ਆਪਣੀ ਇਕ ਪੁਰਾਣੀ ਤਸਵੀਰ ਲਈ ਟਰੂਡੋ ਨੇ ਮੰਗੀ ਮੁਆਫੀ

Thursday, Sep 19, 2019 - 02:03 PM (IST)

ਆਪਣੀ ਇਕ ਪੁਰਾਣੀ ਤਸਵੀਰ ਲਈ ਟਰੂਡੋ ਨੇ ਮੰਗੀ ਮੁਆਫੀ

ਟੋਰਾਂਟੋ (ਏਜੰਸੀ)— ਕੈਨੇਡਾ ਵਿਚ ਆਮ ਚੋਣਾਂ ਲਈ ਪ੍ਰਚਾਰ ਪੂਰੇ ਜ਼ੋਰਾਂ 'ਤੇ ਹੈ। ਇਸ ਵਿਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਕ ਪੁਰਾਣੀ ਤਸਵੀਰ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ। ਬਲੈਕ ਐਂਡ ਵ੍ਹਾਈਟ ਤਸਵੀਰ ਵਿਚ ਟਰੂਡੋ ਕੁਝ ਕੁੜੀਆਂ ਨਾਲ ਕਾਲੇ ਰੰਗ ਦੇ ਮੇਕਅੱਪ ਵਿਚ ਦਿਸ ਰਹੇ ਹਨ। ਤਸਵੀਰ ਨੂੰ ਲੈ ਕੇ ਉਨ੍ਹਾਂ ਨੂੰ ਸੋਸ਼ਲ ਮੀਡੀਆ 'ਤੇ ਟਰੋਲ ਕੀਤਾ ਜਾ ਰਿਹਾ ਹੈ। ਉਨ੍ਹਾਂ 'ਤੇ ਨਸਲੀ ਵਿਤਕਰੇ ਦੇ ਦੋਸ਼ ਲੱਗ ਰਹੇ ਹਨ। ਚੌਣ ਪ੍ਰਚਾਰ ਦੌਰਾਨ ਇਸ ਤਸਵੀਰ ਨਾਲ ਟਰੂਡੋ ਨੂੰ ਨੁਕਸਾਨ ਹੋ ਸਕਦਾ ਹੈ। ਟਰੂਡੋ ਨੇ ਤਸਵੀਰ ਲਈ ਮੁਆਫੀ ਵੀ ਮੰਗੀ ਹੈ ਅਤੇ ਕਿਹਾ ਹੈ ਕਿ ਉਸ ਸਮੇਂ ਉਨ੍ਹਾਂ ਨੂੰ ਨਹੀਂ ਲੱਗਾ ਸੀ ਕਿ ਉਨ੍ਹਾਂ ਨੂੰ ਨਸਲਵਾਦੀ ਵੀ ਮੰਨਿਆ ਜਾ ਸਕਦਾ ਹੈ।

PunjabKesari

ਉਕਤ ਤਸਵੀਰ 2001 ਦੀ ਹੈ, ਜਦੋਂ ਟਰੂਡੋ 29 ਸਾਲ ਦੇ ਸਨ। ਉਸ ਸਮੇਂ ਉਹ ਬ੍ਰਿਟਿਸ਼ ਕੋਲੰਬੀਆ ਦੇ ਇਕ ਪ੍ਰਾਈਵੇਟ ਸਕੂਲ ਵਿਚ ਪੜ੍ਹਾਉਂਦੇ ਸਨ। ਤਸਵੀਰ ਉਸੇ ਸਕੂਲ ਦੇ ਸਾਲਾਨਾ ਸਮਾਰੋਹ ਦੀ ਹੈ। ਤਸਵੀਰ ਵਿਚ ਟਰੂਡੋ ਇਕ ਪੱਗ ਅਤੇ ਰੋਬ ਪਹਿਨੇ ਨਜ਼ਰ ਆ ਰਹੇ ਹਨ। ਉਨ੍ਹਾਂ ਦੇ ਚਿਹਰੇ, ਹੱਥ ਅਤੇ ਗਰਦਨ 'ਤੇ ਬਹੁਤ ਗਾੜ੍ਹਾ ਮੇਕਅੱਪ ਹੈ। ਦੱਸਿਆ ਜਾ ਰਿਹਾ ਹੈ ਕਿ ਉਸ ਸਾਲ ਸਕੂਲ ਦੇ ਸਾਲਾਨਾ ਸਮਾਰੋਹ ਲਈ 'ਅਰੇਬੀਅਨ ਨਾਈਟਸ' ਦਾ ਥੀਮ ਰੱਖਿਆ ਗਿਆ ਸੀ ਅਤੇ ਟਰੂਡੋ 'ਅਲਾਦੀਨ' ਦੇ ਪਹਿਰਾਵੇ ਵਿਚ ਸਨ। ਜ਼ਿਕਰਯੋਗ ਹੈ ਕਿ ਟਰੂਡੋ ਰਾਜਨੀਤੀ ਵਿਚ ਆਉਣ ਤੋਂ ਪਹਿਲਾਂ ਇਕ ਟੀਚਰ ਸਨ।

ਤਸਵੀਰ ਕਾਰਨ ਸੋਸ਼ਲ ਮੀਡੀਆ 'ਤੇ ਆਲੋਚਨਾਵਾਂ ਦੇ ਬਾਅਦ ਟਰੂਡੋ ਨੇ ਮੁਆਫੀ ਮੰਗ ਲਈ ਹੈ। ਉਨ੍ਹਾਂ ਨੇ ਟਾਈਮ ਮੈਗਜ਼ੀਨ ਨੂੰ ਕਿਹਾ,''ਮੈਨੂੰ ਇਸ ਤਰ੍ਹਾਂ ਨਹੀਂ ਕਰਨਾ ਚਾਹੀਦਾ ਸੀ। ਮੈਨੂੰ ਚੰਗੀ ਤਰ੍ਹਾਂ ਪਤਾ ਹੋਣਾ ਚਾਹੀਦਾ ਸੀ ਪਰ ਮੈਨੂੰ ਨਹੀਂ ਪਤਾ ਸੀ। ਮੈਨੂੰ ਅਫਸੋਸ ਹੈ। ਉਸ ਸਮੇਂ ਮੈਨੂੰ ਨਹੀਂ ਪਤਾ ਸੀ ਕਿ ਇਹ ਨਸਲੀ ਹੈ ਪਰ ਹੁਣ ਮੈਂ ਬਿਹਤਰ ਤਰੀਕੇ ਨਾਲ ਜਾਣ ਗਿਆ ਹਾਂ।'' ਜਦੋਂ ਉਨ੍ਹਾਂ ਤੋਂ ਪੁੱਛਿਆ ਗਿਆ ਕੀ ਉਨ੍ਹਾਂ ਨੂੰ ਲੱਗਾਦਾ ਹੈ ਕਿ ਤਸਵੀਰ ਨਸਲਵਾਦੀ ਹੈ ਤਾਂ ਉਨ੍ਹਾਂ ਨੇ ਹਾਂ ਵਿਚ ਜਵਾਬ ਦਿੱਤਾ।


author

Vandana

Content Editor

Related News