ਕੈਲੀਫੋਰਨੀਆ ਦੀ ਜੰਗਲੀ ਅੱਗ ਅਗਲੇ ਹਫਤੇ ਤੱਕ ਹੋ ਸਕਦੀ ਹੈ ਕਾਬੂ

Saturday, Oct 24, 2020 - 11:48 PM (IST)

ਕੈਲੀਫੋਰਨੀਆ ਦੀ ਜੰਗਲੀ ਅੱਗ ਅਗਲੇ ਹਫਤੇ ਤੱਕ ਹੋ ਸਕਦੀ ਹੈ ਕਾਬੂ

ਫਰਿਜ਼ਨੋ, (ਗੁਰਿੰਦਰਜੀਤ ਨੀਟਾ ਮਾਛੀਕੇ)- ਪਿਛਲੇ ਮਹੀਨਿਆਂ ਤੋਂ ਅਮਰੀਕਾ ਦੇ ਕੈਲੀਫੋਰਨੀਆਂ ਵਿਚ ਲੱਗੀ ਅੱਗ ਨੇ ਕਾਫੀ ਨੁਕਸਾਨ ਕਰ ਦਿੱਤਾ ਹੈ। ਅੱਗ ਬੁਝਾਊ ਅਮਲਾ ਜੰਗਲਾਂ ਵਿਚ ਲੱਗੀ ਅੱਗ ਨੂੰ ਬੁਝਾਉਣ ਲਈ ਜੱਦੋ-ਜਹਿਦ ਕਰ ਰਿਹਾ ਹੈ ਪਰ ਹੁਣ ਇਸ ਮਾਮਲੇ ਵਿਚ ਸੁੱਖ ਦਾ ਸਾਹ ਆਉਣ ਦੀ ਉਮੀਦ ਹੈ ਕਿਉਂਕਿ ਇਹ ਕ੍ਰੀਕ ਫਾਇਰ ਸ਼ੁੱਕਰਵਾਰ ਸ਼ਾਮ ਤੱਕ 61 ਫੀਸਦੀ ਕਾਬੂ ਵਿਚ ਆ ਗਈ ਸੀ। 

ਅੱਗ ਬੁਝਾਊ ਵਿਭਾਗ ਦੇ ਅਮਲੇ ਅਨੁਸਾਰ ਅਗਲੇ ਹਫਤੇ ਤੱਕ ਪੂਰੀ ਤਰ੍ਹਾਂ ਅੱਗ ‘ਤੇ ਕਾਬੂ ਪਾਉਣ ਦੀ ਉਮੀਦ ਹੈ। ਸ਼ੁੱਕਰਵਾਰ ਸਵੇਰ ਤੱਕ ਫਰਿਜ਼ਨੋ ਅਤੇ ਮਡੇਰਾ ਦੇ ਪਹਾੜੀ ਇਲਾਕਿਆਂ ਵਿੱਚ ਇਹ 357,656 ਏਕੜ ਤੱਕ ਫੈਲੀ ਸੀ। ਅੱਗ ਦੇ ਕਾਬੂ ਵਾਲਾ ਹਿੱਸਾ ਦੱਖਣ ਜ਼ੋਨ ਅਤੇ ਪੂਰਬੀ ਅਤੇ ਪੱਛਮੀ ਕਿਨਾਰਿਆਂ ਵਿਚ ਹੈ ਜਦਕਿ ਉੱਤਰੀ ਜ਼ੋਨ ਵਿਚ ਸੀਅਰਾ ਵਿਚ ਅੱਗ ਜ਼ਿਆਦਾ ਸਰਗਰਮ ਹੈ।ਸ਼ੁਰੂ ਤੋਂ ਹੀ ਅੱਗ ਬੁਝਾਊ ਅਮਲੇ ਨੇ ਉਨ੍ਹਾਂ ਖੇਤਰਾਂ ਵਿੱਚ ਅੱਗ ਨੂੰ ਬੁਝਾਉਣ ਲਈ ਤਰਜੀਹ ਦਿੱਤੀ ਹੈ ਜਿੱਥੇ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਹਨ। ਇਸ ਸਮੇਂ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਅਤੇ ਰਾਜ ਦਾ ਐਮਰਜੈਂਸੀ ਦਫਤਰ ਇਸ  ਕਾਉਂਟੀ ਨੂੰ ਅੱਗ ਦੇ ਨੁਕਸਾਨ ਤੋਂ ਉੱਭਰਣ  ਵਿੱਚ ਸਹਾਇਤਾ ਕਰ ਰਿਹਾ ਹੈ। ਇਸਦੇ ਨਾਲ ਹੀ ਸੈਂਟਰਲ ਸੀਅਰਾ ਰੈਸਲੈਂਸੀ ਫੰਡ (ਸੀ ਐਸ ਆਰ ਐਫ)  ਫਾਇਰ ਤੋਂ ਪ੍ਰਭਾਵਿਤ ਵਸਨੀਕਾਂ ਨੂੰ ਫੇਮਾ ਦੁਆਰਾ ਦਿੱਤੀ ਜਾ ਰਹੀ ਸਹਾਇਤਾ ਨੂੰ ਬਿਹਤਰ ਢੰਗ ਨਾਲ ਸਮਝਣ ਵਿੱਚ ਸਹਾਇਤਾ ਲਈ ਇੱਕ ਵਰਕਸ਼ਾਪ ਦੀ ਮੇਜ਼ਬਾਨੀ ਵੀ ਕਰ ਰਿਹਾ ਹੈ। ਇਸ ਖੇਤਰ ਦੇ ਨਾਲ ਹੀ ਸੇਕੋਇਆ ਕੰਪਲੈਕਸ ਦੀ ਅੱਗ ਵਿਚ ਵੀ ਰਾਤ ਭਰ ਖਾਸ ਵਾਧਾ ਨਹੀਂ ਹੋਇਆ। ਰਾਸ਼ਟਰੀ ਜੰਗਲਾਤ ਸੇਵਾ ਦੇ ਅਨੁਸਾਰ ਸਵੇਰ ਵੇਲੇ ਅੱਗ ਦੀ ਗਤੀਵਿਧੀ ਘੱਟ ਸੀ। ਇਸ ਰਾਜ ਵਿੱਚ 19 ਅਗਸਤ ਨੂੰ ਬਿਜਲੀ ਨਾਲ ਭੜਕੀ ਅੱਗ ਦੇ 1 ਨਵੰਬਰ ਨੂੰ ਪੂਰੀ ਤਰ੍ਹਾਂ ਕਾਬੂ ਹੋਣ ਦੀ ਉਮੀਦ ਹੈ।


author

Sanjeev

Content Editor

Related News