ਕੰਬੋਡੀਆ-ਥਾਈਲੈਂਡ ਸੰਘਰਸ਼ ਚੌਥੇ ਦਿਨ ਵੀ ਜਾਰੀ, ਲੋਕ ਕਰ ਰਹੇ ਪਲਾਇਨ

Sunday, Jul 27, 2025 - 09:37 AM (IST)

ਕੰਬੋਡੀਆ-ਥਾਈਲੈਂਡ ਸੰਘਰਸ਼ ਚੌਥੇ ਦਿਨ ਵੀ ਜਾਰੀ, ਲੋਕ ਕਰ ਰਹੇ ਪਲਾਇਨ

ਇੰਟਰਨੈਸ਼ਨਲ ਡੈਸਕ- ਥਾਈਲੈਂਡ ਅਤੇ ਕੰਬੋਡੀਆ ਵਿਚਾਲੇ ਟਕਰਾਅ ਚੌਥੇ ਦਿਨ ਮਤਲਬ ਐਤਵਾਰ ਨੂੰ ਵੀ ਜਾਰੀ ਹੈ। ਜੰਗਬੰਦੀ ਦੀਆਂ ਅਪੀਲਾਂ ਦੇ ਬਾਵਜੂਦ ਦੋਵਾਂ ਦੇਸ਼ਾਂ ਨੇ ਇੱਕ ਦੂਜੇ 'ਤੇ ਭਾਰੀ ਗੋਲਾਬਾਰੀ ਕੀਤੀ, ਜਿਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਹੁਣ 33 ਹੋ ਗਈ ਹੈ, ਜਦੋਂ ਕਿ ਸਰਹੱਦੀ ਖੇਤਰਾਂ ਵਿੱਚ 168,000 ਤੋਂ ਵੱਧ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਐਤਵਾਰ ਸਵੇਰ ਤੋਂ ਹੀ ਸੀਮਾ ਖੇਤਰ ਵਿਚ ਤੋਪਾਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਹਨ। ਨਿਊਜ਼ ਏਜੰਸੀ ਏ.ਐਫ.ਪੀ ਅਨੁਸਾਰ ਐਤਵਾਰ ਸਵੇਰੇ ਸਰਹੱਦ 'ਤੇ ਟਕਰਾਅ ਸ਼ੁਰੂ ਹੋਇਆ। ਕੰਬੋਡੀਆ ਦੇ ਸਮਰੋਂਗ ਸ਼ਹਿਰ ਵਿੱਚ ਤੋਪਾਂ ਦੀ ਲਗਾਤਾਰ ਆਵਾਜ਼ ਲੋਕਾਂ ਵਿੱਚ ਦਹਿਸ਼ਤ ਦਾ ਕਾਰਨ ਬਣ ਰਹੀ ਹੈ। ਇਹ ਸ਼ਹਿਰ ਸਰਹੱਦ ਤੋਂ ਲਗਭਗ 20 ਕਿਲੋਮੀਟਰ ਦੂਰ ਸਥਿਤ ਹੈ, ਫਿਰ ਵੀ ਧਮਾਕਿਆਂ ਦੀ ਆਵਾਜ਼ ਉੱਥੇ ਪਹੁੰਚ ਰਹੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਸਰਹੱਦ 'ਤੇ ਸਥਿਤੀ ਕਿੰਨੀ ਤਣਾਅਪੂਰਨ ਹੈ।

ਇਹ ਝੜਪਾਂ ਅਜਿਹੇ ਸਮੇਂ ਹੋ ਰਹੀਆਂ ਹਨ ਜਦੋਂ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਦੀਆਂ ਸੰਭਾਵਨਾਵਾਂ ਨੂੰ ਲੈ ਕੇ ਕੂਟਨੀਤਕ ਯਤਨ ਤੇਜ਼ ਹੋ ਗਏ ਹਨ। ਹਾਲਾਂਕਿ ਐਤਵਾਰ ਸਵੇਰੇ ਹੋਈ ਗੋਲੀਬਾਰੀ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜ਼ਮੀਨੀ ਸਥਿਤੀ ਅਜੇ ਵੀ ਬਹੁਤ ਨਾਜ਼ੁਕ ਬਣੀ ਹੋਈ ਹੈ। ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਸਰਹੱਦੀ ਵਿਵਾਦ ਸਾਲਾਂ ਤੋਂ ਚੱਲ ਰਿਹਾ ਹੈ। ਇਹ ਵਿਵਾਦ ਮੁੱਖ ਤੌਰ 'ਤੇ ਉਨ੍ਹਾਂ ਖੇਤਰਾਂ ਬਾਰੇ ਹੈ ਜਿੱਥੇ ਇਤਿਹਾਸਕ ਮੰਦਰ ਸਥਿਤ ਹਨ। ਦੋਵੇਂ ਦੇਸ਼ ਇਨ੍ਹਾਂ ਥਾਵਾਂ 'ਤੇ ਦਾਅਵਾ ਕਰਦੇ ਹਨ। ਦਰਅਸਲ ਦੋਵਾਂ ਦੇਸ਼ਾਂ ਵਿਚਾਲੇ 817 ਕਿਲੋਮੀਟਰ ਲੰਬੀ ਸਰਹੱਦ ਰੇਖਾ ਨੂੰ ਲੈਕੇ ਵਿਵਾਦ ਹੈ। ਖਾਸ ਕਰਕੇ ਯੂਨੇਸਕੋ ਦੁਆਰਾ ਵਿਸ਼ਵ ਵਿਰਾਸਤ ਸਥਾਨ ਘੋਸ਼ਿਤ 'ਪ੍ਰੇਹ ਵਿਹਾਰ' ਮੰਦਿਰ ਨੂੰ ਲੈ ਕੇ ਬਹੁਤ ਤਣਾਅ ਰਿਹਾ ਹੈ। 1962 ਵਿਚ ਅੰਤਰਰਾਸ਼ਟਰੀ ਅਦਾਲਤ ਨੇ ਇਹ ਮੰਦਰ ਕੰਬੋਡੀਆ ਨੂੰ ਸੌਂਪ ਦਿੱਤਾ ਸੀ ਪਰ ਥਾਈਲੈਂਡ ਨੇ ਉਸ ਫ਼ੈਸਲੇ ਨੂੰ ਪੂਰੀ ਤਰ੍ਹਾਂ ਸਵੀਕਾਰ ਨਹੀਂ ਕੀਤਾ।

ਪੜ੍ਹੋ ਇਹ ਅਹਿਮ ਖ਼ਬਰ-ਥਾਈਲੈਂਡ-ਕੰਬੋਡੀਆ ਵਿਚਕਾਰ ਝੜਪ ਜਾਰੀ, ਭਾਰਤੀ ਦੂਤਘਰ ਨੇ ਐਡਵਾਇਜ਼ਰੀ ਕੀਤੀ ਜਾਰੀ

ਉੱਧਰ ਭਾਰਤ ਨੇ ਕਿਹਾ ਹੈ ਕਿ ਉਹ ਸਥਿਤੀ 'ਤੇ ਨਜ਼ਰ ਰੱਖ ਰਿਹਾ ਹੈ। ਭਾਰਤੀ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ, "ਭਾਰਤ ਦੇ ਦੋਵਾਂ ਦੇਸ਼ਾਂ ਨਾਲ ਦੋਸਤਾਨਾ ਸਬੰਧ ਹਨ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਥਾਈਲੈਂਡ ਅਤੇ ਕੰਬੋਡੀਆ ਵਿਚਕਾਰ ਲੜਾਈ ਖਤਮ ਹੋਵੇ ਅਤੇ ਤਣਾਅ ਘੱਟ ਹੋਵੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਨੂੰ ਗੱਲਬਾਤ ਰਾਹੀਂ ਆਪਣੇ ਮਤਭੇਦ ਹੱਲ ਕਰਨੇ ਚਾਹੀਦੇ ਹਨ। ਇਸ ਦੌਰਾਨ ਥਾਈਲੈਂਡ ਤੋਂ ਬਾਅਦ ਕੰਬੋਡੀਆ ਵਿੱਚ ਭਾਰਤੀ ਦੂਤਘਰ ਨੇ ਭਾਰਤੀ ਲੋਕਾਂ ਨੂੰ ਸਰਹੱਦੀ ਖੇਤਰ ਵਿੱਚ ਜਾਣ ਤੋਂ ਬਚਣ ਦੀ ਸਲਾਹ ਦਿੱਤੀ ਹੈ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।


author

Vandana

Content Editor

Related News