਵਾ ਅਮਰੀਕਾ ਤੋਂ ਦੂਰੀ ਦੀ ਵੱਡੀ ਵਜ੍ਹਾ ਇਹ ਵੀ ਹੈ ਕਿ ਡੋਨਾਲਡ ਟਰੰਪ ਦੇ ਦੂਜੇ ਕਾਰਜਕਾਲ ਵਿਚ ਅਮਰੀਕਾ ਨੇ ਸਹਿਯੋਗੀਆਂ ਨੂੰ ਦੋਸਤ ਨਹੀਂ, ਸਗੋਂ ਅਧੀਨ ਸਮਝਣਾ ਸ਼ੁਰੂ ਕਰ ਦਿੱਤਾ। ਕੈਨੇਡਾ ਨੂੰ ‘51ਵਾਂ ਸੂਬਾ’ ਕਹਿਣ ਵਰਗੇ ਬਿਆਨ, ਮਨਮਾਨੇ ਟੈਰਿਫ ਅਤੇ ਬਿਨਾਂ ਸਲਾਹ-ਮਸ਼ਵਰੇ ਦੇ ਲਏ ਗਏ ਫੈਸਲਿਆਂ ਨੇ ਕੈਨੇਡਾ ਨੂੰ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਕੀ ਅਮਰੀਕਾ ਹੁਣ ਵੀ ਭਰੋਸੇਮੰਦ ਸਾਥੀ ਹੈ।
ਟੈਰਿਫ ਦੀ ਮਾਰ, ਆਰਥਿਕਤਾ ’ਤੇ ਸਿੱਧਾ ਅਸਰ
ਅਮਰੀਕੀ ਟੈਰਿਫ ਨੀਤੀਆਂ ਦਾ ਸਭ ਤੋਂ ਡੂੰਘਾ ਅਸਰ ਕੈਨੇਡਾ ਵਰਗੇ ਐਕਸਪੋਰਟ ਨਿਰਭਰ ਦੇਸ਼ ’ਤੇ ਪਿਆ ਹੈ। ਸਟੀਲ, ਐਲੂਮੀਨੀਅਮ ਅਤੇ ਆਟੋ ਸੈਕਟਰ ਵਿਚ ਹੋਏ ਨੁਕਸਾਨ ਨੇ ਇਹ ਸਾਫ਼ ਕਰ ਦਿੱਤਾ ਕਿ ਸਿਰਫ਼ ਸੁਰੱਖਿਆ ਸਾਂਝੇਦਾਰੀ ਪੇਟ ਨਹੀਂ ਭਰਦੀ। ਅਜਿਹੇ ਵਿਚ ਚੀਨ ਵਰਗੇ ਵੱਡੇ ਬਾਜ਼ਾਰ ਨੂੰ ਨਜ਼ਰਅੰਦਾਜ਼ ਕਰਨਾ ਕੈਨੇਡਾ ਲਈ ਸੰਭਵ ਨਹੀਂ ਰਿਹਾ। ਜਿੱਥੇ ਅਮਰੀਕਾ ਦਬਾਅ, ਚਿਤਾਵਨੀ ਅਤੇ ਪਾਬੰਦੀਆਂ ਦੀ ਭਾਸ਼ਾ ਬੋਲਦਾ ਹੈ, ਉੱਥੇ ਚੀਨ ਬਾਜ਼ਾਰ, ਨਿਵੇਸ਼ ਅਤੇ ਟੈਰਿਫ ਰਾਹਤ ਦੀ ਪੇਸ਼ਕਸ਼ ਕਰਦਾ ਹੈ। ਚੀਨੀ ਇਲੈਕਟ੍ਰਿਕ ਵਾਹਨਾਂ ’ਤੇ ਟੈਰਿਫ ਘਟਾਉਣਾ ਅਤੇ ਬਦਲੇ ’ਚ ਕੈਨੋਲਾ ਤੇ ਸੀ-ਫੂਡ ’ਤੇ ਰਾਹਤ ਲੈਣਾ ਕੈਨੇਡਾ ਲਈ ਸਿੱਧਾ-ਸਿੱਧਾ ਫਾਇਦੇ ਦਾ ਸੌਦਾ ਸੀ।
ਇਹ ਵੀ ਪੜ੍ਹੋ: Pak; ਘਰੇਲੂ ਕਲੇਸ਼ 'ਚ ਬੰਦੇ ਨੇ ਪੂਰੇ ਟੱਬਰ 'ਤੇ ਵਰ੍ਹਾ 'ਤਾ ਗੋਲੀਆਂ ਦਾ ਮੀਂਹ, ਨਹੀਂ ਛੱਡਿਆ ਕੋਈ ਵੀ
ਦੁਨੀਆ ਜਿਸੇ ਤਰ੍ਹਾਂ ਦੀ ਹੈ, ਉਸੇ ਤਰ੍ਹਾਂ ਹੀ ਸਵੀਕਾਰ ਕਰੋ’
ਪ੍ਰਧਾਨ ਮੰਤਰੀ ਮਾਰਕ ਕਾਰਨੀ ਦੀ ‘ਦੁਨੀਆ ਜਿਸ ਤਰ੍ਹਾਂ ਦੀ ਹੈ, ਉੇਸੇ ਤਰ੍ਹਾਂ ਸਵੀਕਾਰ ਕਰੋ’ ਨੀਤੀ ਦਰਅਸਲ ਨਵੀਂ ਗਲੋਬਲ ਸੋਚ ਦਾ ਨਾਅਰਾ ਬਣ ਗਈ ਹੈ। ਹੁਣ ਦੇਸ਼ ਇਹ ਨਹੀਂ ਦੇਖਦੇ ਕਿ ਕੌਣ ਲੋਕਤੰਤਰੀ ਹੈ ਅਤੇ ਕੌਣ ਨਹੀਂ, ਸਗੋਂ ਇਹ ਦੇਖਦੇ ਹਨ ਕਿ ਕੌਣ ਰੁਜ਼ਗਾਰ ਦਿੰਦਾ ਹੈ, ਕੌਣ ਬਾਜ਼ਾਰ ਖੋਲ੍ਹਦਾ ਹੈ ਅਤੇ ਕੌਣ ਸਥਿਰਤਾ ਦਿੰਦਾ ਹੈ। ਯੂਰਪ, ਕੈਨੇਡਾ ਅਤੇ ਇੱਥੋਂ ਤੱਕ ਕਿ ਏਸ਼ੀਆ ਦੇ ਸਹਿਯੋਗੀ ਵੀ ਹੁਣ ਅਮਰੀਕੀ ਰਣਨੀਤੀ ਤੋਂ ਅਸਹਿਜ ਹਨ।
ਜਦੋਂ ਸਹਿਯੋਗੀ ਆਪਣੇ-ਆਪਣੇ ਹਿੱਤ ਸਾਧਣ ਲੱਗਦੇ ਹਨ, ਤਾਂ ਸੁਭਾਵਿਕ ਹੈ ਕਿ ਅਮਰੀਕੀ ਖੇਮੇ ਵਿਚ ਤਰੇੜਾਂ ਦਿਖਾਈ ਦੇਣ ਲੱਗਣ। ਕੈਨੇਡਾ ਇਕੱਲਾ ਨਹੀਂ ਹੈ। ਭਾਰਤ, ਬ੍ਰਾਜ਼ੀਲ, ਇੰਡੋਨੇਸ਼ੀਆ ਵਰਗੇ ਦੇਸ਼ ਵੀ ਹੁਣ ਇਕ ਧਰੁਵ ਦੀ ਬਜਾਏ ਕਈ ਧਰੁਵਾਂ ਨਾਲ ਰਿਸ਼ਤੇ ਨਿਭਾਅ ਰਹੇ ਹਨ। ਕੈਨੇਡਾ ਦੀ ਚੀਨ ਨਾਲ ਨੇੜਤਾ ਇਸੇ ਗਲੋਬਲ ਬਦਲਾਅ ਦਾ ਹਿੱਸਾ ਹੈ।
ਇਹ ਵੀ ਪੜ੍ਹੋ: ਭਾਰਤ-ਚੀਨ ਜੰਗ ਦੌਰਾਨ ਬਿਹਾਰ ਦੀ ਇਸ ਔਰਤ ਨੇ ਦਾਨ ਕੀਤਾ ਸੀ 600 ਕਿਲੋ ਸੋਨਾ
