ਕੈਨੇਡਾ ''ਚ ਫਲੂ ਕਾਰਨ ਮੌਤਾਂ ਦਾ ਅੰਕੜਾ 120 ਤੋਂ ਪਾਰ, ਡਾਕਟਰਾਂ ਨੇ ਦਿੱਤੀ ਇਹ ਸਲਾਹ
Tuesday, Feb 06, 2018 - 11:38 PM (IST)
ਟੋਰਾਂਟੋ— ਕੈਨੇਡਾ 'ਚ ਫਲੂ ਕਾਰਨ ਲੋਕ ਦਹਿਸ਼ਤ 'ਚ ਹਨ। ਕੈਨੇਡਾ 'ਚ ਫਲੂ ਕਾਰਨ 120 ਤੋਂ ਜ਼ਿਆਦਾ ਮੌਤਾਂ ਹੋ ਚੁੱਕੀਆਂ ਹਨ। ਓਨਟਾਰੀਓ ਦੇ ਲੰਡਨ 'ਚ ਸਭ ਤੋਂ ਜ਼ਿਆਦਾ 19 ਮੌਤਾਂ ਦਰਜ ਕੀਤੀਆਂ ਗਈਆਂ ਹਨ ਜਦਕਿ ਵਾਟਰਲੂ ਰੀਜਨ 'ਚ 9 ਤੇ ਵਿੰਡਸਰ 'ਚ 8 ਲੋਕਾਂ ਦੀ ਮੌਤ ਫਲੂ ਕਾਰਨ ਹੋਣ ਦੀ ਖਬਰ ਮਿਲੀ ਹੈ। ਐਲਬਰਟਾ 'ਚ ਹੁਣ ਤੱਕ 46, ਨੋਵਾ ਸਕੋਸ਼ੀਆ 'ਚ 27 ਤੇ ਮੈਨੀਟੋਬਾ 'ਚ 17 ਲੋਕ ਫਲੂ ਦਾ ਸ਼ਿਕਾਰ ਬਣ ਚੁੱਕੇ ਹਨ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ 'ਚ ਕੈਨੇਡਾ ਤੋਂ ਵੀ ਖਰਾਬ ਹਾਲਾਤ ਹਨ ਤੇ 2009 ਦੇ ਸਵਾਈਨ ਫਲੂ ਵਰਗੀ ਸਥਿਤੀ ਜ਼ਿਆਦਾ ਦੂਰ ਨਹੀਂ ਜਾਪਦੀ ਜਦੋਂ 3.4 ਕਰੋੜ ਲੋਕ ਬਿਮਾਰ ਹੋਏ ਸਨ। ਇਨ੍ਹਾਂ 'ਚੋਂ 7 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ ਸੀ ਜਦਕਿ 56 ਹਜ਼ਾਰ ਲੋਕਾਂ ਦੀ ਇਸ ਕਾਰਨ ਮੌਤ ਹੋ ਗਈ ਸੀ। ਛੂਹਣ ਨਾਲ ਫੈਲਣ ਵਾਲੀਆਂ ਬਿਮਾਰੀਆਂ ਦੇ ਮਾਹਰ ਡਾ. ਬਡੀ ਕਰੀਚ ਨੇ ਦੱਸਿਆ ਕਿ ਫਲੂ ਹੋਣ ਪਿੱਛੋਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਤਾਕਤ ਉਲਟਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਫੈਫੜਿਆਂ 'ਚ ਲੋੜ ਤੋਂ ਜ਼ਿਆਦਾ ਇਮਿਊਨ ਸੈਲ ਬਣਨੇ ਸ਼ੁਰੂ ਹੋ ਜਾਂਦੇ ਹਨ ਨਤੀਜੇ ਵਜ਼ੋਂ ਸਾਹ ਲੈਣ 'ਚ ਤਕਲੀਫ ਤੇ ਨਿਮੋਨੀਏ ਵਰਗੀਆਂ ਸਮੱਸਿਆਵਾਂ ਸਾਹਮਣੇ ਆਉਂਦੀਆਂ ਹਨ।
ਡਾਕਟਰਾਂ ਨੇ ਲੋਕਾਂ ਨੂੰ ਸੂਚੇਤ ਕੀਤਾ ਕਿ ਅਜੇ ਵੀ ਦੇਰ ਨਹੀਂ ਹੋਈ ਤੁਰੰਤ ਇਮਫਲੂਐਜ਼ਾ ਦਾ ਟੀਕਾ ਲਗਵਾਇਆ ਜਾਵੇ। ਇਸ ਵਾਰ ਸਿਰਫ ਕੈਨੇਡਾ ਹੀ ਨਹੀਂ ਸਗੋਂ ਅਮਰੀਕਾ, ਬਰਤਾਨੀਆ ਤੇ ਯੂਰਪੀ ਮੁਲਕਾਂ 'ਚ ਵੀ ਫਲੂ ਦੇ ਜ਼ਿਆਦਾ ਮਾਮਲੇ ਸਾਹਮਣੇ ਆ ਰਹੇ ਹਨ।
