ਬੈਲਜੀਅਮ ’ਚ ਸਿੱਖ ਧਰਮ ਨੂੰ ਸਰਕਾਰੀ ਮਾਨਤਾ ਦਿਵਾਉਣ ਲਈ ਦੋ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਹੋਣ ਦਾ ਸੱਦਾ

Monday, Oct 26, 2026 - 09:46 PM (IST)

ਬੈਲਜੀਅਮ ’ਚ ਸਿੱਖ ਧਰਮ ਨੂੰ ਸਰਕਾਰੀ ਮਾਨਤਾ ਦਿਵਾਉਣ ਲਈ ਦੋ ਸਿੱਖ ਜਥੇਬੰਦੀਆਂ ਨੂੰ ਇਕਜੁੱਟ ਹੋਣ ਦਾ ਸੱਦਾ

ਲੰਡਨ/ਬੈਲਜੀਅਮ (ਸਰਬਜੀਤ ਸਿੰਘ ਬਨੂੜ) – ਬੈਲਜੀਅਮ ਵਿੱਚ ਸਿੱਖ ਧਰਮ ਨੂੰ ਵੱਖਰੇ ਅਤੇ ਸੁਤੰਤਰ ਧਰਮ ਵਜੋਂ ਸਰਕਾਰੀ ਮਾਨਤਾ ਦਿਵਾਉਣ ਲਈ ਯਤਨਸ਼ੀਲ ਦੋ ਸਿੱਖ ਜਥੇਬੰਦੀਆਂ ਵਿਚਾਲੇ ਪੈਦਾ ਹੋਏ ਮਤਭੇਦਾਂ ਨੂੰ ਖ਼ਤਮ ਕਰਨ ਲਈ ਸਿੰਟ-ਟਰੂਡਨ ਵਿਖੇ ਸਿੱਖ ਸੰਗਤਾਂ ਦੀ ਅਹਿਮ ਇਕੱਤਰਤਾ ਹੋਈ। ਇਸ ਦੌਰਾਨ ਬੈਲਜੀਅਮ ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ (BNSO) ਅਤੇ ਯੂਰਪੀਅਨ ਸਿੱਖ ਆਰਗੇਨਾਈਜ਼ੇਸ਼ਨ (ESO) ਨੂੰ ਆਪਸੀ ਮਤਭੇਦ ਭੁਲਾ ਕੇ ਸਿੱਖ ਕੌਮ ਦੇ ਸਾਂਝੇ ਹਿੱਤਾਂ ਲਈ ਇੱਕ ਮੰਚ ’ਤੇ ਆਉਣ ਦਾ ਸੱਦਾ ਦਿੱਤਾ ਗਿਆ। ਇਕੱਤਰਤਾ ਦੌਰਾਨ ਸਰਕਾਰੀ ਮਾਨਤਾ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕਥਿਤ ਖਿੱਚੋਤਾਣ ਕਾਰਨ ਦੋਵਾਂ ਜਥੇਬੰਦੀਆਂ ਵਿਚਾਲੇ ਪੈਦਾ ਹੋਏ ਮਤਭੇਦਾਂ ਦਾ ਮੁੱਦਾ ਵੀ ਚਰਚਾ ਵਿੱਚ ਰਿਹਾ।

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਗੁਰਬਾਣੀ ਸ਼ਬਦ ਨਾਲ ਸ਼ੁਰੂ ਹੋਈ ਇਸ ਇਕੱਤਰਤਾ ਦੌਰਾਨ ਸੰਗਤਾਂ ਨੇ ਸਪੱਸ਼ਟ ਕੀਤਾ ਕਿ ਸਿੱਖ ਧਰਮ ਦੀ ਸਰਕਾਰੀ ਮਾਨਤਾ ਕਿਸੇ ਇੱਕ ਜਥੇਬੰਦੀ ਦੀ ਪ੍ਰਾਪਤੀ ਨਹੀਂ, ਸਗੋਂ ਸਮੁੱਚੀ ਸਿੱਖ ਕੌਮ ਦਾ ਸਾਂਝਾ ਮਸਲਾ ਹੈ। ਇਸ ਲਈ ਨਿੱਜੀ ਹਿੱਤਾਂ ਅਤੇ ਆਪਸੀ ਮਤਭੇਦਾਂ ਤੋਂ ਉੱਪਰ ਉੱਠ ਕੇ ਇਕਜੁੱਟ ਹੋਣ ਦੀ ਲੋੜ ਹੈ।

ਦੱਸਿਆ ਗਿਆ ਕਿ ਦੋਵਾਂ ਜਥੇਬੰਦੀਆਂ ਵੱਲੋਂ ਪਹਿਲਾਂ ਭਾਈ ਮਨਜੋਤ ਸਿੰਘ, ਭਾਈ ਗੁਰਦਿਆਲ ਸਿੰਘ ਢਕਾਨਸੂ ਅਤੇ ਭਾਈ ਪ੍ਰਿਥੀਪਾਲ ਸਿੰਘ ਪਟਵਾਰੀ ਨੂੰ ਵਿਚੋਲਗੀ ਰਾਹੀਂ ਮਸਲੇ ਦਾ ਸਥਾਈ ਹੱਲ ਲੱਭਣ ਦੀ ਬੇਨਤੀ ਕੀਤੀ ਗਈ ਸੀ। ਇਸੇ ਸਿਲਸਿਲੇ ਤਹਿਤ ਸੰਗਤਾਂ ਦੀ ਇਕੱਤਰਤਾ ਕਰਵਾਈ ਗਈ।

ਇਸ ਮੌਕੇ ਯੂਰਪੀਅਨ ਸਿੱਖ ਆਰਗੇਨਾਈਜ਼ੇਸ਼ਨ (ESO) ਦੇ ਨੁਮਾਇੰਦੇ ਆਪਣੇ ਦਸਤਾਵੇਜ਼ਾਂ, ਸਪੱਸ਼ਟੀਕਰਨਾਂ ਅਤੇ ਵੱਖ-ਵੱਖ ਗੁਰਦੁਆਰਾ ਸਾਹਿਬਾਨ ਵੱਲੋਂ ਮਿਲੇ ਸਮਰਥਨ ਪੱਤਰਾਂ ਸਮੇਤ ਹਾਜ਼ਰ ਹੋਏ। ਉਨ੍ਹਾਂ ਨੇ ਸੰਗਤ ਵੱਲੋਂ ਉਠਾਏ ਗਏ ਸਵਾਲਾਂ ਦੇ ਜਵਾਬ ਵੀ ਦਿੱਤੇ। ਦੂਜੇ ਪਾਸੇ ਬੈਲਜੀਅਮ ਨੈਸ਼ਨਲ ਸਿੱਖ ਆਰਗੇਨਾਈਜ਼ੇਸ਼ਨ (BNSO) ਦਾ ਕੋਈ ਨੁਮਾਇੰਦਾ ਇਕੱਤਰਤਾ ਵਿੱਚ ਸ਼ਾਮਲ ਨਹੀਂ ਹੋਇਆ। ਦੋ ਘੰਟਿਆਂ ਤੋਂ ਵੱਧ ਚੱਲੀ ਵਿਚਾਰ-ਚਰਚਾ ਵਿੱਚ ਸਿੰਟ-ਟਰੂਡਨ, ਆਲਕਨ, ਲੀਅਜ਼, ਬ੍ਰਸੇਲਜ਼ ਅਤੇ ਗੈਂਟ ਸਮੇਤ ਵੱਖ-ਵੱਖ ਸ਼ਹਿਰਾਂ ਦੀਆਂ ਸੰਗਤਾਂ ਨੇ ਹਿੱਸਾ ਲਿਆ। ਨੌਜਵਾਨਾਂ ਨੇ ਵੀ ਪੰਥਕ ਫ਼ੈਸਲਿਆਂ ਵਿੱਚ ਆਪਣੀ ਪ੍ਰਭਾਵਸ਼ਾਲੀ ਸ਼ਮੂਲੀਅਤ ਯਕੀਨੀ ਬਣਾਉਣ ਦੀ ਮੰਗ ਕੀਤੀ।

ਇਸ ਮੌਕੇ ਕੈਨੇਡਾ ਤੋਂ ਵਿਸ਼ੇਸ਼ ਤੌਰ ’ਤੇ ਪਹੁੰਚੇ ਸਿੱਖ ਫੈਡਰੇਸ਼ਨ ਕੈਨੇਡਾ ਦੇ ਭਾਈ ਮੋਨਿੰਦਰ ਸਿੰਘ ਨੇ ਵੱਖ-ਵੱਖ ਦੇਸ਼ਾਂ ਵਿੱਚ ਸਿੱਖ ਧਰਮ ਦੀ ਸਰਕਾਰੀ ਮਾਨਤਾ ਨਾਲ ਜੁੜੇ ਆਪਣੇ ਤਜਰਬੇ ਸਾਂਝੇ ਕੀਤੇ। ਉਨ੍ਹਾਂ ਨੇ ਮਾਨਤਾ ਪ੍ਰਾਪਤ ਕਰਨ ਦੀ ਕਾਨੂੰਨੀ ਪ੍ਰਕਿਰਿਆ, ਸਾਂਝੀ ਨੁਮਾਇੰਦਗੀ, ਭਵਿੱਖ ਦੀਆਂ ਜ਼ਿੰਮੇਵਾਰੀਆਂ ਅਤੇ ਸੰਭਾਵੀ ਸਰਕਾਰੀ ਸਹਾਇਤਾ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਇਤਿਹਾਸਕ 12 ਸਿੱਖ ਮਿਸਲਾਂ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਵੱਖਰੀ ਅਗਵਾਈ ਹੋਣ ਦੇ ਬਾਵਜੂਦ ਸਾਂਝੇ ਪੰਥਕ ਹਿੱਤਾਂ ਲਈ ਇਕੱਠੇ ਹੋਣ ਦੀ ਪਰੰਪਰਾ ਸਿੱਖ ਇਤਿਹਾਸ ਦਾ ਅਹਿਮ ਹਿੱਸਾ ਰਹੀ ਹੈ।

ਇਕੱਤਰਤਾ ਦੌਰਾਨ ਭਾਰਤੀ ਸੰਵਿਧਾਨ ਦੀ ਧਾਰਾ 25 ਅਤੇ ਹਿੰਦੂ ਮੈਰਿਜ ਐਕਟ 1955 ਦੇ ਸਿੱਖ ਪਛਾਣ ਨਾਲ ਜੁੜੇ ਕਾਨੂੰਨੀ ਪੱਖਾਂ ’ਤੇ ਵੀ ਵਿਚਾਰ-ਵਟਾਂਦਰਾ ਹੋਇਆ। ਬੁਲਾਰਿਆਂ ਨੇ ਕਿਹਾ ਕਿ ਸਿੱਖ ਧਰਮ ਦੀ ਵੱਖਰੀ ਧਾਰਮਿਕ ਹੋਂਦ ਅਤੇ ਪਛਾਣ ਨੂੰ ਕਾਇਮ ਰੱਖਣਾ ਸਮੁੱਚੀ ਕੌਮ ਦੀ ਸਾਂਝੀ ਜ਼ਿੰਮੇਵਾਰੀ ਹੈ। ਬੈਲਜੀਅਮ ਵਿੱਚ ਧਾਰਮਿਕ ਆਜ਼ਾਦੀ ਅਤੇ ਬਰਾਬਰ ਮੌਕਿਆਂ ਦਾ ਲਾਭ ਆਉਣ ਵਾਲੀਆਂ ਪੀੜ੍ਹੀਆਂ ਤੱਕ ਪਹੁੰਚਾਉਣ ਲਈ ਇਕਜੁੱਟਤਾ ਜ਼ਰੂਰੀ ਹੈ।

ਇਕੱਤਰਤਾ ਦੌਰਾਨ ਦੱਸਿਆ ਗਿਆ ਕਿ ਦੋਵਾਂ ਜਥੇਬੰਦੀਆਂ ਵੱਲੋਂ ਸਾਲ 2022 ਵਿੱਚ ਸਾਂਝੇ ਯਤਨ ਸ਼ੁਰੂ ਕੀਤੇ ਗਏ ਸਨ, ਪਰ 2023 ਵਿੱਚ ਆਪਸੀ ਮਤਭੇਦ ਪੈਦਾ ਹੋਣ ਕਾਰਨ ਦੋਵਾਂ ਨੇ ਵੱਖਰੇ ਰਸਤੇ ਅਪਣਾ ਲਏ। ਜੁਲਾਈ 2026 ਵਿੱਚ ਬੈਲਜੀਅਮ ਦੇ ਨਿਆਂ ਵਿਭਾਗ ਵੱਲੋਂ ਦੋਵਾਂ ਜਥੇਬੰਦੀਆਂ ਨੂੰ ਵੱਖਰੇ ਹਵਾਲਾ ਨੰਬਰਾਂ ਨਾਲ ਲਗਭਗ ਇੱਕੋ ਜਿਹੇ ਪੱਤਰ ਭੇਜੇ ਗਏ। ਇਨ੍ਹਾਂ ਵਿੱਚ ਹੋਰ ਤਸਦੀਕਯੋਗ ਜਾਣਕਾਰੀ ਅਤੇ ਨੁਮਾਇੰਦਗੀ ਸਬੰਧੀ ਸਪੱਸ਼ਟਤਾ ਮੰਗੀ ਗਈ ਸੀ। ਇਕੱਤਰਤਾ ਵਿੱਚ ਇਹ ਚਿੰਤਾ ਵੀ ਪ੍ਰਗਟਾਈ ਗਈ ਕਿ ਦੋਵਾਂ ਜਥੇਬੰਦੀਆਂ ਵੱਲੋਂ ਬਿਨਾਂ ਆਪਸੀ ਤਾਲਮੇਲ ਦੇ ਕੀਤੇ ਜਾ ਰਹੇ ਵੱਖਰੇ ਯਤਨਾਂ ਕਾਰਨ ਸਰਕਾਰੀ ਮਾਨਤਾ ਦੀ ਪ੍ਰਕਿਰਿਆ ਵਿੱਚ ਦੇਰੀ ਹੋ ਸਕਦੀ ਹੈ।

ਅੰਤ ਵਿੱਚ ਸੰਗਤਾਂ ਨੇ ਜੈਕਾਰਿਆਂ ਦੀ ਗੂੰਜ ਵਿੱਚ ਦੋਵਾਂ ਜਥੇਬੰਦੀਆਂ ਨੂੰ ਮੁੜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਇੱਕ ਮੰਚ ’ਤੇ ਬਿਠਾਉਣ ਦੇ ਯਤਨਾਂ ਦਾ ਸਮਰਥਨ ਕੀਤਾ। ਸੰਗਤਾਂ ਵੱਲੋਂ ਭਾਈ ਮੋਨਿੰਦਰ ਸਿੰਘ, ਜਰਮਨੀ, ਫਰਾਂਸ, ਇੰਗਲੈਂਡ ਅਤੇ ਕੈਨੇਡਾ ਦੀਆਂ ਸਹਿਯੋਗੀ ਪੰਥਕ ਜਥੇਬੰਦੀਆਂ ਸਮੇਤ ਮੇਜ਼ਬਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਗਿਆ।


author

Inder Prajapati

Content Editor

Related News