ਕੈਨੇਡਾ : ਚੋਣਾਂ ਨੂੰ 4 ਦਿਨ ਬਾਕੀ, ਸਿਆਸੀ ਆਗੂਆਂ ਦੀਆਂ ਧੜਕਣਾਂ ਹੋਈਆਂ ਤੇਜ਼

10/16/2019 11:54:10 PM

ਟੋਰਾਂਟੋ - ਕੈਨੇਡਾ 'ਚ ਹੋਣ ਵਾਲੀਆਂ ਚੋਣਾਂ ਨੂੰ ਜਿੱਥੇ 4 ਦਿਨ ਰਹਿ ਗਏ ਹਨ ਉਥੇ ਹੀ ਸਿਆਸੀ ਆਗੂਆਂ ਦੀਆਂ ਦਿਲ ਦੀਆਂ ਧੜਕਣਾਂ ਤੇਜ਼ ਹੁੰਦੀਆਂ ਜਾ ਰਹੀਆਂ ਹਨ। ਪਿਛਲੇ ਮਹੀਨੇ ਤੋਂ ਜਾਰੀ ਚੋਣ ਪ੍ਰਚਾਰ 'ਚ ਸਿਆਸੀ ਆਗੂਆਂ ਵੱਲੋਂ ਵੱਡੇ-ਵੱਡੇ ਵਾਅਦੇ ਕੀਤੇ ਗਏ ਤਾਂ ਜੋ ਲੋਕ ਉਨ੍ਹਾਂ ਨੂੰ ਵੋਟ ਦੇ ਕੇ ਭਾਰੀ ਬਹੁਮਤ ਨਾਲ ਜਿੱਤਾ ਸੱਕਣ। ਲਿਬਰਲ ਪਾਰਟੀ ਦੇ ਆਗੂ ਜਸਟਿਨ ਟਰੂਡੋ ਨੇ ਪਿਛਲੇ 4 ਸਾਲ ਤੋਂ ਪ੍ਰਧਾਨ ਮੰਤਰੀ ਅਹੁਦਾ ਸੰਭਾਲਿਆ, ਜਿਸ ਤੋਂ ਬਾਅਦ ਇਸ ਵਾਰ ਚੋਣਾਂ 'ਚ ਕੈਨੇਡਾ ਵਾਸੀਆਂ ਵੱਲੋਂ ਇਹ ਹੀ ਕਿਆਸ ਲਾਏ ਜਾ ਰਹੇ ਹਨ ਕਿ ਸ਼ਾਇਦ ਟਰੂਡੋ ਦੀ ਜਿੱਤ ਹੋਵੇ।

ਪਿਛਲੇ 4 ਸਾਲਾ ਤੋਂ ਟਰੂਡੋ ਨੇ ਕਈ ਯੋਜਨਾਵਾਂ, ਪਾਲਸੀਆਂ ਅਤੇ ਲੋਕਾਂ ਨੂੰ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕੀਤਾ। ਇਸ ਵਾਰ ਟਰੂਡੋ ਨੇ ਕੈਨੇਡੀਅਨਾਂ ਨੂੰ ਕਾਫੀ ਵਾਅਦੇ ਕੀਤੇ ਹਨ ਜਿਵੇਂ ਮੈਡੀਕਲ ਸਹੂਲਤਾਂ, ਇੰਮੀਗ੍ਰੇਸ਼ਨ ਸਬੰਧੀ, ਟੈਕਸ 'ਚ ਛੋਟ ਅਤੇ ਹੋਰ ਕਈ ਸਹੂਲਤਾਂ ਦੇਣ ਦਾ ਵਾਅਦਾ ਕੀਤਾ ਹੈ। ਹੁਣ ਦੇਖਣਾ ਇਹ ਹੋਵੇਗਾ ਕਿ ਲੋਕ ਟਰੂਡੋ 'ਤੇ ਇਸ ਵਾਰ ਵਿਸ਼ਵਾਸ ਕਰਦੇ ਹਨ ਜਾਂ ਨਹੀਂ। ਕੈਨੇਡਾ 'ਚ ਸਰਵੇਖਣ ਮੁਤਾਬਕ ਕਈ ਵਾਰ ਕੰਜ਼ਰਵੇਟਿਵ ਪਾਰਟੀ ਨੂੰ ਅੱਗੇ ਦਿਖਾਇਆ ਗਿਆ ਅਤੇ ਕਈ ਵਾਰ ਐੱਨ. ਡੀ. ਪੀ. ਦੇ ਆਗੂ ਜਗਮੀਤ ਸਿੰਘ ਨੂੰ ਜਸਟਿਨ ਟਰੂਡੋ ਦਾ ਮੁੱਖ ਵਿਰੋਧੀ ਧਿਰ ਦੱਸਿਆ ਗਿਆ ਪਰ ਇਨ੍ਹਾਂ ਸਭ ਤੋਂ ਪਹਿਲਾਂ ਟਰੂਡੋ ਵੱਲੋਂ ਕੀਤੇ ਕੰਮਾਂ ਕਰਕੇ ਉਨ੍ਹਾਂ ਦੇ ਅਕਸ 'ਚ ਉਤਾਰ-ਚੜਾਅ ਆਏ ਹਨ। ਜਿਵੇਂ ਕਿ ਪਿਛਲੇ ਦਿਨੀਂ ਬਲੈਕ ਫੇਸ ਦੇ ਵਿਵਾਦ 'ਚ ਫੱਸਣ ਮਗਰੋਂ ਉਨ੍ਹਾਂ ਲੋਕਾਂ ਤੋਂ ਮੁਆਫੀ ਮੰਗੀ ਸੀ। ਇੰਮੀਗ੍ਰੇਸ਼ਨ ਸਬੰਧੀ ਫੈਸਲੇ ਲੈ ਕੇ ਕੈਨੇਡਾ 'ਚ ਰਹਿ ਰਹੇ ਪ੍ਰਵਾਸੀ ਲੋਕਾਂ ਨੂੰ ਆਪਣੇ ਵੱੱਲ ਆਕਰਸ਼ਿਤ ਕੀਤਾ।

ਦੱਸ ਦਈਏ ਕਿ ਪਿਛਲੇ ਦਿਨੀਂ ਸਾਹਮਣੇ ਆਈਆਂ ਖਬਰਾਂ ਮੁਤਾਬਕ ਦੂਜੇ ਦੇਸ਼ਾਂ ਦੇ ਲੋਕ ਜਿਹੜੇ ਕਿ ਕੈਨੇਡਾ 'ਚ ਰਹਿ ਰਹੇ ਹਨ ਉਨ੍ਹਾਂ ਦੇ ਪਰਿਵਾਰਕ ਮੈਂਬਰ ਟਰੂਡੋ ਦੇ ਜਿੱਤਣ ਦੀਆਂ ਅਰਦਾਸਾਂ ਕਰ ਰਹੇ ਹਨ ਕਿਉਂਕਿ ਟਰੂਡੋ ਨੇ ਹਮੇਸ਼ਾ ਪ੍ਰਵਾਸੀਆਂ, ਰਫਿਊਜ਼ੀਆਂ ਨੂੰ ਤਰਜੀਹ ਦਿੱਤੀ ਹੈ ਅਤੇ ਹਮੇਸ਼ਾ ਉਨ੍ਹਾਂ ਨੂੰ ਕੈਨੇਡਾ ਆਉਣ ਦਾ ਸੱਦਾ ਦਿੱਤਾ ਹੈ ਪਰ ਸਹੀ ਢੰਗ ਨਾਲ। ਜ਼ਿਕਰਯੋਗ ਹੈ ਕਿ ਜਸਟਿਨ ਟਰੂਡੋ ਇਕ ਅਜਿਹੇ ਸ਼ਖਸ ਹਨ ਜਿਨਾਂ ਨੇ ਕਾਮਾਗਾਟਾਮਾਰੂ ਦੀ ਘਟਨਾ 'ਤੇ ਮੁਆਫੀ ਮੰਗ ਕੇ ਪੰਜਾਬੀਆਂ 'ਚ ਆਪਣੀ ਵੱਖਰੀ ਪਛਾਣ ਕਾਇਮ ਕੀਤੀ।


Khushdeep Jassi

Content Editor

Related News