ਕੈਨੇਡਾ ''ਚ ਭਾਰਤੀ ਮੂਲ ਦੀ ਮੰਤਰੀ ਬੀਬੀ ਸਾਹਨੀ ਨੇ ਕਿਸਾਨਾਂ ਦੇ ਹੱਕ ''ਚ ਦਿੱਤਾ ਠੋਕਵਾਂ ਬਿਆਨ
Monday, Dec 21, 2020 - 06:03 PM (IST)
ਨਿਊਯਾਰਕ/ ਕੈਲਗਰੀ (ਰਾਜ ਗੋਗਨਾ): ਕੈਨੇਡਾ ਦੇ ਸੂਬੇ ਅਲਬਰਟਾ ਦੇ ਸ਼ਹਿਰ ਕੈਲਗਰੀ ਤੋਂ ਵਿਧਾਇਕ ਅਤੇ ਜੇਸਨ ਕੈਨੀ ਸਰਕਾਰ ਵਿੱਚ ਮੰਤਰੀ ਬੀਬੀ ਰਾਜਨ ਸਾਹਨੀ ਨੇ ਕਿਸਾਨਾਂ ਦੇ ਹੱਕ ਵਿੱਚ ਨਿੱਤਰਦਿਆਂ ਸੋਸ਼ਲ ਮੀਡੀਆ 'ਤੇ ਆਪਣੇ ਵਿਚਾਰ ਸਾਂਝੇ ਕੀਤੇ ਹਨ। ਜਿਸ ਵਿੱਚ ਉਨ੍ਹਾਂ ਨੇ ਭਾਰਤ ਦੇ ਕਿਸਾਨੀ ਸੰਘਰਸ਼ ਦੀ ਹਮਾਇਤ ਕੀਤੀ ਹੈ।
ਉਹਨਾਂ ਨੇ ਕਿਹਾ ਹੈ ਕਿ ਉਹ ਵੀ ਕਿਸਾਨੀ ਪਰਿਵਾਰ ਨਾਲ ਸਬੰਧਤ ਹਨ ਅਤੇ ਉਹਨਾਂ ਦੇ ਪਿਤਾ ਜੀ ਵੀ ਕਿਸਾਨ ਹੀ ਸਨ। ਉਹ ਕਿਸਾਨਾਂ ਦੇ ਦੁੱਖ ਦਰਦ ਨੂੰ ਬੜੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਨ। ਇਸ ਲਈ ਉਹ ਵੀ ਕਿਸਾਨੀ ਸੰਘਰਸ਼ ਦੇ ਨਾਲ ਹਨ।ਇੱਥੇ ਜ਼ਿਕਰਯੋਗ ਹੈ ਕਿ ਉਹਨਾਂ ਦੀ ਹੀ ਸਰਕਾਰ ਵਿੱਚ ਇੱਕ ਹੋਰ ਮੰਤਰੀ ਪ੍ਰਸ਼ਾਦ ਪਾਂਡਾ ਨੇ ਪਿਛਲੇ ਦਿਨੀਂ ਕਿਸਾਨੀ ਕਾਨੂੰਨਾਂ ਨੂੰ ਸਹੀ ਦੱਸਦਿਆਂ ਕੈਨੇਡਾ ਦੇ ਫੈਡਰਲ ਮੰਤਰੀਆਂ ਤੇ ਵੋਟ ਬੈਂਕ ਦੀ ਰਾਜਨੀਤੀ ਖੇਡਦਿਆਂ ਕਿਸਾਨੀ ਕਾਨੂੰਨਾਂ ਦੇ ਖਿਲਾਫ਼ ਗ਼ਲਤ ਬਿਆਨਬਾਜ਼ੀ ਕਰਨ ਦਾ ਦੋਸ਼ ਲਾਇਆ ਸੀ। ਨਾਲ ਹੀ ਕਿਸਾਨੀ ਕਾਨੂੰਨਾਂ ਨੂੰ ਉਹਨਾਂ ਨੇ ਸਹੀ ਸਾਬਤ ਕੀਤਾ ਸੀ।
ਹੁਣ ਉਹਨਾਂ ਦੀ ਹੀ ਸਰਕਾਰ ਦੀ ਮੰਤਰੀ ਰਾਜਨ ਸਾਹਨੀ ਨੇ ਉਹਨਾਂ ਦੇ ਬਿਲਕੁਲ ਉਲਟ ਸਟੈਂਡ ਲਿਆ ਹੈ। ਇਹ ਸੋਸ਼ਲ ਮੀਡੀਆ ਰਾਹੀਂ ਕੀਤੀ ਗਈ ਬੁਲੰਦ ਆਵਾਜ਼ ਦਾ ਹੀ ਅਸਰ ਹੈ ਕਿ ਉਸੇ ਹੀ ਸਰਕਾਰ ਦੇ ਇੱਕ ਹੋਰ ਮੰਤਰੀ ਦਾ ਕਿਸਾਨਾਂ ਦੇ ਹੱਕ ਵਿੱਚ ਸਿਰਫ ਇੱਕ ਦਿਨ ਵਿੱਚ ਹੀ ਬਿਆਨ ਆ ਗਿਆ ਹੈ।
ਨੋਟ- ਕੈਨੇਡਾ 'ਚ ਭਾਰਤੀ ਮੂਲ ਦੀ ਮੰਤਰੀ ਬੀਬੀ ਸਾਹਨੀ ਨੇ ਕਿਸਾਨਾਂ ਦੇ ਹੱਕ 'ਚ ਦਿੱਤਾ ਠੋਕਵਾਂ ਬਿਆਨ, ਖ਼ਬਰ ਬਾਰੇ ਦੱਸੋ ਆਪਣੀ ਰਾਏ।